ਪੰਜਾਬ ਵਿੱਚ ਜਨਤਕ ਆਵਾਜਾਈ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਸੂਬਾ ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਪੇਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (PRTC) ਦੀਆਂ 100 ਨਵੀਆਂ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਸਮਾਗਮ ਪਟਿਆਲਾ ਵਿੱਚ ਆਯੋਜਿਤ ਕੀਤਾ ਗਿਆ, ਜਿੱਥੇ ਵੱਡੀ ਗਿਣਤੀ ਵਿੱਚ ਲੋਕ ਅਤੇ ਅਧਿਕਾਰੀ ਮੌਜੂਦ ਸਨ।
ਮੁੱਖ ਮੰਤਰੀ ਨੇ ਰੈਲੀ ਸਥਾਨ ‘ਤੇ ਪਹੁੰਚਣ ਤੋਂ ਪਹਿਲਾਂ PRTC ਮੁੱਖ ਦਫ਼ਤਰ ਵਿੱਚ ਜਾ ਕੇ ਬੱਸਾਂ ਨੂੰ ਰਵਾਨਾ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮਕਸਦ ਸੂਬੇ ਦੇ ਲੋਕਾਂ ਨੂੰ ਬਿਹਤਰ, ਸਸਤੀ ਅਤੇ ਆਸਾਨ ਆਵਾਜਾਈ ਸਹੂਲਤ ਦੇਣਾ ਹੈ। ਨਵੀਆਂ ਬੱਸਾਂ ਦੇ ਸ਼ਾਮਲ ਹੋਣ ਨਾਲ ਯਾਤਰੀਆਂ ਨੂੰ ਵੱਧ ਸੁਵਿਧਾ ਮਿਲੇਗੀ ਅਤੇ ਦੂਰਦਰਾਜ਼ ਇਲਾਕਿਆਂ ਵਿੱਚ ਵੀ ਆਵਾਜਾਈ ਆਸਾਨ ਹੋਵੇਗੀ।
ਬਿਜਲੀ ਸਪਲਾਈ ਬਾਰੇ ਵੀ ਦਿੱਤਾ ਭਰੋਸਾ
ਇਸ ਮੌਕੇ ਮੁੱਖ ਮੰਤਰੀ ਨੇ ਬਿਜਲੀ ਸਪਲਾਈ ਬਾਰੇ ਵੀ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਸੂਬੇ ਦੇ ਥਰਮਲ ਪਲਾਂਟਾਂ ਵਿੱਚ ਕੋਲੇ ਦਾ ਪੂਰਾ ਭੰਡਾਰ ਮੌਜੂਦ ਹੈ ਅਤੇ ਆਉਣ ਵਾਲੀਆਂ ਗਰਮੀਆਂ ਦੌਰਾਨ ਬਿਜਲੀ ਦੀ ਸਪਲਾਈ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰਹੇਗੀ।
ਰਾਜਨੀਤਿਕ ਟਿੱਪਣੀ ਕਰਦਿਆਂ ਮੁੱਖ ਮੰਤਰੀ ਨੇ ਵਿਰੋਧੀ ਧਿਰ ਦੇ ਆਗੂਆਂ ‘ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਭਾਵੇਂ ਕੁਝ ਲੋਕ ਵੱਡੇ ਸਕੂਲਾਂ ਵਿੱਚ ਪੜ੍ਹੇ ਹੋਣ, ਪਰ ਅਸਲੀ ਪੰਜਾਬੀ ਸੱਭਿਆਚਾਰ ਪਿੰਡਾਂ ਤੋਂ ਹੀ ਸਿੱਖਣ ਨੂੰ ਮਿਲਦਾ ਹੈ। ਉਨ੍ਹਾਂ ਕਿਹਾ ਕਿ ਉਹ ਖੁਦ ਪਿੰਡ ਨਾਲ ਜੁੜੇ ਹਨ ਅਤੇ ਉਥੋਂ ਹੀ ਉਨ੍ਹਾਂ ਨੇ ਆਪਣੀ ਸੱਭਿਆਚਾਰ ਅਤੇ ਮੁੱਲ ਸਿੱਖੇ ਹਨ।
ਜਲਦ ਹੋਰ ਬੱਸਾਂ ਵੀ ਸ਼ਾਮਲ ਹੋਣਗੀਆਂ
ਸਰਕਾਰ ਦੀ ਯੋਜਨਾ ਅਨੁਸਾਰ ਪਨਬੱਸ ਦੇ ਬੇੜੇ ਵਿੱਚ ਕੁੱਲ 606 ਬੱਸਾਂ ਸ਼ਾਮਲ ਕੀਤੀਆਂ ਜਾਣਗੀਆਂ। ਇਨ੍ਹਾਂ ਵਿੱਚ 387 ਨਵੀਆਂ ਬੱਸਾਂ ਸਿੱਧੇ ਤੌਰ ‘ਤੇ ਜੋੜੀਆਂ ਜਾਣਗੀਆਂ। ਇਸ ਤੋਂ ਇਲਾਵਾ ਕਿਲੋਮੀਟਰ ਸਕੀਮ ਤਹਿਤ 19 ਵੋਲਵੋ ਬੱਸਾਂ, 100 ਏਅਰ ਕੰਡੀਸ਼ਨਡ ਬੱਸਾਂ ਅਤੇ 100 ਆਮ ਬੱਸਾਂ ਵੀ ਸ਼ਾਮਲ ਕੀਤੀਆਂ ਜਾਣਗੀਆਂ।
ਟਰਾਂਸਪੋਰਟ ਮੰਤਰੀ ਨੇ ਕਿਹਾ ਕਿ PRTC ਅਤੇ ਪਨਬੱਸ ਦੇ ਬੇੜੇ ਵਿੱਚ ਇੱਕ ਹਜ਼ਾਰ ਤੋਂ ਵੱਧ ਨਵੀਆਂ ਅਤੇ ਕਿਲੋਮੀਟਰ ਸਕੀਮ ਵਾਲੀਆਂ ਬੱਸਾਂ ਸ਼ਾਮਲ ਕਰਕੇ ਸੂਬੇ ਦੀ ਆਵਾਜਾਈ ਪ੍ਰਣਾਲੀ ਨੂੰ ਭਵਿੱਖ ਦੀਆਂ ਲੋੜਾਂ ਅਨੁਸਾਰ ਤਿਆਰ ਕੀਤਾ ਜਾ ਰਿਹਾ ਹੈ। ਸਰਕਾਰ ਦਾ ਮੰਨਣਾ ਹੈ ਕਿ ਇਸ ਕਦਮ ਨਾਲ ਨਾ ਸਿਰਫ਼ ਯਾਤਰੀਆਂ ਨੂੰ ਸੁਵਿਧਾ ਮਿਲੇਗੀ, ਸਗੋਂ ਜਨਤਕ ਆਵਾਜਾਈ ਨੂੰ ਵੀ ਉਤਸ਼ਾਹ ਮਿਲੇਗਾ ਅਤੇ ਨਿੱਜੀ ਵਾਹਨਾਂ ‘ਤੇ ਨਿਰਭਰਤਾ ਘਟੇਗੀ।
