ਜਲੰਧਰ PNB ਲੁੱਟਕਾਂਡ ਦਾ ਚੰਦ ਘੰਟਿਆਂ ਵਿਚ ਖੁਲਾਸਾ, ਰਿਟਾਇਰਡ DSP ਦਾ ਬੇਟਾ ਨਿਕਲਿਆ ਮੁੱਖ ਆਰੋਪੀ

ਜਲੰਧਰ ਕਮਿਸ਼ਨਰੇਟ ਪੁਲਿਸ ਨੇ ਖੁਰਲਾ ਕਿੰਗਰਾ ਸਥਿਤ ਪੰਜਾਬ ਨੈਸ਼ਨਲ ਬੈਂਕ ਵਿਚ ਹੋਈ ਲੁੱਟ ਦੀ ਵਾਰਦਾਤ ਨੂੰ ਕੁਝ ਘੰਟਿਆਂ ਵਿਚ ਹੀ ਸੁਲਝਾ ਲਿਆ ਹੈ ਅਤੇ ਇੱਕ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ ਹੈ।

ਆਰੋਪੀ ਦੀ ਪਛਾਣ ਸਿਮਰਨਜੀਤ ਸਿੰਘ ਵਜੋਂ ਹੋਈ ਹੈ, ਜੋ ਰਿਟਾਇਰਡ ਡੀਐੱਸਪੀ ਦਾ ਬੇਟਾ ਹੈ (ਜਿਸਦੀ ਮੌਤ ਹੋ ਚੁੱਕੀ ਹੈ)।

ਪਿਤਾ ਦੀ ਮੌਤ ਤੋਂ ਬਾਅਦ ਸਿਮਰਨਜੀਤ ਨਸ਼ੇ ਵੱਲ ਚਲਾ ਗਿਆ ਸੀ। ਉਸਨੇ ਆਪਣੇ ਸਾਥੀਆਂ ਨਾਲ ਮਿਲ ਕੇ ਨਸ਼ਾ ਵੇਚਣਾ ਵੀ ਸ਼ੁਰੂ ਕਰ ਦਿੱਤਾ ਸੀ ਅਤੇ ਖੁਦ ਵੀ ਨਸ਼ਾ ਕਰਨ ਲੱਗਾ ਸੀ। ਇਸੇ ਲਈ ਉਸਨੇ ਬੈਂਕ ਲੁੱਟਣ ਦੀ ਯੋਜਨਾ ਬਣਾਈ।

ਪੁਲਿਸ ਨੇ ਆਰੋਪੀ ਦੇ ਕਬਜ਼ੇ ਤੋਂ ਵਾਰਦਾਤ ਵਿਚ ਵਰਤੀ ਗਈ ਰਿਵਾਲਵਰ, ਤਿੰਨ ਜੀਵਿਤ ਕਾਰਤੂਸ ਅਤੇ ਲੁੱਟੀ ਗਈ ਨਕਦੀ ਦਾ ਹਿੱਸਾ ਵੀ ਬਰਾਮਦ ਕੀਤਾ ਹੈ। ਇਹ ਪਿਸਤੌਲ ਕਿੱਥੋਂ ਆਇਆ ਅਤੇ ਕਿਸਦਾ ਹੈ, ਇਸਦੀ ਜਾਂਚ ਕੀਤੀ ਜਾ ਰਹੀ ਹੈ।

ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਦੱਸਿਆ ਕਿ 6 ਅਪ੍ਰੈਲ 2026 ਨੂੰ ਦੁਪਹਿਰ ਲਗਭਗ 2:35 ਵਜੇ ਦੋ ਨਕਾਬਪੋਸ਼ ਨੌਜਵਾਨ ਬੈਂਕ ਵਿਚ ਦਾਖਲ ਹੋਏ ਅਤੇ ਹਥਿਆਰ ਦੇ ਬਲ ਤੇ ਲੁੱਟਪਾਟ ਕਰਕੇ ਫਰਾਰ ਹੋ ਗਏ ਸਨ। ਬੈਂਕ ਕਰਮਚਾਰੀ ਵਿਕਰਮ ਭਗਤ ਦੇ ਬਿਆਨ ਤੇ ਥਾਣਾ ਡਿਵੀਜ਼ਨ ਨੰਬਰ 7 ਵਿਚ ਕੇਸ ਨੰਬਰ 65 ਦਰਜ ਕਰ ਜਾਂਚ ਸ਼ੁਰੂ ਕੀਤੀ ਗਈ ਸੀ।

ਜਾਂਚ ਦੌਰਾਨ ਪੁਲਿਸ ਨੇ ਸਿਮਰਨਜੀਤ ਸਿੰਘ ਉਰਫ਼ ਅਮਰੀਕ ਸਿੰਘ, ਨਿਵਾਸੀ ਗ੍ਰੀਨ ਮਾਡਲ ਟਾਊਨ, ਜਲੰਧਰ ਨੂੰ ਗ੍ਰਿਫਤਾਰ ਕਰ ਲਿਆ। ਉਸ ਖਿਲਾਫ ਪਹਿਲਾਂ ਵੀ ਦੋ ਆਪਰਾਧਿਕ ਮਾਮਲੇ ਦਰਜ ਹਨ, ਜਿਨ੍ਹਾਂ ਵਿਚ ਧੋਖਾਧੜੀ ਅਤੇ ਐੱਨਡੀਪੀਐੱਸ ਐਕਟ ਤਹਿਤ ਕੇਸ ਸ਼ਾਮਲ ਹਨ।

ਪੁਲਿਸ ਹੁਣ ਉਸਦੇ ਫਰਾਰ ਸਾਥੀ ਦੀ ਤਲਾਸ਼ ਵਿਚ ਲਗਾਤਾਰ ਛਾਪੇਮਾਰੀ ਕਰ ਰਹੀ ਹੈ।

Leave a Reply

Your email address will not be published. Required fields are marked *