ਲੰਮੇ ਸਮੇਂ ਤੱਕ ਚੱਲੇ ਮੁਸ਼ਕਲ ਤੇ ਖਤਰਨਾਕ ਸਟੰਟਸ ਤੋਂ ਬਾਅਦ ਆਖਿਰਕਾਰ ‘ਖਤਰੋਂ ਕੇ ਖਿਲਾੜੀ-15’ ਨੂੰ ਆਪਣਾ ਜੇਤੂ ਮਿਲ ਗਿਆ ਹੈ। ਰੋਹਿਤ ਸ਼ੈੱਟੀ ਦੇ ਸਟੰਟ ਬੇਸਡ ਰਿਐਲਿਟੀ ਸ਼ੋਅ ਦੇ ਇਸ ਸੀਜ਼ਨ ਵਿੱਚ ਪੁਰਾਣੇ ਤੇ ਨਵੇਂ ਪ੍ਰਤੀਯੋਗੀਆਂ ਵਿਚਾਲੇ ਜ਼ਬਰਦਸਤ ਮੁਕਾਬਲਾ ਦੇਖਣ ਨੂੰ ਮਿਲਿਆ। ਗ੍ਰੈਂਡ ਫਿਨਾਲੇ ਵਿੱਚ ਟੀਵੀ ਐਕਟਰ ਅਵਿਨਾਸ਼ ਮਿਸ਼ਰਾ ਨੇ ਰਿਤਵਿਕ ਧਨਜਾਨੀ ਅਤੇ ਓਰਹਾਨ ਅਵਤਾਰਮਣੀ ਯਾਨੀ ਓਰੀ ਨੂੰ ਪਿੱਛੇ ਛੱਡਦਿਆਂ ਟਰਾਫੀ ਆਪਣੇ ਨਾਂ ਕਰ ਲਈ।
ਅਵਿਨਾਸ਼ ਮਿਸ਼ਰਾ ਨੇ ਟੌਪ-3 ਫਾਈਨਲਿਸਟ ਦੀ ਦੌੜ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਇਹ ਖਿਤਾਬ ਜਿੱਤਿਆ। ਟਰਾਫੀ ਦੇ ਨਾਲ ਉਨ੍ਹਾਂ ਨੂੰ 20 ਲੱਖ ਰੁਪਏ ਦੀ ਨਕਦ ਇਨਾਮੀ ਰਕਮ ਵੀ ਮਿਲੀ ਹੈ। ਇਸ ਤੋਂ ਇਲਾਵਾ ਅਵਿਨਾਸ਼ ਨੂੰ ਯੂਰਪ ਦੀ ਟ੍ਰਿਪ ਅਤੇ ਇੱਕ ਨਵੀਂ ਕਾਰ ਵੀ ਇਨਾਮ ਵਜੋਂ ਦਿੱਤੀ ਗਈ ਹੈ। ਦੱਸਿਆ ਗਿਆ ਹੈ ਕਿ ਇਸ ਸੀਜ਼ਨ ਵਿੱਚ ਹਿੱਸਾ ਲੈਣ ਵਾਲੇ ਹਰ ਪ੍ਰਤੀਯੋਗੀ ਨੂੰ ਇੱਕ ਬਾਈਕ ਵੀ ਦਿੱਤੀ ਗਈ ਸੀ।
ਗ੍ਰੈਂਡ ਫਿਨਾਲੇ ਦੌਰਾਨ ਜਿਵੇਂ ਹੀ ਰੋਹਿਤ ਸ਼ੈੱਟੀ ਨੇ ਅਵਿਨਾਸ਼ ਮਿਸ਼ਰਾ ਨੂੰ ‘ਖਤਰੋਂ ਕੇ ਖਿਲਾੜੀ-15’ ਦਾ ਜੇਤੂ ਐਲਾਨਿਆ, ਉਹ ਭਾਵੁਕ ਹੋ ਗਏ ਅਤੇ ਉਨ੍ਹਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਕਰੀਬ 10 ਸਾਲ ਦੇ ਟੀਵੀ ਕਰੀਅਰ ਵਿੱਚ ਪਹਿਲੀ ਵਾਰ ਕੋਈ ਵੱਡੀ ਟਰਾਫੀ ਜਿੱਤਣ ’ਤੇ ਅਵਿਨਾਸ਼ ਕਾਫੀ ਭਾਵੁਕ ਨਜ਼ਰ ਆਏ।
ਇਸ ਮੌਕੇ ਅਵਿਨਾਸ਼ ਨੇ ਰੋਹਿਤ ਸ਼ੈੱਟੀ ਨਾਲ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਦਿਆਂ ਦੱਸਿਆ ਕਿ ਪਿਛਲੇ 10 ਸਾਲਾਂ ਦੌਰਾਨ ਉਹ ਕਈ ਐਵਾਰਡਸ ਲਈ ਨੋਮੀਨੇਟ ਹੋਏ, ਪਰ ਕਦੇ ਵੀ ਕੋਈ ਵੱਡੀ ਟਰਾਫੀ ਆਪਣੇ ਨਾਂ ਨਹੀਂ ਕਰ ਸਕੇ। ਉਨ੍ਹਾਂ ਲਈ ‘ਖਤਰੋਂ ਕੇ ਖਿਲਾੜੀ-15’ ਦੀ ਇਹ ਜਿੱਤ ਸਿਰਫ਼ ਇੱਕ ਟਰਾਫੀ ਨਹੀਂ, ਸਗੋਂ ਲੰਮੇ ਸਮੇਂ ਦੀ ਮਿਹਨਤ ਦਾ ਨਤੀਜਾ ਵੀ ਹੈ।
