Chandigarh ਵਿੱਚ ਅਗਲੇ ਮਹੀਨੇ ਤੋਂ ਜ਼ਮੀਨਾਂ ਹੋਣਗੀਆਂ ਮਹਿੰਗੀਆਂ: ਕਲੇਕਟਰ ਰੇਟ ਵਿੱਚ 30 ਤੋਂ 60% ਤੱਕ ਵਾਧੇ ਦਾ ਪ੍ਰਸਤਾਵ, 1 ਅਪ੍ਰੈਲ ਤੋਂ ਲਾਗੂ ਕਰਨ ਦੀ ਤਿਆਰੀ

ਚੰਡੀਗੜ੍ਹ ਵਿੱਚ ਇੱਕ ਵਾਰ ਫਿਰ ਪ੍ਰਾਪਰਟੀ ਮਹਿੰਗੀ ਹੋਣ ਜਾ ਰਹੀ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਕਲੇਕਟਰ ਰੇਟ ਵਧਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਡੀਸੀ ਨਿਸ਼ਾਂਤ ਯਾਦਵ ਦੀ ਅਗਵਾਈ ਵਿੱਚ ਮੀਟਿੰਗ ਹੋਈ, ਜਿਸ ਵਿੱਚ ਕਲੇਕਟਰ ਰੇਟਾਂ ਨੂੰ ਸੰਸ਼ੋਧਿਤ ਕਰਨ ਲਈ ਇਕ ਕਮੇਟੀ ਦਾ ਗਠਨ ਕੀਤਾ ਗਿਆ।

ਪ੍ਰਸ਼ਾਸਨ ਵੱਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਅਨੁਸਾਰ ਕਲੇਕਟਰ ਰੇਟ ਵਿੱਚ 30 ਤੋਂ 60 ਫੀਸਦੀ ਤੱਕ ਵਾਧੇ ਦਾ ਪ੍ਰਸਤਾਵ ਤਿਆਰ ਕੀਤਾ ਗਿਆ ਹੈ। ਨਵੇਂ ਪ੍ਰਸਤਾਵਿਤ ਰੇਟਾਂ ਸਬੰਧੀ ਅਗਲੇ ਹਫ਼ਤੇ ਡਰਾਫਟ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ, ਜਿਸ ਰਾਹੀਂ ਆਮ ਲੋਕਾਂ ਤੋਂ ਸੁਝਾਅ ਅਤੇ ਐਤਰਾਜ਼ ਮੰਗੇ ਜਾਣਗੇ।

1 ਅਪ੍ਰੈਲ ਤੋਂ ਲਾਗੂ ਹੋ ਸਕਦੇ ਹਨ ਨਵੇਂ ਰੇਟ

ਪ੍ਰਸ਼ਾਸਨ ਅਨੁਸਾਰ ਲੋਕਾਂ ਤੋਂ ਸੁਝਾਅ ਪ੍ਰਾਪਤ ਕਰਨ ਤੋਂ ਬਾਅਦ ਅੰਤਿਮ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। ਯੋਜਨਾ ਹੈ ਕਿ ਨਵੇਂ ਕਲੇਕਟਰ ਰੇਟ 1 ਅਪ੍ਰੈਲ ਤੋਂ ਲਾਗੂ ਕਰ ਦਿੱਤੇ ਜਾਣ। ਪਿਛਲੇ ਸਾਲ ਵੀ ਕਲੇਕਟਰ ਰੇਟ ਵਧਾਏ ਗਏ ਸਨ। ਇਸ ਤੋਂ ਪਹਿਲਾਂ ਸਾਲ 2021 ਅਤੇ 2017 ਵਿੱਚ ਵੀ ਸੰਸ਼ੋਧਨ ਕੀਤਾ ਗਿਆ ਸੀ।

ਪਿੰਡਾਂ ਵਿੱਚ ਤਿੰਨ ਤੋਂ ਚਾਰ ਗੁਣਾ ਤੱਕ ਵਾਧੇ ਦੀ ਸੰਭਾਵਨਾ

ਸੂਤਰਾਂ ਮੁਤਾਬਕ ਨਵੇਂ ਪ੍ਰਸਤਾਵ ਅਧੀਨ ਪਿੰਡਾਂ ਵਿੱਚ ਖੇਤੀਬਾੜੀ ਜ਼ਮੀਨ ਦੇ ਰੇਟ ਤਿੰਨ ਤੋਂ ਚਾਰ ਗੁਣਾ ਤੱਕ ਵਧ ਸਕਦੇ ਹਨ। ਕਈ ਸੈਕਟਰਾਂ ਵਿੱਚ ਰੇਟ ਡੇਢ ਗੁਣਾ ਤੱਕ ਵਧਾਉਣ ਦੀ ਤਿਆਰੀ ਹੈ। ਕਲੇਕਟਰ ਰੇਟ ਵਧਣ ਨਾਲ ਪ੍ਰਾਪਰਟੀ ਦੀ ਰਜਿਸਟਰੀ ਮਹਿੰਗੀ ਹੋ ਜਾਵੇਗੀ, ਕਿਉਂਕਿ ਸਟੈਂਪ ਡਿਊਟੀ ਅਤੇ ਹੋਰ ਫੀਸਾਂ ਇਨ੍ਹਾਂ ਰੇਟਾਂ ਦੇ ਆਧਾਰ ‘ਤੇ ਤੈਅ ਹੁੰਦੀਆਂ ਹਨ। ਇਸ ਨਾਲ ਰੀਅਲ ਐਸਟੇਟ ਮਾਰਕੀਟ ਅਤੇ ਆਮ ਲੋਕਾਂ ‘ਤੇ ਸਿੱਧਾ ਅਸਰ ਪਵੇਗਾ।

ਇਹ ਵੀ ਸੰਭਾਵਨਾ ਹੈ ਕਿ ਰੇਟ ਵਧਾਉਣ ਦੇ ਪ੍ਰਸਤਾਵ ‘ਤੇ ਕੁਝ ਸੰਗਠਨਾਂ ਅਤੇ ਪ੍ਰਾਪਰਟੀ ਮਾਲਕਾਂ ਵੱਲੋਂ ਵਿਰੋਧ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *