ਸਾੰਸਦ ਮਾਲਵਿੰਦਰ ਸਿੰਘ ਕੰਗ ਨੇ ਸੰਸਦ ਵਿੱਚ ਵਿਆਹ ਤੋਂ ਬਾਅਦ ਵਧਦੇ ਧੋਖੇ ਅਤੇ ਘਰੇਲੂ ਹਿੰਸਾ ਦਾ ਮੁੱਦਾ ਉਠਾਇਆ

ਆਮ ਆਦਮੀ ਪਾਰਟੀ (ਆਪ) ਦੇ ਸਾੰਸਦ ਮਾਲਵਿੰਦਰ ਸਿੰਘ ਕੰਗ ਨੇ ਦੇਸ਼ ਦੀਆਂ ਧੀਆਂ-ਭੈਣਾਂ ਦੀ ਸੁਰੱਖਿਆ ਨੂੰ ਲੈ ਕੇ ਇੱਕ ਬਹੁਤ ਹੀ ਗੰਭੀਰ ਅਤੇ ਸੰਵੇਦਨਸ਼ੀਲ ਮੁੱਦਾ ਉਠਾਇਆ। ਉਨ੍ਹਾਂ ਨੇ ਮੌਜੂਦਾ ਸਮਾਜ ਵਿੱਚ ਵਧ ਰਹੇ ਤਲਾਕ ਦੇ ਮਾਮਲਿਆਂ ਅਤੇ ਘਰੇਲੂ ਹਿੰਸਾ ‘ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕੇਂਦਰ ਸਰਕਾਰ ਤੋਂ ਵਿਆਹ ਸਬੰਧੀ ਕਾਨੂੰਨਾਂ ਵਿੱਚ ਸਖ਼ਤ ਸੁਧਾਰ ਕਰਨ ਦੀ ਮੰਗ ਕੀਤੀ।

 

ਸੰਸਦ ਨੂੰ ਸੰਬੋਧਨ ਕਰਦਿਆਂ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਅੱਜ ਸਾਡੇ ਦੇਸ਼ ਵਿੱਚ ਵਿਆਹ ਟੁੱਟਣ ਅਤੇ ਘਰ ਉਜੜਨ ਦਾ ਸਿਲਸਿਲਾ ਲਗਾਤਾਰ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਮੱਸਿਆ ਸਿਰਫ਼ ਪੰਜਾਬ ਤੱਕ ਸੀਮਤ ਨਹੀਂ ਹੈ, ਸਗੋਂ ਪੂਰੇ ਭਾਰਤ ਦੇ ਪਰਿਵਾਰਾਂ ਨੂੰ ਆਪਣੀ ਲਪੇਟ ਵਿੱਚ ਲੈ ਰਹੀ ਹੈ।

 

ਉਨ੍ਹਾਂ ਨੇ ਸਮਾਜ ਦੇ ਦੋਹਰੇ ਮਾਪਦੰਡਾਂ ‘ਤੇ ਚੋਟ ਕਰਦਿਆਂ ਕਿਹਾ ਕਿ ਅਸੀਂ ਵਿਆਹ ਤੋਂ ਪਹਿਲਾਂ ਲੜਕੀ ਦੀ ਸਿੱਖਿਆ, ਚਰਿੱਤਰ ਅਤੇ ਪਰਿਵਾਰਕ ਪਿਛੋਕੜ ਦੀ ਬਾਰੀਕੀ ਨਾਲ ਜਾਂਚ ਕਰਦੇ ਹਾਂ, ਪਰ ਜਦੋਂ ਗੱਲ ਲੜਕੇ ਦੀ ਆਉਂਦੀ ਹੈ, ਤਾਂ ਅਸੀਂ ਆਪਣੀਆਂ ਅੱਖਾਂ ਬੰਦ ਕਰ ਲੈਂਦੇ ਹਾਂ। ਵਿਆਹ ਤੋਂ ਬਾਅਦ ਲੜਕਿਆਂ ਵਿੱਚ ਸਾਹਮਣੇ ਆਉਣ ਵਾਲਾ ਨਸ਼ਾ, ਗੰਭੀਰ ਬਿਮਾਰੀਆਂ ਅਤੇ ਅਪਰਾਧਿਕ ਰੁਝਾਨ ਅਣਗਿਣਤ ਜ਼ਿੰਦਗੀਆਂ ਨੂੰ ਬਰਬਾਦ ਕਰ ਰਹੇ ਹਨ।

 

ਕੰਗ ਨੇ ਭਾਰਤ ਸਰਕਾਰ ਅਤੇ ਸਾਰੀਆਂ ਰਾਜ ਸਰਕਾਰਾਂ ਨੂੰ ਇਸ ਦਿਸ਼ਾ ਵਿੱਚ ਤੁਰੰਤ ਸਖ਼ਤ ਕਦਮ ਚੁੱਕਣ ਦੀ ਅਪੀਲ ਕੀਤੀ। ਉਨ੍ਹਾਂ ਮੰਗ ਕੀਤੀ ਕਿ ਮੈਰਿਜ ਸਰਟੀਫਿਕੇਟ ਜਾਰੀ ਕਰਨ ਤੋਂ ਪਹਿਲਾਂ ਲੜਕੇ ਦਾ ‘ਡੋਪ ਟੈਸਟ’ ਲਾਜ਼ਮੀ ਕੀਤਾ ਜਾਵੇ। ਵਿਆਹ ਤੋਂ ਪਹਿਲਾਂ ਲੜਕੇ ਲਈ ‘ਮੈਡੀਕਲ ਫਿਟਨੈਸ ਸਰਟੀਫਿਕੇਟ’ ਨੂੰ ਕਾਨੂੰਨੀ ਤੌਰ ‘ਤੇ ਜ਼ਰੂਰੀ ਬਣਾਇਆ ਜਾਵੇ।

 

ਕੰਗ ਨੇ ਕਿਹਾ ਕਿ ਇਹ ਇੱਕ ਛੋਟਾ ਜਿਹਾ ਸੁਧਾਰ ਸਾਡੇ ਦੇਸ਼ ਦੀਆਂ ਔਰਤਾਂ ਲਈ ਇੱਕ ਵੱਡਾ ਸੁਰੱਖਿਆ ਕਵਚ ਸਾਬਤ ਹੋਵੇਗਾ।

Leave a Reply

Your email address will not be published. Required fields are marked *