ਮਿਡਲ ਈਸਟ ਵਿੱਚ ਚੱਲ ਰਹੇ ਤਣਾਅ ਕਾਰਨ ਦੁਨੀਆ ਭਰ ਵਿੱਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਇਸੇ ਦੌਰਾਨ ਈਰਾਨ-ਇਜ਼ਰਾਈਲ ਤਣਾਅ ਨਾਲ ਜੁੜੀਆਂ ਅਫਵਾਹਾਂ ਨੇ ਭਾਰਤ ਦੇ ਕਈ ਰਾਜਾਂ ਵਿੱਚ ਹੜਕੰਪ ਮਚਾ ਦਿੱਤਾ ਹੈ।
ਸੋਸ਼ਲ ਮੀਡੀਆ ‘ਤੇ ਫੈਲ ਰਹੀਆਂ ਖਬਰਾਂ ਅਨੁਸਾਰ ਪੈਟਰੋਲ-ਡੀਜ਼ਲ ਖਤਮ ਹੋਣ ਦੀਆਂ ਅਫਵਾਹਾਂ ਨੇ ਲੋਕਾਂ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ। ਤੇਲੰਗਾਨਾ, ਮੱਧ ਪ੍ਰਦੇਸ਼ ਅਤੇ ਗੁਜਰਾਤ ਦੇ ਕਈ ਸ਼ਹਿਰਾਂ ਵਿੱਚ ਪੈਟਰੋਲ ਪੰਪਾਂ ‘ਤੇ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ।
ਖਾਸ ਕਰਕੇ ਹੈਦਰਾਬਾਦ ਵਿੱਚ ਅਫਵਾਹਾਂ ਨੇ ਹਫੜਾ-ਦਫੜੀ ਮਚਾ ਦਿੱਤੀ, ਜਿੱਥੇ ਹਜ਼ਾਰਾਂ ਵਾਹਨ ਚਾਲਕ ਪੈਟਰੋਲ ਪੰਪਾਂ ‘ਤੇ ਪਹੁੰਚ ਗਏ, ਜਿਸ ਨਾਲ ਟ੍ਰੈਫਿਕ ਜਾਮ ਅਤੇ ਬਹਿਸਾਂ ਦੇ ਮਾਮਲੇ ਵੀ ਸਾਹਮਣੇ ਆਏ।
ਇਸੇ ਤਰ੍ਹਾਂ ਇੰਦੌਰ, ਅਹਿਮਦਾਬਾਦ, ਸੂਰਤ ਅਤੇ ਰਾਜਕੋਟ ਵਿੱਚ ਵੀ ਲੋਕ ਡਰ ਦੇ ਮਾਰੇ ਵੱਡੀ ਮਾਤਰਾ ਵਿੱਚ ਤੇਲ ਖਰੀਦਣ ਲਈ ਪੰਪਾਂ ‘ਤੇ ਪਹੁੰਚ ਗਏ।
ਪੈਨਿਕ ਬਾਇੰਗ ਕਾਰਨ ਕੁਝ ਥਾਵਾਂ ‘ਤੇ ਅਸਥਾਈ ਤੌਰ ‘ਤੇ ਸਟਾਕ ਘਟ ਗਿਆ, ਜਿਸ ਤੋਂ ਬਾਅਦ ਪੰਪਾਂ ਨੂੰ ਸਪਲਾਈ ਰੋਕਣੀ ਪਈ।
ਹਾਲਾਂਕਿ ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਤੇਲ ਦੀ ਕੋਈ ਘਾਟ ਨਹੀਂ ਹੈ ਅਤੇ ਸਪਲਾਈ ਲਗਾਤਾਰ ਜਾਰੀ ਹੈ। ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਫਵਾਹਾਂ ‘ਤੇ ਵਿਸ਼ਵਾਸ ਨਾ ਕੀਤਾ ਜਾਵੇ।
ਇਸਦੇ ਨਾਲ ਹੀ ਪ੍ਰਸ਼ਾਸਨ ਨੇ ਚੇਤਾਵਨੀ ਦਿੱਤੀ ਹੈ ਕਿ ਅਫਵਾਹ ਫੈਲਾਉਣ ਵਾਲਿਆਂ ਅਤੇ ਕਾਲਾਬਾਜ਼ਾਰੀ ਕਰਨ ਵਾਲਿਆਂ ਖ਼ਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।
