ਪੰਜਾਬ ਵਿੱਚ ਕਮਰਸ਼ੀਅਲ ਸਿਲੈਂਡਰਾਂ ਦਾ ਸਿਰਫ਼ 3 ਦਿਨ ਦਾ ਸਟਾਕ ਬਚਿਆ, 10 ਹਜ਼ਾਰ ਵਿਆਹਾਂ ‘ਤੇ ਮੰਡਰਾਇਆ ਸੰਕਟ, ਘਰੇਲੂ ਗੈਸ ਬੁਕਿੰਗ ਵੀ ਪ੍ਰਭਾਵਿਤ – ਵਿਧਾਨ ਸਭਾ ਵਿੱਚ ਹੰਗਾਮਾ

ਮਿਡਲ ਈਸਟ ਵਿੱਚ ਚੱਲ ਰਹੀ ਜੰਗ ਦਾ ਅਸਰ ਹੁਣ ਪੰਜਾਬ ਵਿੱਚ ਵੀ ਦਿਖਾਈ ਦੇਣ ਲੱਗ ਪਿਆ ਹੈ। ਸੂਬੇ ਵਿੱਚ ਐਲਪੀਜੀ ਦੇ ਕਮਰਸ਼ੀਅਲ ਸਿਲੈਂਡਰਾਂ ਦੀ ਸਪਲਾਈ ਲਗਭਗ ਠੱਪ ਹੋ ਗਈ ਹੈ ਅਤੇ ਸਿਰਫ਼ 2 ਤੋਂ 3 ਦਿਨ ਦਾ ਸਟਾਕ ਹੀ ਬਚਿਆ ਹੈ। ਇਸ ਦਾ ਅਸਰ ਹੁਣ ਕਰੀਬ 10 ਹਜ਼ਾਰ ਵਿਆਹਾਂ ‘ਤੇ ਪੈ ਸਕਦਾ ਹੈ ਅਤੇ ਵਿਆਹਾਂ ਦੇ ਖਾਣੇ ਦੀਆਂ ਵੱਖ-ਵੱਖ ਵਰਾਇਟੀਆਂ ਘੱਟ ਹੋਣ ਦੀ ਸੰਭਾਵਨਾ ਹੈ। ਪੰਜਾਬ ਹੋਟਲ ਐਂਡ ਰੈਸਟੋਰੈਂਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਵੀਰ ਸਿੰਘ ਨੇ ਦੱਸਿਆ ਕਿ ਕਮਰਸ਼ੀਅਲ ਸਿਲੈਂਡਰਾਂ ਦੀ ਸਪਲਾਈ ਲਗਭਗ ਪੂਰੀ ਤਰ੍ਹਾਂ ਬੰਦ ਹੋ ਚੁੱਕੀ ਹੈ।

ਜਿਨ੍ਹਾਂ ਲੋਕਾਂ ਦੇ ਘਰਾਂ ਵਿੱਚ ਵਿਆਹ ਜਾਂ ਹੋਰ ਫੰਕਸ਼ਨ ਹਨ, ਉਹਨਾਂ ਨੂੰ ਪਹਿਲਾਂ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇਕਰ ਇੱਕ-ਦੋ ਦਿਨਾਂ ਵਿੱਚ ਕੋਈ ਹੱਲ ਨਾ ਨਿਕਲਿਆ ਤਾਂ ਹਾਲਾਤ ਹੋਰ ਵੀ ਗੰਭੀਰ ਹੋ ਸਕਦੇ ਹਨ। ਇਸ ਮਸਲੇ ‘ਤੇ ਚਰਚਾ ਕਰਨ ਲਈ ਇੱਕ ਮੀਟਿੰਗ ਵੀ ਬੁਲਾਈ ਗਈ ਹੈ। ਇਸ ਵੇਲੇ ਗੈਸ ਏਜੰਸੀਆਂ ਪਹਿਲਾਂ ਪੁਰਾਣੀਆਂ ਬੁਕਿੰਗਾਂ ਨੂੰ ਕਲੀਅਰ ਕਰ ਰਹੀਆਂ ਹਨ, ਜਿਸ ਕਾਰਨ ਲਗਭਗ 7 ਤੋਂ 8 ਦਿਨ ਦੀ ਪੈਂਡੈਂਸੀ ਚੱਲ ਰਹੀ ਹੈ। ਹਾਲਾਂਕਿ ਜ਼ਿਲ੍ਹਾ ਖਾਦ ਸਪਲਾਈ ਅਫਸਰ ਸਰਤਾਜ ਸਿੰਘ ਚੀਮਾ ਦਾ ਕਹਿਣਾ ਹੈ ਕਿ ਘਰੇਲੂ ਸਿਲੈਂਡਰਾਂ ਨੂੰ ਲੈ ਕੇ ਇਸ ਸਮੇਂ ਕੋਈ ਵੱਡੀ ਸਮੱਸਿਆ ਨਹੀਂ ਹੈ।

ਉੱਧਰ ਲੁਧਿਆਣਾ ਅਤੇ ਫਰੀਦਕੋਟ ਵਿੱਚ ਸਰਵਰ ਡਾਊਨ ਹੋਣ ਕਾਰਨ ਘਰੇਲੂ ਸਿਲੈਂਡਰਾਂ ਦੀ ਬੁਕਿੰਗ ਵੀ ਨਹੀਂ ਹੋ ਰਹੀ। ਇਸ ਤੋਂ ਇਲਾਵਾ ਫਰੀਦਕੋਟ, ਹੁਸ਼ਿਆਰਪੁਰ ਅਤੇ ਪਟਿਆਲਾ ਸਮੇਤ ਕਈ ਜ਼ਿਲ੍ਹਿਆਂ ਵਿੱਚ ਸੋਮਵਾਰ ਤੋਂ ਕਮਰਸ਼ੀਅਲ ਸਿਲੈਂਡਰਾਂ ਦੀ ਸਪਲਾਈ ਬੰਦ ਹੈ।

ਦੂਜੇ ਪਾਸੇ ਕਈ ਪਰਿਵਾਰ ਵਿਆਹ ਦੀਆਂ ਤਿਆਰੀਆਂ ਦੌਰਾਨ ਰਿਸ਼ਤੇਦਾਰਾਂ ਅਤੇ ਦੋਸਤਾਂ ਦੀ ਮਦਦ ਨਾਲ ਐਲਪੀਜੀ ਸਿਲੈਂਡਰ ਦਾ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਇਹ ਕਾਫ਼ੀ ਨਹੀਂ ਹੋ ਰਿਹਾ। ਸਹੀ ਸਪਲਾਈ ਨਾ ਹੋਣ ਕਰਕੇ ਪੰਜਾਬ ਵਿੱਚ ਹਜ਼ਾਰਾਂ ਵਿਆਹਾਂ ਦੇ ਮੇਨਿਊ ਘੱਟ ਹੋਣ ਦੀ ਸਥਿਤੀ ਬਣ ਸਕਦੀ ਹੈ।

ਜਲੰਧਰ ਦੀ ਇੱਕ ਗੈਸ ਏਜੰਸੀ ਦੇ ਮਾਲਕ ਨੇ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਘਰੇਲੂ ਸਿਲੈਂਡਰਾਂ ਦਾ ਪੂਰਾ ਸਟਾਕ ਮੌਜੂਦ ਹੈ ਅਤੇ ਲੋਕਾਂ ਨੂੰ ਭੀੜ ਨਹੀਂ ਕਰਨੀ ਚਾਹੀਦੀ। ਸਰਕਾਰ ਨੇ ਘਰੇਲੂ ਸਿਲੈਂਡਰ ਦੀ ਬੁਕਿੰਗ ਲਈ ਸਮਾਂ 1 ਮਹੀਨਾ ਕਰ ਦਿੱਤਾ ਹੈ। ਕਈ ਗਾਹਕ ਇਹ ਸਵਾਲ ਲੈ ਕੇ ਆ ਰਹੇ ਹਨ ਕਿ ਉਹਨਾਂ ਦੇ ਸਿਲੈਂਡਰ ਬੁਕ ਕਿਉਂ ਨਹੀਂ ਹੋ ਰਹੇ। ਉਹਨਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਹੁਣ ਸਿਲੈਂਡਰ ਇੱਕ ਮਹੀਨੇ ਬਾਅਦ ਹੀ ਬੁਕ ਹੋਵੇਗਾ। ਦੂਜੇ ਪਾਸੇ ਕਮਰਸ਼ੀਅਲ ਸਿਲੈਂਡਰਾਂ ਦੀ ਡਿਲਿਵਰੀ ਰੋਕ ਦਿੱਤੀ ਗਈ ਹੈ ਕਿਉਂਕਿ ਪਿੱਛੋਂ ਹੀ ਸਿਲੈਂਡਰ ਨਹੀਂ ਆ ਰਹੇ।

Leave a Reply

Your email address will not be published. Required fields are marked *