ਰਾਘਵ ਚੱਢਾ ਦੱਸਣ, ਜਨਹਿਤ ਦੇ ਮੁੱਦਿਆਂ ‘ਤੇ ਮੋਦੀ ਸਰਕਾਰ ਵਿਰੁੱਧ ਬੋਲਣ ਤੋਂ ਕਿਉਂ ਡਰ ਰਹੇ ਹਨ? – ‘ਆਪ’

ਆਮ ਆਦਮੀ ਪਾਰਟੀ ਨੇ ਰਾਘਵ ਚੱਢਾ ਨੂੰ ਰਾਜ ਸਭਾ ਵਿੱਚ ਉਪ-ਨੇਤਾ ਦੇ ਅਹੁਦੇ ਤੋਂ ਹਟਾਉਣ ਨੂੰ ਇੱਕ ਆਮ ਪਾਰਟੀ ਫੈਸਲਾ ਦੱਸਦਿਆਂ ਕਿਹਾ ਕਿ ਉਹ ਲੰਬੇ ਸਮੇਂ ਤੋਂ ਪਾਰਟੀ ਲਾਈਨ ਦੇ ਉਲਟ ਚੱਲ ਰਹੇ ਸਨ। ਪਾਰਟੀ ਦਾ ਦੋਸ਼ ਹੈ ਕਿ ਰਾਘਵ ਚੱਢਾ ਨੇ ਮੁੱਖ ਚੋਣ ਕਮਿਸ਼ਨਰ ਵਿਰੁੱਧ ਮਹਾਂਦੋਸ਼ ਪ੍ਰਸਤਾਵ ‘ਤੇ ਹਸਤਾਖਰ ਨਹੀਂ ਕੀਤੇ, ਐਲਪੀਜੀ ਸੰਕਟ ‘ਤੇ ਸੰਸਦ ਵਿੱਚ ਬੋਲਣ ਤੋਂ ਇਨਕਾਰ ਕੀਤਾ ਅਤੇ ਕਈ ਵਾਰ ਵਿਰੋਧੀ ਧਿਰ ਦੇ ਵਾਕਆਊਟ ਵਿੱਚ ਵੀ ਸ਼ਾਮਲ ਨਹੀਂ ਹੋਏ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਪਾਰਟੀ ਦਾ ਅੰਦਰੂਨੀ ਫੈਸਲਾ ਹੈ। ਪਾਰਟੀਆਂ ਲੋਕ ਸਭਾ ਅਤੇ ਰਾਜ ਸਭਾ ਵਿੱਚ ਆਪਣੇ ਨੇਤਾ ਅਤੇ ਉਪ-ਨੇਤਾ ਬਦਲਦੀਆਂ ਰਹਿੰਦੀਆਂ ਹਨ। ਉਨ੍ਹਾਂ ਕਿਹਾ ਕਿ ਜੋ ਵੀ ਪਾਰਟੀ ਵਿ੍ਪ ਜਾਂ ਸਮੂਹਿਕ ਫੈਸਲਿਆਂ ਦੇ ਖਿਲਾਫ ਜਾਵੇਗਾ, ਉਸ ‘ਤੇ ਕਾਰਵਾਈ ਹੋਵੇਗੀ।

ਸੰਜੇ ਸਿੰਘ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਸਾਨੂੰ ਨਿਡਰ ਹੋ ਕੇ ਲੜਨਾ ਸਿਖਾਇਆ ਹੈ, ਪਰ ਰਾਘਵ ਚੱਢਾ ਮੋਦੀ ਸਰਕਾਰ ਅਤੇ ਭਾਜਪਾ ਵਿਰੁੱਧ ਬੋਲਣ ਤੋਂ ਡਰ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਰਾਘਵ ਚੱਢਾ ਨੇ ਪੰਜਾਬ, ਗੁਜਰਾਤ ਦੇ ‘ਆਪ’ ਵਰਕਰਾਂ ਅਤੇ ਪੱਛਮੀ ਬੰਗਾਲ ਵਿੱਚ ਚੋਣ ਕਮਿਸ਼ਨ ਦੇ ਮੁੱਦੇ ‘ਤੇ ਵੀ ਚੁੱਪੀ ਸਾਧੀ।

ਦਿੱਲੀ ‘ਆਪ’ ਪ੍ਰਧਾਨ ਸੌਰਭ ਭਾਰਦਵਾਜ ਨੇ ਕਿਹਾ ਕਿ ਸੰਸਦ ਵਿੱਚ ਪਾਰਟੀ ਨੂੰ ਘੱਟ ਸਮਾਂ ਮਿਲਦਾ ਹੈ ਅਤੇ ਉਸ ਸਮੇਂ ਵਿੱਚ ਦੇਸ਼ ਦੇ ਵੱਡੇ ਮੁੱਦੇ ਚੁੱਕਣੇ ਚਾਹੀਦੇ ਹਨ, ਨਾ ਕਿ “ਸੌਫਟ ਪੀਆਰ” ਕਰਨਾ। ਉਨ੍ਹਾਂ ਕਿਹਾ ਕਿ ਰਾਘਵ ਚੱਢਾ ਨੇ ਨਾ ਤਾਂ ਮੋਦੀ ਸਰਕਾਰ ਤੋਂ ਸਵਾਲ ਪੁੱਛੇ ਅਤੇ ਨਾ ਹੀ ਪੰਜਾਬ ਜਾਂ ਪਾਰਟੀ ਵਰਕਰਾਂ ਨਾਲ ਜੁੜੇ ਮੁੱਦੇ ਚੁੱਕੇ।

ਆਤਿਸ਼ੀ ਨੇ ਵੀ ਰਾਘਵ ਚੱਢਾ ‘ਤੇ ਨਿਸ਼ਾਨਾ ਸਾਧਦਿਆਂ ਪੁੱਛਿਆ ਕਿ ਉਹ ਭਾਜਪਾ ਅਤੇ ਮੋਦੀ ਤੋਂ ਇੰਨਾ ਕਿਉਂ ਡਰਦੇ ਹਨ। ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ਵਿੱਚ ਚੋਣ ਕਮਿਸ਼ਨ ਦੀ ਦੁਰਵਰਤੋਂ, ਐਲਪੀਜੀ ਗੈਸ ਸੰਕਟ ਅਤੇ ਲੋਕਤੰਤਰ ‘ਤੇ ਹਮਲਿਆਂ ਦੇ ਮਾਮਲੇ ‘ਤੇ ਵੀ ਰਾਘਵ ਚੱਢਾ ਚੁੱਪ ਰਹੇ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਅਰਵਿੰਦ ਕੇਜਰੀਵਾਲ ਗ੍ਰਿਫਤਾਰ ਹੋਏ, ਉਸ ਸਮੇਂ ਸਾਰੇ ਆਗੂ ਸੜਕਾਂ ‘ਤੇ ਲੜ ਰਹੇ ਸਨ ਪਰ ਰਾਘਵ ਚੱਢਾ ਲੰਡਨ ਵਿੱਚ ਸਨ।

ਅਨੁਰਾਗ ਢਾਂਡਾ ਨੇ ਕਿਹਾ ਕਿ ਕੇਜਰੀਵਾਲ ਦੇ ਸਿਪਾਹੀ ਨਿਡਰਤਾ ਨਾਲ ਲੜਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਰਾਘਵ ਚੱਢਾ ਹੁਣ ਮੋਦੀ ਸਰਕਾਰ ਵਿਰੁੱਧ ਬੋਲਣ ਤੋਂ ਘਬਰਾਉਂਦੇ ਹਨ ਅਤੇ ਦੇਸ਼ ਦੇ ਅਸਲੀ ਮੁੱਦਿਆਂ ਤੋਂ ਦੂਰ ਹੋ ਗਏ ਹਨ।

Leave a Reply

Your email address will not be published. Required fields are marked *