ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਅੱਜ ਦਾ ਦਿਨ ਇੱਕ ਵਾਰ ਫਿਰ ਉਸ ਦਰਦਨਾਕ ਯਾਦ ਨੂੰ ਤਾਜ਼ਾ ਕਰ ਰਿਹਾ ਹੈ, ਜਦੋਂ ਮਹਿਜ਼ 35 ਸਾਲ ਦੀ ਉਮਰ ਵਿੱਚ ਗਾਇਕ ਅਤੇ ਅਦਾਕਾਰ ਰਾਜਵੀਰ ਜਵੰਧਾ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ। ਅੱਜ ਉਨ੍ਹਾਂ ਦੀ ਪਹਿਲੀ ਬਰਸੀ ਹੈ। 8 ਅਕਤੂਬਰ 2025 ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਕਰੀਬ 11 ਦਿਨ ਜ਼ਿੰਦਗੀ ਲਈ ਜੂਝਣ ਤੋਂ ਬਾਅਦ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ। ਹਸਪਤਾਲ ਮੁਤਾਬਕ, ਉਹ ਹਾਦਸੇ ਤੋਂ ਬਾਅਦ ਗੰਭੀਰ ਹਾਲਤ ਵਿੱਚ ਇਲਾਜ ਅਧੀਨ ਸਨ ਅਤੇ ਬਾਅਦ ਵਿੱਚ ਮਲਟੀਪਲ ਆਰਗਨ ਫੇਲਿਅਰ ਕਾਰਨ ਉਨ੍ਹਾਂ ਦੀ ਮੌਤ ਹੋ ਗਈ।
ਰਾਜਵੀਰ ਜਵੰਧਾ ਲੁਧਿਆਣਾ ਦੇ ਜਗਰਾਓਂ ਨੇੜੇ ਪੌਣਾ ਪਿੰਡ ਨਾਲ ਸਬੰਧਤ ਸਨ। ਉਨ੍ਹਾਂ ਦੀ ਪਹਿਲੀ ਬਰਸੀ ਮੌਕੇ ਪਰਿਵਾਰ ਵੱਲੋਂ ਸੋਸ਼ਲ ਮੀਡੀਆ ’ਤੇ ਭਾਵੁਕ ਪੋਸਟ ਸਾਂਝੀ ਕਰਕੇ ਉਨ੍ਹਾਂ ਨੂੰ ਯਾਦ ਕੀਤਾ ਗਿਆ। ਪਰਿਵਾਰ ਨੇ ਇਸ ਦਿਨ ਨੂੰ ਆਪਣੀ ਜ਼ਿੰਦਗੀ ਦਾ ਇੱਕ ਬੇਹੱਦ ਦੁਖਦਾਈ ਦਿਨ ਦੱਸਦਿਆਂ ਰਾਜਵੀਰ ਨੂੰ ਯਾਦ ਕੀਤਾ।
ਦੱਸ ਦੇਈਏ ਕਿ 27 ਸਤੰਬਰ 2025 ਨੂੰ ਰਾਜਵੀਰ ਜਵੰਧਾ ਹਿਮਾਚਲ ਪ੍ਰਦੇਸ਼ ਦੇ ਬੱਦੀ ਨੇੜੇ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋਏ ਸਨ। ਰਿਪੋਰਟਾਂ ਮੁਤਾਬਕ, ਉਨ੍ਹਾਂ ਦੀ ਮੋਟਰਸਾਈਕਲ ਅਚਾਨਕ ਸੜਕ ’ਤੇ ਆਏ ਅਵਾਰਾ ਪਸ਼ੂਆਂ ਨਾਲ ਟਕਰਾ ਗਈ ਸੀ। ਹਾਦਸੇ ਵਿੱਚ ਉਨ੍ਹਾਂ ਦੇ ਸਿਰ ਅਤੇ ਰੀੜ੍ਹ ਦੀ ਹੱਡੀ ’ਤੇ ਗੰਭੀਰ ਸੱਟਾਂ ਲੱਗੀਆਂ, ਜਿਸ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਮੋਹਾਲੀ ਲਿਆਂਦਾ ਗਿਆ।
ਲਗਭਗ 11 ਦਿਨ ਤੱਕ ਉਨ੍ਹਾਂ ਦਾ ਇਲਾਜ ਚੱਲਿਆ ਅਤੇ ਉਹ ਵੈਂਟੀਲੇਟਰ ਸਪੋਰਟ ’ਤੇ ਰਹੇ, ਪਰ ਡਾਕਟਰਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾਂ ਦੀ ਹਾਲਤ ਵਿੱਚ ਸੁਧਾਰ ਨਹੀਂ ਹੋ ਸਕਿਆ। ਆਖ਼ਰਕਾਰ 8 ਅਕਤੂਬਰ ਨੂੰ ਉਨ੍ਹਾਂ ਨੇ ਦਮ ਤੋੜ ਦਿੱਤਾ। ਉਨ੍ਹਾਂ ਦੇ ਦਿਹਾਂਤ ਨਾਲ ਪੰਜਾਬੀ ਮਿਊਜ਼ਿਕ ਅਤੇ ਫਿਲਮ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਗਈ ਸੀ।
ਰਾਜਵੀਰ ਜਵੰਧਾ ਨੇ ਆਪਣੀ ਆਵਾਜ਼ ਨਾਲ ਪੰਜਾਬੀ ਮਿਊਜ਼ਿਕ ਵਿੱਚ ਵੱਖਰੀ ਪਛਾਣ ਬਣਾਈ। ‘ਤੂੰ ਦਿਸ ਪੈਂਦਾ’, ‘ਖੁਸ਼ ਰਿਹਾ ਕਰ’, ‘ਸਰਨੇਮ’, ‘ਆਫਰੀਨ’, ‘ਲੈਂਡਲਾਰਡ’, ‘ਡਾਊਨ ਟੂ ਅਰਥ’ ਅਤੇ ‘ਕੰਗਨੀ’ ਵਰਗੇ ਗੀਤਾਂ ਨੇ ਉਨ੍ਹਾਂ ਨੂੰ ਦਰਸ਼ਕਾਂ ਵਿੱਚ ਖਾਸ ਪਛਾਣ ਦਿਵਾਈ। ਇਸ ਦੇ ਨਾਲ ਹੀ ਉਹ ਅਦਾਕਾਰੀ ਦੇ ਖੇਤਰ ਵਿੱਚ ਵੀ ਸਰਗਰਮ ਰਹੇ ਅਤੇ ‘ਸੂਬੇਦਾਰ ਜੋਗਿੰਦਰ ਸਿੰਘ’, ‘ਜਿੰਦ ਜਾਨ’ ਅਤੇ ‘ਮਿੰਦੋ ਤਸੀਲਦਾਰਨੀ’ ਵਰਗੀਆਂ ਫਿਲਮਾਂ ਵਿੱਚ ਨਜ਼ਰ ਆਏ।
ਅੱਜ ਉਨ੍ਹਾਂ ਦੀ ਪਹਿਲੀ ਬਰਸੀ ਮੌਕੇ ਪਰਿਵਾਰ, ਦੋਸਤ ਅਤੇ ਫੈਨਜ਼ ਰਾਜਵੀਰ ਜਵੰਧਾ ਨੂੰ ਯਾਦ ਕਰ ਰਹੇ ਹਨ। ਉਨ੍ਹਾਂ ਦੀ ਆਵਾਜ਼ ਅਤੇ ਗੀਤ ਅੱਜ ਵੀ ਉਨ੍ਹਾਂ ਨੂੰ ਚਾਹੁਣ ਵਾਲਿਆਂ ਦੀਆਂ ਯਾਦਾਂ ਵਿੱਚ ਜ਼ਿੰਦਾ ਹਨ।
