ਕੀ ਬ੍ਰਿਟੇਨ ਵਿੱਚ ਕੋਈ ਵੱਡਾ ਸੰਕਟ ਆਉਣ ਵਾਲਾ ਹੈ? ਇਹ ਸਵਾਲ ਇਸ ਵੇਲੇ ਚਰਚਾ ਵਿੱਚ ਹੈ, ਕਿਉਂਕਿ ਯੂਕੇ ਸਰਕਾਰ ਨੇ ਲੋਕਾਂ ਨੂੰ ਤਿੰਨ ਦਿਨਾਂ ਦਾ ਖਾਣਾ, ਪਾਣੀ ਅਤੇ ਕੁਝ ਨਕਦੀ ਘਰ ਵਿੱਚ ਰੱਖਣ ਦੀ ਸਲਾਹ ਦਿੱਤੀ ਹੈ। ਹਾਲਾਂਕਿ, ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਇਹ ਕਿਸੇ ਐਮਰਜੈਂਸੀ ਦਾ ਐਲਾਨ ਨਹੀਂ, ਸਗੋਂ ਭਵਿੱਖ ਵਿੱਚ ਆਉਣ ਵਾਲੀਆਂ ਅਣਕਿਆਸੀਆਂ ਸਥਿਤੀਆਂ ਲਈ ਤਿਆਰੀ ਕਰਨ ਦੀ ਮੁਹਿੰਮ ਹੈ।
ਦਰਅਸਲ, ਯੂਕੇ ਸਰਕਾਰ ਨੇ ‘Be Ready’ ਨਾਮ ਦੀ ਇੱਕ ਰਾਸ਼ਟਰੀ ਮੁਹਿੰਮ ਸ਼ੁਰੂ ਕੀਤੀ ਹੈ। ਇਸ ਦਾ ਮਕਸਦ ਲੋਕਾਂ ਨੂੰ ਹੜ੍ਹਾਂ, ਤੇਜ਼ ਤੂਫ਼ਾਨਾਂ, ਜੰਗਲਾਂ ਵਿੱਚ ਅੱਗ ਅਤੇ ਸਾਈਬਰ ਹਮਲਿਆਂ ਵਰਗੀਆਂ ਸਥਿਤੀਆਂ ਲਈ ਤਿਆਰ ਕਰਨਾ ਹੈ। ਅਜਿਹੇ ਹਾਲਾਤ ਵਿੱਚ ਬਿਜਲੀ, ਇੰਟਰਨੈੱਟ ਜਾਂ ਡਿਜੀਟਲ ਭੁਗਤਾਨ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ, ਜਿਸ ਕਾਰਨ ਰੋਜ਼ਾਨਾ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਿੱਚ ਮੁਸ਼ਕਲ ਆ ਸਕਦੀ ਹੈ।
ਇਸ ਮੁਹਿੰਮ ਤਹਿਤ ਲੋਕਾਂ ਨੂੰ ਘਰ ਵਿੱਚ 72 ਘੰਟਿਆਂ ਲਈ ਲੋੜੀਂਦਾ ਸਾਮਾਨ ਰੱਖਣ ਦੀ ਸਲਾਹ ਦਿੱਤੀ ਗਈ ਹੈ। ਇਸ ਵਿੱਚ ਹਰ ਵਿਅਕਤੀ ਲਈ ਲਗਭਗ 9 ਲੀਟਰ ਪਾਣੀ, ਤਿੰਨ ਦਿਨਾਂ ਦਾ ਸੁੱਕਾ ਜਾਂ ਡੱਬਾਬੰਦ ਭੋਜਨ ਅਤੇ ਕੁਝ ਨਕਦੀ ਸ਼ਾਮਲ ਹੈ। ਇਸ ਤੋਂ ਇਲਾਵਾ, ਫਸਟ ਏਡ ਕਿੱਟ, ਟਾਰਚ, ਵਾਧੂ ਬੈਟਰੀਆਂ ਅਤੇ ਐੱਫਐੱਮ ਰੇਡੀਓ ਰੱਖਣ ਦੀ ਵੀ ਸਲਾਹ ਦਿੱਤੀ ਗਈ ਹੈ, ਤਾਂ ਜੋ ਬਿਜਲੀ ਜਾਂ ਇੰਟਰਨੈੱਟ ਬੰਦ ਹੋਣ ਦੀ ਸਥਿਤੀ ਵਿੱਚ ਵੀ ਜ਼ਰੂਰੀ ਜਾਣਕਾਰੀ ਮਿਲ ਸਕੇ।
ਬ੍ਰਿਟੇਨ ਹੀ ਨਹੀਂ, ਫਰਾਂਸ, ਨੀਦਰਲੈਂਡ ਅਤੇ ਆਇਰਲੈਂਡ ਵਰਗੇ ਕਈ ਯੂਰਪੀ ਦੇਸ਼ਾਂ ਵਿੱਚ ਵੀ ਲੋਕਾਂ ਨੂੰ ਇਸ ਤਰ੍ਹਾਂ ਦੀ ਤਿਆਰੀ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਸਰਕਾਰ ਦਾ ਮਕਸਦ ਲੋਕਾਂ ਵਿੱਚ ਡਰ ਪੈਦਾ ਕਰਨਾ ਨਹੀਂ, ਸਗੋਂ ਕਿਸੇ ਵੀ ਅਣਕਿਆਸੀ ਸਥਿਤੀ ਵਿੱਚ ਉਨ੍ਹਾਂ ਨੂੰ ਤਿਆਰ ਰੱਖਣਾ ਹੈ।
