ਸੋਮਵਾਰ ਨੂੰ ਵੀ ਪੰਜਾਬ ਦੇ ਕਈ ਜਿਲ੍ਹਿਆਂ ਵਿਚ ਬੱਦਲ ਛਾਏ ਰਹੇ, ਜਦਕਿ ਕਈ ਜਿਲ੍ਹਿਆਂ ਵਿਚ ਦਿਨ ਭਰ ਤੀਖੀ ਧੁੱਪ ਰਹੀ। ਇਸ ਦੌਰਾਨ ਫਾਜ਼ਿਲਕਾ ਅਤੇ ਚੰਡੀਗੜ੍ਹ ਵਿਚ ਵਰਖਾ ਹੋਈ। ਮੌਸਮ ਕੇਂਦਰ ਚੰਡੀਗੜ੍ਹ ਅਨੁਸਾਰ ਫਾਜ਼ਿਲਕਾ ਵਿਚ 12.8 ਮਿਲੀਮੀਟਰ ਵਰਖਾ ਦਰਜ ਕੀਤੀ ਗਈ, ਜਦਕਿ ਚੰਡੀਗੜ੍ਹ ਵਿਚ 1.8 ਮਿਲੀਮੀਟਰ ਵਰਖਾ ਹੋਈ। ਬਾਕੀ ਜਿਲ੍ਹਿਆਂ ਵਿਚ ਮੌਸਮ ਸਾਫ ਰਿਹਾ। ਇਸ ਕਾਰਨ ਦਿਨ ਵਿਚ ਗਰਮੀ ਰਹੀ ਅਤੇ ਤਾਪਮਾਨ ਵਧਿਆ।
ਬਠਿੰਡਾ ਵਿਚ ਦਿਨ ਦਾ ਤਾਪਮਾਨ 33.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਪਟਿਆਲਾ ਵਿਚ 32.5 ਡਿਗਰੀ, ਲੁਧਿਆਣਾ ਵਿਚ 31.6 ਡਿਗਰੀ, ਮੋਹਾਲੀ ਵਿਚ 31.4 ਡਿਗਰੀ, ਰੂਪਨਗਰ ਵਿਚ 31.3 ਡਿਗਰੀ ਅਤੇ ਫਿਰੋਜ਼ਪੁਰ ਵਿਚ 30.1 ਡਿਗਰੀ ਤਾਪਮਾਨ ਰਿਹਾ।
ਦੂਜੇ ਪਾਸੇ ਮੌਸਮ ਵਿਭਾਗ ਦੇ ਪੂਰਵ ਅਨੁਮਾਨ ਅਨੁਸਾਰ ਮੰਗਲਵਾਰ ਅਤੇ ਬੁੱਧਵਾਰ ਨੂੰ ਪੰਜਾਬ ਦੇ ਕਈ ਜਿਲ੍ਹਿਆਂ ਵਿਚ 50 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਇਸ ਦੌਰਾਨ ਕਈ ਥਾਵਾਂ ਉੱਤੇ ਬਾਰਿਸ਼ ਦੇ ਨਾਲ ਓਲੇ ਵੀ ਪੈ ਸਕਦੇ ਹਨ। ਇਸ ਨੂੰ ਲੈ ਕੇ ਵਿਭਾਗ ਨੇ ਆਰੈਂਜ ਅਲਰਟ ਜਾਰੀ ਕੀਤਾ ਹੈ। ਇਸ ਤੋਂ ਬਾਅਦ 9 ਅਪ੍ਰੈਲ ਤੋਂ ਮੌਸਮ ਸਾਫ ਹੋਣ ਦੀ ਸੰਭਾਵਨਾ ਜਤਾਈ ਗਈ ਹੈ।
