ਪੰਜਾਬ ਦੇ ਮੁੱਖ ਮੰਤਰੀ Bhagwant Mann ਨੇ ਫਿਰੋਜ਼ਪੁਰ ਫੀਡਰ ਨਹਿਰ ਦੇ ਉਦਘਾਟਨ ਮੌਕੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀਆਂ ਯੋਗ ਮਹਿਲਾਵਾਂ ਨੂੰ ‘ਮਹਿਲਾ ਦਿਵਸ’ 8 ਮਾਰਚ ਤੋਂ ਵੱਡਾ ਤੋਹਫ਼ਾ ਮਿਲੇਗਾ। ਇਹ ਜਵਾਬ ਉਨ੍ਹਾਂ ਉਸ ਸਵਾਲ ਦੇ ਤੌਰ ‘ਤੇ ਦਿੱਤਾ, ਜਦੋਂ ਪੁੱਛਿਆ ਗਿਆ ਕਿ ਮਹਿਲਾਵਾਂ ਦੇ ਖਾਤਿਆਂ ਵਿੱਚ 1000 ਰੁਪਏ ਕਦੋਂ ਤੋਂ ਆਉਣਗੇ?
ਸੀਐਮ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਪੰਜ ਸਾਲਾਂ ਲਈ ਹੈ ਅਤੇ ਜਿਹੜੇ ਵਾਅਦੇ ਨਹੀਂ ਵੀ ਕੀਤੇ ਗਏ ਸਨ, ਉਹ ਵੀ ਪੂਰੇ ਕਰਕੇ ਦਿਖਾਏ ਹਨ। ਜਿਹੜੇ ਵਾਅਦੇ ਕੀਤੇ ਗਏ ਹਨ, ਉਹ ਵੀ ਇਸ ਕਾਰਜਕਾਲ ਦੌਰਾਨ ਪੂਰੇ ਕੀਤੇ ਜਾਣਗੇ। ਇਸ ਮੌਕੇ ਉਨ੍ਹਾਂ ਕੇਂਦਰ ਸਰਕਾਰ ਨਾਲ ਨਾਲ Amarinder Singh ਅਤੇ Sukhbir Singh Badal ‘ਤੇ ਵੀ ਨਿਸ਼ਾਨਾ ਸਾਧਿਆ।
ਸੁਖਬੀਰ ਬਾਦਲ ਦੇ ਬਿਆਨ ‘ਤੇ ਚੁਟਕੀ
ਸੀਐਮ ਭਗਵੰਤ ਮਾਨ ਨੇ ਵਿਰੋਧੀ ਪਾਰਟੀਆਂ ਨੂੰ ਘੇਰਦਿਆਂ ਸੁਖਬੀਰ ਬਾਦਲ ਦੇ ‘ਗੈਂਗਸਟਰ’ ਸੰਬੰਧੀ ਬਿਆਨ ‘ਤੇ ਤਿੱਖੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਗੈਂਗਸਟਰ ਕੌਣ ਲੈ ਕੇ ਆਇਆ? ਗੈਂਗਸਟਰਾਂ ਨੂੰ ਟੈਰਰਿਸਟ ਕਹਿਣ ਵਾਲੇ ਬਿਆਨ ‘ਤੇ ਉਨ੍ਹਾਂ ਕਿਹਾ ਕਿ ਇਸ ਦੀ ਸ਼ੁਰੂਆਤ ਘਰ ਤੋਂ ਕਰਨੀ ਪਵੇਗੀ।
185 ਕਰੋੜ ਰੁਪਏ ਨਾਲ ਤਿਆਰ ਹੋਈ ਫਿਰੋਜ਼ਪੁਰ ਫੀਡਰ ਨਹਿਰ ਦਾ ਉਦਘਾਟਨ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 185 ਕਰੋੜ ਰੁਪਏ ਦੀ ਲਾਗਤ ਨਾਲ ਨਵੀਨੀਕਰਨ ਕੀਤੀ ਗਈ ਫਿਰੋਜ਼ਪੁਰ ਫੀਡਰ ਨਹਿਰ ਦਾ ਉਦਘਾਟਨ ਕੀਤਾ। ਇਸ ਤੋਂ ਬਾਅਦ ਉਨ੍ਹਾਂ ਜ਼ਿਲ੍ਹਾ ਫਿਰੋਜ਼ਪੁਰ ਦੇ ਕਸਬਾ ਮੱਖੂ ਦੀ ਅਨਾਜ ਮੰਡੀ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਸਥਾਨਕ ਲੋਕਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਕਈ ਕੈਬਿਨੇਟ ਮੰਤਰੀ ਅਤੇ ਵਿਧਾਇਕ ਵੀ ਹਾਜ਼ਰ ਸਨ।
ਸੀਐਮ ਮਾਨ ਨੇ ਦੱਸਿਆ ਕਿ ਫੀਡਰ ਦੀ ਲਾਈਨਿੰਗ ਕੀਤੀ ਗਈ ਹੈ ਅਤੇ ਰੀਚਾਰਜ ਪੌਇੰਟ ਬਣਾਏ ਗਏ ਹਨ, ਜਿਸ ਨਾਲ ਹੁਣ 2600 ਕਿਊਸੈਕ ਵੱਧ ਪਾਣੀ ਬਹੇਗਾ। ਉਨ੍ਹਾਂ ਕਿਹਾ ਕਿ 74 ਸਾਲਾਂ ਬਾਅਦ ਇਸ ਨਹਿਰ ਦੀ ਸੁਣਵਾਈ ਹੋਈ ਹੈ ਅਤੇ ਇਹ ਫਿਰੋਜ਼ਪੁਰ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਦੇ ਲੋਕਾਂ ਲਈ ਵੱਡਾ ਤੋਹਫ਼ਾ ਹੈ।
ਬਰਸਾਤ ਦੌਰਾਨ ਨੁਕਸਾਨ ਨਹੀਂ ਹੋਣ ਦੇਵਾਂਗੇ
ਸੀਐਮ ਭਗਵੰਤ ਮਾਨ ਨੇ ਭਰੋਸਾ ਦਿੱਤਾ ਕਿ ਬਾੜ੍ਹ ਦੌਰਾਨ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮਾਨਸੂਨ ਤੋਂ ਪਹਿਲਾਂ, ਜੂਨ ਤੱਕ ਦਾ ਸਮਾਂ ਹੈ ਅਤੇ ਜਿੱਥੇ-ਜਿੱਥੇ ਵੱਧ ਨੁਕਸਾਨ ਹੋਇਆ ਸੀ, ਉੱਥੇ ਮਜ਼ਬੂਤੀ ਦੇ ਕੰਮ ਜ਼ੋਰਾਂ ‘ਤੇ ਚੱਲ ਰਹੇ ਹਨ।
ਉਨ੍ਹਾਂ ਕਿਹਾ ਕਿ ਸਰਕਾਰ ਸੂਬੇ ਦੇ ਲੋਕਾਂ ਨਾਲ ਖੜੀ ਹੈ ਅਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਉਸ ਦੀ ਪ੍ਰਾਥਮਿਕਤਾ ਹੈ।
