ਕੈਨੇਡਾ ’ਚ ਪਹਿਲਾਂ ਤੋਂ ਮੌਜੂਦ 1 ਲੱਖ ਕਾਮਿਆਂ ਤੇ ਪਰਿਵਾਰਾਂ ਨੂੰ ਪੱਕੇ ਕਰਨ ਦੀ ਯੋਜਨਾ
ਕੈਨੇਡਾ ਸਰਕਾਰ ਨੇ ਸੂਬਿਆਂ ਨੂੰ ਪ੍ਰੋਵਿੰਸ਼ੀਅਲ ਨਾਮਿਨੀ ਪ੍ਰੋਗਰਾਮ ਤਹਿਤ ਵਾਧੂ ਕੋਟਾ ਦੇਣ ਦਾ ਐਲਾਨ ਕੀਤਾ ਹੈ, ਜਿਸ ਨਾਲ 2027 ਵਿੱਚ 1 ਲੱਖ ਕਾਮਿਆਂ ਤੇ ਪਰਿਵਾਰਕ ਮੈਂਬਰਾਂ ਨੂੰ ਪੱਕੀ ਰਿਹਾਇਸ਼ ਮਿਲ ਸਕੇਗੀ।

ਕੈਨੇਡਾ ਸਰਕਾਰ ਨੇ ਦੇਸ਼ ਵਿੱਚ ਪਹਿਲਾਂ ਤੋਂ ਕੰਮ ਕਰ ਰਹੇ ਕਾਮਿਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ 2027 ਵਿੱਚ ਪੱਕੀ ਰਿਹਾਇਸ਼ (ਪੀਆਰ) ਦਿਵਾਉਣ ਲਈ ਇੱਕ ਆਰਜ਼ੀ ਪ੍ਰਬੰਧ ਤੈਅ ਕੀਤਾ ਹੈ। ਇਸ ਯੋਜਨਾ ਤਹਿਤ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਵਾਧੂ ਇਮੀਗ੍ਰੇਸ਼ਨ ਨਾਮਜ਼ਦਗੀਆਂ ਵਰਤਣ ਦੀ ਖੁੱਲ੍ਹ ਦਿੱਤੀ ਜਾਵੇਗੀ, ਜਿਸ ਨਾਲ ਕੁੱਲ ਮਿਲਾ ਕੇ 1 ਲੱਖ ਲੋਕਾਂ ਨੂੰ ਪੀਆਰ ਮਿਲਣ ਦਾ ਰਸਤਾ ਸਾਫ਼ ਹੋ ਸਕਦਾ ਹੈ।
ਇਮੀਗ੍ਰੇਸ਼ਨ ਮੰਤਰੀ ਲੀਨਾ ਮੈਟਲੇਜ ਦੀਆਬ ਨੇ ਨਿਊ ਬਰੰਜ਼ਵਿਕ ਦੇ ਡਾਈਪ ਵਿਖੇ ਇਸ ਯੋਜਨਾ ਦੇ ਵੇਰਵੇ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਪ੍ਰੋਵਿੰਸ਼ੀਅਲ ਨਾਮਿਨੀ ਪ੍ਰੋਗਰਾਮ (ਪੀਐੱਨਪੀ) ਅਧੀਨ ਸੂਬਿਆਂ ਅਤੇ ਪ੍ਰਦੇਸ਼ਾਂ ਦੀਆਂ ਸਰਕਾਰਾਂ ਨੂੰ ਵਾਧੂ ਨਾਮਜ਼ਦਗੀਆਂ ਦੀ ਚੋਣ ਮੁਹੱਈਆ ਕਰਵਾਈ ਜਾਵੇਗੀ।
ਇਮੀਗ੍ਰੇਸ਼ਨ ਵਿਭਾਗ ਮੁਤਾਬਕ ਇਹ ਕੋਈ ਨਵਾਂ ਇਮੀਗ੍ਰੇਸ਼ਨ ਪ੍ਰੋਗਰਾਮ ਨਹੀਂ ਹੈ ਅਤੇ ਨਾ ਹੀ ਨਵੀਆਂ ਅਰਜ਼ੀਆਂ ਲਈ ਬੰਦ ਹੋ ਚੁੱਕੇ ਪ੍ਰੋਗਰਾਮਾਂ ਨੂੰ ਮੁੜ ਖੋਲ੍ਹਿਆ ਜਾ ਰਿਹਾ ਹੈ। 1 ਲੱਖ ਦਾ ਟੀਚਾ ਕਾਮਿਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੋਵਾਂ ਨੂੰ ਮਿਲਾ ਕੇ ਰੱਖਿਆ ਗਿਆ ਹੈ।
ਸੂਬੇ ਅਤੇ ਪ੍ਰਦੇਸ਼ ਖ਼ੁਦ ਇਹ ਫ਼ੈਸਲਾ ਕਰਨਗੇ ਕਿ ਸਥਾਨਕ ਲੇਬਰ ਮਾਰਕੀਟ ਦੀਆਂ ਲੋੜਾਂ ਮੁਤਾਬਕ ਪਹਿਲਾਂ ਤੋਂ ਸਥਾਪਿਤ ਕਾਮਿਆਂ ਨੂੰ ਰੱਖਣ ਲਈ ਉਹ ਕਿੰਨਾ ਵਾਧੂ ਕੋਟਾ ਵਰਤਣਾ ਚਾਹੁੰਦੇ ਹਨ। ਇਸ ਕੋਟੇ ਨੂੰ 31 ਮਾਰਚ 2027 ਤੱਕ ਵਰਤਣ ਦੀ ਯੋਜਨਾ ਹੈ। ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਇਹ ਮਿਆਦ ਸੂਬਿਆਂ ਵੱਲੋਂ ਕੋਟਾ ਵਰਤਣ ਲਈ ਹੈ, ਬਿਨੈਕਾਰਾਂ ਵੱਲੋਂ ਅਰਜ਼ੀ ਜਮ੍ਹਾ ਕਰਵਾਉਣ ਦੀ ਆਖਰੀ ਮਿਤੀ ਨਹੀਂ।
ਇਸ ਫ਼ੈਸਲੇ ਦਾ ਲਾਭ ਕੈਨੇਡਾ ਵਿੱਚ ਪਹਿਲਾਂ ਤੋਂ ਰਹਿ ਕੇ ਕੰਮ ਕਰ ਰਹੇ ਵਰਕਰਾਂ ਨੂੰ ਹੀ ਮਿਲੇਗਾ। ਸੂਬਾ ਸਰਕਾਰਾਂ ਉਨ੍ਹਾਂ ਕਾਮਿਆਂ ਨੂੰ ਵੀ ਚੁਣ ਸਕਣਗੀਆਂ ਜਿਨ੍ਹਾਂ ਨੇ ਅਟਲਾਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ, ਸਟਾਰਟ-ਅੱਪ ਵੀਜ਼ਾ, ਸੈਲਫ਼-ਇੰਪਲਾਈਡ, ਐਗਰੀ-ਫੂਡ ਪਾਇਲਟ ਅਤੇ ਹੋਮ-ਕੇਅਰ ਵਰਗੇ ਫੈਡਰਲ ਪ੍ਰੋਗਰਾਮਾਂ ਰਾਹੀਂ ਪੀਆਰ ਅਪਲਾਈ ਕੀਤਾ ਹੋਇਆ ਹੈ ਅਤੇ ਫ਼ੈਸਲੇ ਦੀ ਉਡੀਕ ਕਰ ਰਹੇ ਹਨ।
ਇਮੀਗ੍ਰੇਸ਼ਨ ਮੰਤਰੀ ਲੀਨਾ ਮੈਟਲੇਜ ਦੀਆਬ ਨੇ ਕਿਹਾ ਕਿ ਤਜਰਬੇਕਾਰ ਕਾਮਿਆਂ ਨੂੰ ਦੇਸ਼ ਵਿੱਚ ਬਣਾਈ ਰੱਖਣ ਨਾਲ ਆਰਥਿਕ ਵਿਕਾਸ ਨੂੰ ਹੁਲਾਰਾ ਮਿਲੇਗਾ ਅਤੇ ਸਥਾਨਕ ਕਾਰੋਬਾਰਾਂ ਨੂੰ ਮਦਦ ਮਿਲੇਗੀ।
ਵਿਭਾਗ ਦਾ ਕਹਿਣਾ ਹੈ ਕਿ ਪਹਿਲਾਂ ਤੋਂ ਮੌਜੂਦ ਕਾਮਿਆਂ ਨੂੰ ਪੱਕੇ ਕਰਨ ਨਾਲ ਰਿਹਾਇਸ਼ ਅਤੇ ਬੁਨਿਆਦੀ ਢਾਂਚੇ ਉੱਤੇ ਵਾਧੂ ਦਬਾਅ ਪਾਏ ਬਿਨਾਂ ਹੁਨਰਮੰਦ ਕਾਮਿਆਂ ਦੀ ਘਾਟ ਪੂਰੀ ਕੀਤੀ ਜਾ ਸਕੇਗੀ। ਇਹ ਯੋਜਨਾ ਬਜਟ 2025 ਵਿੱਚ ਐਲਾਨੀ ਗਈ 'ਇਨ-ਕੈਨੇਡਾ ਵਰਕਰ ਇਨੀਸ਼ੀਏਟਿਵ' ਤੋਂ ਵੱਖਰੀ ਹੈ।
ਅਹਿਮ ਘਟਨਾਕ੍ਰਮ
- ਕੈਨੇਡਾ ਨੇ 2027 'ਚ 1 ਲੱਖ ਮੌਜੂਦਾ ਵਰਕਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਪੀਆਰ ਦੇਣ ਦੀ ਤਿਆਰੀ ਕੀਤੀ
- ਸੂਬਿਆਂ ਨੂੰ ਪ੍ਰੋਵਿੰਸ਼ੀਅਲ ਨਾਮਿਨੀ ਪ੍ਰੋਗਰਾਮ ਤਹਿਤ ਮਿਲੇਗਾ ਵਾਧੂ ਨਾਮਜ਼ਦਗੀ ਕੋਟਾ
- ਇਹ ਨਵਾਂ ਪ੍ਰੋਗਰਾਮ ਨਹੀਂ, ਸਿਰਫ਼ ਕੈਨੇਡਾ ਵਿੱਚ ਪਹਿਲਾਂ ਤੋਂ ਰਹਿ ਰਹੇ ਕਾਮਿਆਂ ਲਈ ਹੈ
- ਸੂਬਾ ਸਰਕਾਰਾਂ ਕੋਲ 31 ਮਾਰਚ 2027 ਤੱਕ ਵਾਧੂ ਅਲੋਕੇਸ਼ਨ ਵਰਤਣ ਦਾ ਸਮਾਂ ਹੋਵੇਗਾ



