LIVE TV
ਤਾਜ਼ਾ ਖ਼ਬਰਾਂ
ਐਤਵਾਰ, 22 ਨਵੰਬਰ 2026
ਦੇਸ਼

ਪੁਰਾਣੇ ਵਾਹਨ ਚਲਾਉਣ ਵਾਲੇ ਸਾਵਧਾਨ! ਹਰ 3 ਮਹੀਨੇ ਬਾਅਦ ਕਰਵਾਉਣਾ ਪਵੇਗਾ ਪ੍ਰਦੂਸ਼ਣ ਟੈਸਟ, ਨਵੇਂ ਨਿਯਮ ਲਾਗੂ

ਕੇਂਦਰ ਸਰਕਾਰ ਨੇ ਵਾਹਨਾਂ ਦੇ PUC ਸਰਟੀਫਿਕੇਟ ਦੀ ਮਿਆਦ ਨੂੰ ਲੈ ਕੇ ਨਵੇਂ ਨਿਯਮ ਲਾਗੂ ਕੀਤੇ ਹਨ, ਜਿਸ ਤਹਿਤ ਵਾਹਨਾਂ ਦੀ BS ਸ਼੍ਰੇਣੀ ਅਤੇ ਉਮਰ ਮੁਤਾਬਕ ਪ੍ਰਦੂਸ਼ਣ ਜਾਂਚ ਸਰਟੀਫਿਕੇਟ ਦੀ ਵੈਧਤਾ ਤੈਅ ਹੋਵੇਗੀ। ਨਵੇਂ ਨਿਯਮਾਂ ਨਾਲ ਪੁਰਾਣੇ ਵਾਹਨਾਂ ਦੇ ਮਾਲਕਾਂ ਨੂੰ ਘੱਟ ਸਮੇਂ ਦੇ ਅੰਤਰਾਲ ’ਤੇ ਪ੍ਰਦੂਸ਼ਣ ਜਾਂਚ ਕਰਵਾਉਣੀ ਪਵੇਗੀ, ਜਦਕਿ BS-6 ਵਾਹਨਾਂ ਨੂੰ ਮੁਕਾਬਲਤਨ ਲੰਬੀ ਮਿਆਦ ਮਿਲੇਗੀ।

ਵਾਹਨਾਂ ਤੋਂ ਨਿਕਲਣ ਵਾਲੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਕੇਂਦਰ ਸਰਕਾਰ ਨੇ ਪ੍ਰਦੂਸ਼ਣ ਜਾਂਚ ਸਰਟੀਫਿਕੇਟ (PUC) ਦੀ ਮਿਆਦ ਸਬੰਧੀ ਨਵੇਂ ਨਿਯਮ ਲਾਗੂ ਕਰ ਦਿੱਤੇ ਹਨ। ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਵੱਲੋਂ ਜਾਰੀ ਇਹ ਬਦਲਾਅ ਪੰਜਾਬ ਸਮੇਤ ਪੂਰੇ ਦੇਸ਼ ਵਿੱਚ ਲਾਗੂ ਹੋਣਗੇ। ਨਵੇਂ ਨਿਯਮਾਂ ਤਹਿਤ ਹੁਣ ਵਾਹਨ ਦੀ BS ਸ਼੍ਰੇਣੀ, ਉਮਰ ਅਤੇ ਨਿੱਜੀ ਜਾਂ ਵਪਾਰਕ ਵਰਤੋਂ ਦੇ ਆਧਾਰ ’ਤੇ PUC ਸਰਟੀਫਿਕੇਟ ਦੀ ਵੈਧਤਾ ਤੈਅ ਕੀਤੀ ਜਾਵੇਗੀ।

ਮੰਤਰਾਲੇ ਦੇ ਨੋਟੀਫਿਕੇਸ਼ਨ ਨੰਬਰ GSR 991(E) ਅਨੁਸਾਰ BS-1, BS-2 ਅਤੇ BS-3 ਸ਼੍ਰੇਣੀ ਦੇ ਵਾਹਨਾਂ ਲਈ PUC ਸਰਟੀਫਿਕੇਟ ਦੀ ਮਿਆਦ 3 ਮਹੀਨੇ ਰੱਖੀ ਗਈ ਹੈ, ਜਦਕਿ BS-4 ਵਾਹਨਾਂ ਲਈ ਇਹ ਮਿਆਦ 6 ਮਹੀਨੇ ਹੋਵੇਗੀ।

BS-6 ਸ਼੍ਰੇਣੀ ਦੇ ਨਿੱਜੀ ਵਾਹਨਾਂ ਲਈ ਉਮਰ ਦੇ ਆਧਾਰ ’ਤੇ ਸਰਟੀਫਿਕੇਟ ਦੀ ਮਿਆਦ ਤੈਅ ਕੀਤੀ ਗਈ ਹੈ। 6 ਸਾਲ ਤੱਕ ਪੁਰਾਣੇ ਵਾਹਨਾਂ ਲਈ PUC ਦੀ ਮਿਆਦ 3 ਸਾਲ, 6 ਤੋਂ 10 ਸਾਲ ਤੱਕ ਪੁਰਾਣੇ ਵਾਹਨਾਂ ਲਈ 1 ਸਾਲ ਅਤੇ 10 ਸਾਲ ਤੋਂ ਵੱਧ ਉਮਰ ਵਾਲੇ ਵਾਹਨਾਂ ਲਈ 6 ਮਹੀਨੇ ਹੋਵੇਗੀ।

ਇਸੇ ਤਰ੍ਹਾਂ BS-6 ਸ਼੍ਰੇਣੀ ਦੇ ਵਪਾਰਕ ਵਾਹਨਾਂ ਲਈ 6 ਸਾਲ ਤੱਕ ਦੀ ਉਮਰ ਹੋਣ ’ਤੇ PUC ਸਰਟੀਫਿਕੇਟ 2 ਸਾਲ, 6 ਤੋਂ 10 ਸਾਲ ਤੱਕ 1 ਸਾਲ ਅਤੇ 10 ਸਾਲ ਤੋਂ ਵੱਧ ਉਮਰ ਹੋਣ ’ਤੇ 6 ਮਹੀਨੇ ਲਈ ਵੈਧ ਰਹੇਗਾ।

ਨਵੇਂ ਨਿਯਮਾਂ ਦਾ ਅਸਰ ਲੁਧਿਆਣਾ ਦੇ ਟਰਾਂਸਪੋਰਟ ਕਾਰੋਬਾਰੀਆਂ ਅਤੇ ਨਿੱਜੀ ਵਾਹਨ ਮਾਲਕਾਂ ’ਤੇ ਵੀ ਪਵੇਗਾ। ਖਾਸ ਕਰਕੇ ਪੁਰਾਣੇ BS ਮਾਪਦੰਡਾਂ ਵਾਲੇ ਵਾਹਨਾਂ ਦੇ ਮਾਲਕਾਂ ਨੂੰ ਹੁਣ ਘੱਟ ਸਮੇਂ ਦੇ ਅੰਤਰਾਲ ’ਤੇ ਪ੍ਰਦੂਸ਼ਣ ਜਾਂਚ ਕਰਵਾਉਣੀ ਪਵੇਗੀ, ਜਦਕਿ ਨਵੇਂ BS-6 ਵਾਹਨਾਂ ਦੇ ਮਾਲਕਾਂ ਨੂੰ ਮੁਕਾਬਲਤਨ ਲੰਬੀ ਮਿਆਦ ਦਾ ਲਾਭ ਮਿਲੇਗਾ।

ਸਰਕਾਰ ਵੱਲੋਂ ਪਹਿਲਾਂ ਜਾਰੀ ਕੀਤੇ PUC ਸਰਟੀਫਿਕੇਟਾਂ ਨੂੰ ਲੈ ਕੇ ਵੀ ਸਪੱਸ਼ਟਤਾ ਦਿੱਤੀ ਗਈ ਹੈ। ਮੌਜੂਦਾ ਸਰਟੀਫਿਕੇਟ ਆਪਣੀ ਤੈਅ ਮਿਆਦ ਖ਼ਤਮ ਹੋਣ ਤੱਕ ਵੈਧ ਰਹਿਣਗੇ ਅਤੇ ਨਵੀਂ ਮਿਆਦ ਪਹਿਲੀ ਵਾਰ ਨਵੀਨੀਕਰਨ ਕਰਵਾਉਣ ਸਮੇਂ ਲਾਗੂ ਹੋਵੇਗੀ। ਜੇਕਰ ਸਰਟੀਫਿਕੇਟ ਦੀ ਮਿਆਦ ਖ਼ਤਮ ਹੋਣ ਤੋਂ ਪਹਿਲਾਂ ਆਖਰੀ 10 ਦਿਨਾਂ ਵਿੱਚ ਨਵੀਨੀਕਰਨ ਕਰਵਾਇਆ ਜਾਂਦਾ ਹੈ, ਤਾਂ ਨਵਾਂ ਸਰਟੀਫਿਕੇਟ ਪੁਰਾਣੇ ਸਰਟੀਫਿਕੇਟ ਦੀ ਮਿਆਦ ਖ਼ਤਮ ਹੋਣ ਵਾਲੀ ਤਾਰੀਖ ਤੋਂ ਲਾਗੂ ਹੋਵੇਗਾ।

ਹੁਣ ਲੁਧਿਆਣਾ ਵਿੱਚ ਇਹ ਦੇਖਣਾ ਹੋਵੇਗਾ ਕਿ ਪ੍ਰਦੂਸ਼ਣ ਜਾਂਚ ਕੇਂਦਰ ਨਵੇਂ ਨਿਯਮਾਂ ਨੂੰ ਲਾਗੂ ਕਰਨ ਲਈ ਕਿੰਨੇ ਤਿਆਰ ਹਨ ਅਤੇ ਪੁਰਾਣੇ ਵਾਹਨਾਂ ਦੀ ਜਾਂਚ ਲਈ ਲੋੜੀਂਦੀਆਂ ਸਹੂਲਤਾਂ ਕਿਵੇਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ।