LIVE TV
ਤਾਜ਼ਾ ਖ਼ਬਰਾਂ
ਬੁੱਧਵਾਰ, 11 ਨਵੰਬਰ 2026
ਪੰਜਾਬ

ਚੰਡੀਗੜ੍ਹ ਯੂਨੀਵਰਸਿਟੀ ਦੇ ਹੋਸਟਲ ’ਚ ਪੱਖਾ ਚਲਾਉਣ ਨੂੰ ਲੈ ਕੇ ਵਿਦਿਆਰਥੀ ’ਤੇ ਚਾਕੂ ਨਾਲ ਹਮਲਾ, ਰੂਮਮੇਟ ਗ੍ਰਿਫ਼ਤਾਰ

ਘੜੂੰਆਂ ਸਥਿਤ ਚੰਡੀਗੜ੍ਹ ਯੂਨੀਵਰਸਿਟੀ ਦੇ ਹੋਸਟਲ ਕਮਰੇ ਵਿੱਚ ਪੱਖਾ ਚਲਾਉਣ ਦੇ ਝਗੜੇ ਪਿੱਛੋਂ ਇੱਕ ਵਿਦਿਆਰਥੀ ਨੂੰ ਚਾਕੂ ਮਾਰ ਕੇ ਜ਼ਖ਼ਮੀ ਕਰ ਦਿੱਤਾ ਗਿਆ। ਪੁਲਿਸ ਨੇ ਮੁਲਜ਼ਮ ਰੂਮਮੇਟ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਚੰਡੀਗੜ੍ਹ ਯੂਨੀਵਰਸਿਟੀ ਦੇ ਹੋਸਟਲ ’ਚ ਪੱਖਾ ਚਲਾਉਣ ਨੂੰ ਲੈ ਕੇ ਵਿਦਿਆਰਥੀ ’ਤੇ ਚਾਕੂ ਨਾਲ ਹਮਲਾ, ਰੂਮਮੇਟ ਗ੍ਰਿਫ਼ਤਾਰ
ਪੰਜਾਬ ਟੈਲੀਵਿਜ਼ਨ

ਘੜੂੰਆਂ ਸਥਿਤ ਚੰਡੀਗੜ੍ਹ ਯੂਨੀਵਰਸਿਟੀ ਦੇ ਹੋਸਟਲ ਵਿੱਚ ਪੱਖਾ ਚਲਾਉਣ ਦੇ ਮਾਮੂਲੀ ਝਗੜੇ ਦੌਰਾਨ ਇੱਕ ਵਿਦਿਆਰਥੀ ’ਤੇ ਚਾਕੂ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਖ਼ਮੀ ਵਿਦਿਆਰਥੀ ਦੀ ਪਛਾਣ 18 ਸਾਲਾ ਆਦਿੱਤਿਆ ਰਾਏ ਵਜੋਂ ਹੋਈ ਹੈ, ਜੋ ਝਾਰਖੰਡ ਦੇ ਬੋਕਾਰੋ ਦਾ ਰਹਿਣ ਵਾਲਾ ਹੈ ਅਤੇ ਬੀ.ਟੈਕ ਦੇ ਪਹਿਲੇ ਸਾਲ ਦੀ ਪੜ੍ਹਾਈ ਕਰ ਰਿਹਾ ਹੈ। ਪੁਲਿਸ ਮੁਤਾਬਕ ਹਸਪਤਾਲ ਵਿੱਚ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

ਇਸ ਮਾਮਲੇ ਵਿੱਚ ਪੁਲਿਸ ਨੇ ਉਸ ਦੇ ਰੂਮਮੇਟ ਅਮਨਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜੋ ਉੱਤਰ ਪ੍ਰਦੇਸ਼ ਦੇ ਰਾਮਪੁਰ ਦਾ ਵਸਨੀਕ ਹੈ। ਇਹ ਘਟਨਾ ਮੰਗਲਵਾਰ ਰਾਤ ਕਰੀਬ 10 ਵਜੇ ਯੂਨੀਵਰਸਿਟੀ ਦੇ ਜ਼ਾਕਿਰ-ਬੀ ਹੋਸਟਲ ਦੇ ਕਮਰਾ ਨੰਬਰ 1022 ਵਿੱਚ ਵਾਪਰੀ।

ਸ਼ਿਕਾਇਤ ਮੁਤਾਬਕ ਆਦਿੱਤਿਆ ਨੇ ਕਮਰੇ ਵਿੱਚ ਆ ਕੇ ਪੱਖਾ ਚਲਾਇਆ ਸੀ, ਪਰ ਉਸ ਦੇ ਰੂਮਮੇਟ ਨੇ ਪੱਖਾ ਬੰਦ ਕਰ ਦਿੱਤਾ। ਇਸ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਤਕਰਾਰ ਹੋ ਗਈ। ਦੋਸ਼ ਹੈ ਕਿ ਕੁਝ ਹੀ ਮਿੰਟਾਂ ਬਾਅਦ ਅਮਨਦੀਪ ਨੇ ਤੇਜ਼ਧਾਰ ਹਥਿਆਰ ਨਾਲ ਉਸ ’ਤੇ ਹਮਲਾ ਕਰ ਦਿੱਤਾ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।

ਰੌਲ਼ਾ ਸੁਣ ਕੇ ਨਾਲ ਲੱਗਦੇ ਕਮਰਿਆਂ ਦੇ ਵਿਦਿਆਰਥੀ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ। ਹੋਸਟਲ ਵਾਰਡਨਾਂ ਅਤੇ ਵਿਦਿਆਰਥੀਆਂ ਨੇ ਜ਼ਖ਼ਮੀ ਆਦਿੱਤਿਆ ਨੂੰ ਕੈਂਪਸ ਦੇ ਹਸਪਤਾਲ ਪਹੁੰਚਾਇਆ, ਜਿੱਥੋਂ ਉਸ ਨੂੰ ਘੜੂੰਆਂ ਦੇ ਸਰਸਵਤੀ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ।

ਘਟਨਾ ਤੋਂ ਬਾਅਦ ਹੋਸਟਲ ਦੇ ਸੈਂਕੜੇ ਵਿਦਿਆਰਥੀਆਂ ਨੇ ਕੈਂਪਸ ਦੀ ਸੁਰੱਖਿਆ ਨੂੰ ਲੈ ਕੇ ਮੁਜ਼ਾਹਰਾ ਸ਼ੁਰੂ ਕਰ ਦਿੱਤਾ ਅਤੇ ਦੋਸ਼ੀ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਖਰੜ ਦੇ ਡੀਐੱਸਪੀ ਈਸ਼ਾਨ ਸਿੰਗਲਾ ਨੇ ਦੱਸਿਆ ਕਿ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਨੇ ਮੌਕੇ ’ਤੇ ਪਹੁੰਚ ਕੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਸਥਿਤੀ ਨੂੰ ਕਾਬੂ ਹੇਠ ਲਿਆਂਦਾ।

ਘੜੂੰਆਂ ਪੁਲਿਸ ਚੌਕੀ ਦੇ ਏਐੱਸਆਈ ਕ੍ਰਿਸ਼ਨ ਕੁਮਾਰ ਨੇ ਜ਼ਖ਼ਮੀ ਵਿਦਿਆਰਥੀ ਦੇ ਬਿਆਨ ਦਰਜ ਕਰਵਾਏ ਹਨ। ਖਰੜ ਥਾਣੇ ਵਿੱਚ ਅਮਨਦੀਪ ਸਿੰਘ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਯੂਨੀਵਰਸਿਟੀ ਦੇ ਉਪ ਕੁਲਪਤੀ ਸਤਬੀਰ ਸਿੰਘ ਸਹਿਗਲ ਨੇ ਕਿਹਾ ਕਿ ਪ੍ਰਸ਼ਾਸਨ ਜਾਂਚ ਵਿੱਚ ਪੁਲਿਸ ਨੂੰ ਪੂਰਾ ਸਹਿਯੋਗ ਦੇ ਰਿਹਾ ਹੈ। ਅਦਾਲਤ ਵਿੱਚ ਹਾਲੇ ਕੋਈ ਦੋਸ਼ ਸਾਬਤ ਨਹੀਂ ਹੋਇਆ।

ਅਹਿਮ ਘਟਨਾਕ੍ਰਮ

  • ਚੰਡੀਗੜ੍ਹ ਯੂਨੀਵਰਸਿਟੀ ਦੇ ਜ਼ਾਕਿਰ-ਬੀ ਹੋਸਟਲ ’ਚ ਪੱਖਾ ਚਲਾਉਣ ਨੂੰ ਲੈ ਕੇ ਹੋਏ ਝਗੜੇ ਦੌਰਾਨ ਹਮਲਾ
  • ਬੀ.ਟੈਕ ਵਿਦਿਆਰਥੀ ਆਦਿੱਤਿਆ ਰਾਏ ਜ਼ਖ਼ਮੀ, ਹਸਪਤਾਲ ਵਿੱਚ ਹਾਲਤ ਖ਼ਤਰੇ ਤੋਂ ਬਾਹਰ
  • ਪੁਲਿਸ ਨੇ ਮੁਲਜ਼ਮ ਰੂਮਮੇਟ ਅਮਨਦੀਪ ਸਿੰਘ ਨੂੰ ਕੀਤਾ ਗ੍ਰਿਫ਼ਤਾਰ
  • ਵਿਦਿਆਰਥੀਆਂ ਵੱਲੋਂ ਕੈਂਪਸ ਵਿੱਚ ਅੱਧੀ ਰਾਤ ਤੱਕ ਰੋਸ ਪ੍ਰਦਰਸ਼ਨ, ਪੁਲਿਸ ਨੇ ਸ਼ਾਂਤ ਕਰਵਾਇਆ ਮਾਹੌਲ