ਜੰਮੂ-ਕਸ਼ਮੀਰ 'ਚ ਡਿਊਟੀ ਦੌਰਾਨ ਰਾਜਪੁਰਾ ਦੇ 24 ਸਾਲਾ ਅਗਨੀਵੀਰ ਹਰਮਨ ਨੂਰੀ ਦੀ ਮੌਤ
ਜੰਮੂ-ਕਸ਼ਮੀਰ ਵਿਖੇ ਤਾਇਨਾਤ ਰਾਜਪੁਰਾ ਨੇੜਲੇ ਪਿੰਡ ਗੱਦੋਮਾਜਰਾ ਦੇ ਨੌਜਵਾਨ ਅਗਨੀਵੀਰ ਹਰਮਨ ਨੂਰੀ ਦੀ ਡਿਊਟੀ ਦੌਰਾਨ ਮੌਤ ਹੋ ਗਈ ਹੈ।

ਜੰਮੂ-ਕਸ਼ਮੀਰ ਵਿਖੇ ਫੌਜ ਵਿੱਚ ਤਾਇਨਾਤ ਪੰਜਾਬ ਦੇ 24 ਵਰ੍ਹਿਆਂ ਦੇ ਅਗਨੀਵੀਰ ਜਵਾਨ ਹਰਮਨ ਨੂਰੀ ਦੀ ਡਿਊਟੀ ਦੌਰਾਨ ਮੌਤ ਹੋ ਗਈ ਹੈ। ਉਹ ਰਾਜਪੁਰਾ ਇਲਾਕੇ ਦੇ ਪਿੰਡ ਗੱਦੋਮਾਜਰਾ ਦੇ ਵਸਨੀਕ ਸਨ।
ਪਿੰਡ ਦੇ ਸਰਪੰਚ ਅਨੁਸਾਰ ਮੰਗਲਵਾਰ ਸ਼ਾਮ ਕਰੀਬ ਚਾਰ ਵਜੇ ਫੌਜ ਦੇ ਦਫ਼ਤਰ ਤੋਂ ਸੁਨੇਹਾ ਆਇਆ ਕਿ ਹਰਮਨ ਨੂਰੀ ਸ਼ਹੀਦ ਹੋ ਗਏ ਹਨ।
ਮੁੱਢਲੇ ਵੇਰਵਿਆਂ ਮੁਤਾਬਕ ਉਨ੍ਹਾਂ ਨੂੰ ਡਿਊਟੀ ਵੇਲੇ ਦਿਲ ਦਾ ਦੌਰਾ ਪਿਆ ਸੀ, ਹਾਲਾਂਕਿ ਮੌਤ ਦੀ ਅਸਲ ਵਜ੍ਹਾ ਬਾਰੇ ਪੂਰੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਜਸਵੀਰ ਸਿੰਘ ਦੇ ਸਪੁੱਤਰ ਹਰਮਨ ਨੂਰੀ ਕਰੀਬ ਤਿੰਨ ਵਰ੍ਹੇ ਪਹਿਲਾਂ ਅਗਨੀਪਥ ਯੋਜਨਾ ਤਹਿਤ ਫੌਜ ਦਾ ਹਿੱਸਾ ਬਣੇ ਸਨ। ਸਿਖਲਾਈ ਮੁਕੰਮਲ ਹੋਣ ਤੋਂ ਬਾਅਦ ਉਨ੍ਹਾਂ ਦੀ ਤਾਇਨਾਤੀ 20 ਪੰਜਾਬ ਯੂਨਿਟ ਵਿੱਚ ਜੰਮੂ ਵਿਖੇ ਸੀ।
ਸੈਨਾ ਦੇ ਅਧਿਕਾਰੀ ਹਰਮਨ ਨੂਰੀ ਦੀ ਦੇਹ ਨੂੰ ਪਿੰਡ ਗੱਦੋਮਾਜਰਾ ਲੈ ਕੇ ਆ ਰਹੇ ਹਨ, ਜਿੱਥੇ ਪੂਰੇ ਸਰਕਾਰੀ ਸਨਮਾਨਾਂ ਨਾਲ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।



