LIVE TV
ਤਾਜ਼ਾ ਖ਼ਬਰਾਂ
ਬੁੱਧਵਾਰ, 25 ਨਵੰਬਰ 2026
ਬ੍ਰੇਕਿੰਗਪੰਜਾਬ ਤੇ ਚੰਡੀਗੜ੍ਹ ’ਚ ਅਗਲੇ 4 ਦਿਨ ਮੌਸਮ ਰਹੇਗਾ ਖੁਸ਼ਕ, ਰਾਤ ਦੇ ਤਾਪਮਾਨ ’ਚ 2 ਤੋਂ 3 ਡਿਗਰੀ ਤੱਕ ਗਿਰਾਵਟ ਦੇ ਆਸਾਰ
ਪੰਜਾਬ

ਅੰਮ੍ਰਿਤਸਰ ਵਿੱਚ ਵਿਅਕਤੀ ਨੇ ਮਾਂ ਅਤੇ ਦੋ ਕੁੱਤਿਆਂ ਨੂੰ ਗੋਲੀ ਮਾਰਨ ਮਗਰੋਂ ਖ਼ੁਦਕੁਸ਼ੀ ਕੀਤੀ

ਅੰਮ੍ਰਿਤਸਰ ਦੇ ਜੁਝਾਰ ਸਿੰਘ ਐਵੇਨਿਊ ਵਿੱਚ 50 ਸਾਲਾ ਵਿਅਕਤੀ ਨੇ ਆਪਣੀ ਮਾਂ ਅਤੇ ਦੋ ਪਾਲਤੂ ਕੁੱਤਿਆਂ ਨੂੰ ਗੋਲੀ ਮਾਰਨ ਤੋਂ ਬਾਅਦ ਖ਼ੁਦ ਨੂੰ ਵੀ ਖ਼ਤਮ ਕਰ ਲਿਆ।

ਅੰਮ੍ਰਿਤਸਰ ਵਿੱਚ ਵਿਅਕਤੀ ਨੇ ਮਾਂ ਅਤੇ ਦੋ ਕੁੱਤਿਆਂ ਨੂੰ ਗੋਲੀ ਮਾਰਨ ਮਗਰੋਂ ਖ਼ੁਦਕੁਸ਼ੀ ਕੀਤੀ
ਪੰਜਾਬ ਟੈਲੀਵਿਜ਼ਨ

ਅੰਮ੍ਰਿਤਸਰ ਦੇ ਜੁਝਾਰ ਸਿੰਘ ਐਵੇਨਿਊ ਇਲਾਕੇ ਵਿੱਚ ਮੰਗਲਵਾਰ ਸਵੇਰੇ ਇੱਕ ਵਿਅਕਤੀ ਨੇ ਕਥਿਤ ਤੌਰ 'ਤੇ ਆਪਣੀ ਮਾਂ ਅਤੇ ਦੋ ਪਾਲਤੂ ਕੁੱਤਿਆਂ ਨੂੰ ਗੋਲੀਆਂ ਮਾਰ ਦਿੱਤੀਆਂ ਅਤੇ ਮਗਰੋਂ ਖ਼ੁਦ ਨੂੰ ਗੋਲੀ ਮਾਰ ਕੇ ਜਾਨ ਦੇ ਦਿੱਤੀ।

ਪੁਲਿਸ ਮੁਤਾਬਕ ਮ੍ਰਿਤਕ ਦੀ ਪਛਾਣ 50 ਸਾਲਾ ਹਰਪ੍ਰੀਤ ਸਿੰਘ ਵਜੋਂ ਹੋਈ ਹੈ। ਇਸ ਘਟਨਾ ਵਿੱਚ ਹਰਪ੍ਰੀਤ ਸਿੰਘ, ਉਸ ਦੀ ਮਾਂ ਅਤੇ ਦੋਵੇਂ ਕੁੱਤਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਨੇ ਘਟਨਾ ਵਾਲੀ ਥਾਂ ਤੋਂ ਸੀਸੀਟੀਵੀ ਫੁਟੇਜ ਆਪਣੇ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪਰਿਵਾਰ ਮੁਤਾਬਕ ਇਹ ਘਟਨਾ ਸਵੇਰੇ ਲਗਭਗ 9 ਵਜੇ ਵਾਪਰੀ। ਹਰਪ੍ਰੀਤ ਸਿੰਘ ਆਪਣੀ ਮਾਂ ਨਾਲ ਮਕਾਨ ਦੀ ਉੱਪਰਲੀ ਮੰਜ਼ਿਲ 'ਤੇ ਰਹਿੰਦਾ ਸੀ, ਜਦਕਿ ਉਸ ਦੀ ਭਰਜਾਈ ਆਪਣੀਆਂ ਦੋ ਧੀਆਂ ਨਾਲ ਹੇਠਾਂ ਮੌਜੂਦ ਸੀ।

ਭਰਜਾਈ ਨੇ ਦੱਸਿਆ ਕਿ ਗੋਲੀਆਂ ਚੱਲਣ ਦੀ ਆਵਾਜ਼ ਸੁਣ ਕੇ ਉਸ ਨੂੰ ਘਟਨਾ ਦਾ ਪਤਾ ਲੱਗਾ। ਜਦੋਂ ਉਸ ਨੇ ਉੱਪਰ ਜਾਣ ਦੀ ਕੋਸ਼ਿਸ਼ ਕੀਤੀ ਤਾਂ ਬੂਹਾ ਅੰਦਰੋਂ ਬੰਦ ਸੀ, ਜਿਸ ਕਾਰਨ ਉਸ ਨੇ ਆਂਢ-ਗੁਆਂਢ ਤੋਂ ਮਦਦ ਮੰਗੀ। ਉੱਪਰ ਜਾ ਕੇ ਦੇਖਿਆ ਗਿਆ ਤਾਂ ਸੱਸ ਅਤੇ ਦੋਵੇਂ ਕੁੱਤੇ ਮ੍ਰਿਤਕ ਪਏ ਸਨ।

ਪੁਲਿਸ ਅਨੁਸਾਰ ਮਾਂ ਅਤੇ ਕੁੱਤਿਆਂ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਦ ਹਰਪ੍ਰੀਤ ਨੇੜਲੀ ਗਲੀ ਰਾਹੀਂ ਖੇਤਾਂ ਵੱਲ ਚਲਾ ਗਿਆ, ਜਿੱਥੇ ਉਸ ਨੇ ਖ਼ੁਦ 'ਤੇ ਗੋਲੀ ਚਲਾ ਲਈ।

ਪੁਲਿਸ ਨੇ ਦੱਸਿਆ ਕਿ ਹਰਪ੍ਰੀਤ ਕਰੀਬ ਸੱਤ ਸਾਲ ਪਹਿਲਾਂ ਇੰਗਲੈਂਡ ਤੋਂ ਪਰਤਿਆ ਸੀ ਅਤੇ ਉਹ ਨਸ਼ੇ ਦਾ ਸ਼ਿਕਾਰ ਸੀ। ਘਰੇਲੂ ਕਲੇਸ਼ ਅਤੇ ਕੁੱਟਮਾਰ ਦੇ ਚੱਲਦਿਆਂ ਉਸ ਦੀ ਪਤਨੀ ਵੀ ਪਹਿਲਾਂ ਹੀ ਉਸ ਨੂੰ ਛੱਡ ਕੇ ਅਲੱਗ ਹੋ ਚੁੱਕੀ ਸੀ।

ਪਰਿਵਾਰ ਮੁਤਾਬਕ ਹਰਪ੍ਰੀਤ ਅਕਸਰ ਨਿੱਕੀਆਂ-ਨਿੱਕੀਆਂ ਗੱਲਾਂ ਨੂੰ ਲੈ ਕੇ ਆਪਣੀ ਮਾਂ ਨਾਲ ਝਗੜਾ ਕਰਦਾ ਰਹਿੰਦਾ ਸੀ। ਘਟਨਾ ਵਿੱਚ ਵਰਤਿਆ ਗਿਆ ਪਿਸਤੌਲ ਉਸ ਦੀ ਮਾਂ ਦੇ ਨਾਂ 'ਤੇ ਲਾਇਸੰਸੀ ਸੀ, ਜਿਸ ਨੂੰ ਉਹ ਹਰ ਵੇਲੇ ਆਪਣੇ ਕੋਲ ਭਰ ਕੇ ਰੱਖਦਾ ਸੀ।