ਨਿਊਜ਼ੀਲੈਂਡ ਨੇ ਰੈਜ਼ੀਡੈਂਸੀ ਵੀਜ਼ਾ ਨਿਯਮ ਬਦਲੇ, ਬੱਚਾ ਗ਼ੈਰ-ਕਾਨੂੰਨੀ ਹੋਣ 'ਤੇ ਪੂਰੇ ਪਰਿਵਾਰ ਦੀ ਅਰਜ਼ੀ ਰੱਦ ਹੋਵੇਗੀ
ਇਮੀਗ੍ਰੇਸ਼ਨ ਨਿਊਜ਼ੀਲੈਂਡ ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਮੁਤਾਬਕ ਜੇਕਰ ਕਿਸੇ ਬਿਨੈਕਾਰ ਦਾ ਨਿਰਭਰ ਬੱਚਾ ਬਿਨਾਂ ਵੈਧ ਵੀਜ਼ੇ ਦੇ ਦੇਸ਼ ਵਿੱਚ ਰਹਿ ਰਿਹਾ ਹੈ ਤਾਂ ਮਾਪਿਆਂ ਸਣੇ ਸਾਰੇ ਪਰਿਵਾਰ ਦੀ ਪੱਕੀ ਰਿਹਾਇਸ਼ ਦੀ ਅਰਜ਼ੀ ਮਨਜ਼ੂਰ ਨਹੀਂ ਕੀਤੀ ਜਾਵੇਗੀ।

ਨਿਊਜ਼ੀਲੈਂਡ ਸਰਕਾਰ ਨੇ ਰੈਜ਼ੀਡੈਂਸੀ ਵੀਜ਼ਾ ਨਿਯਮਾਂ ਵਿੱਚ ਵੱਡਾ ਬਦਲਾਅ ਕੀਤਾ ਹੈ, ਜੋ 12 ਨਵੰਬਰ ਤੋਂ ਲਾਗੂ ਹੋ ਗਿਆ ਹੈ। ਇਮੀਗ੍ਰੇਸ਼ਨ ਨਿਊਜ਼ੀਲੈਂਡ ਵੱਲੋਂ ਜਾਰੀ ਹਦਾਇਤਾਂ ਮੁਤਾਬਕ ਜੇਕਰ ਕਿਸੇ ਮੁੱਖ ਬਿਨੈਕਾਰ ਦਾ ਕੋਈ ਨਿਰਭਰ ਬੱਚਾ ਦੇਸ਼ ਵਿੱਚ ਬਿਨਾਂ ਵੈਧ ਵੀਜ਼ੇ ਤੋਂ ਰਹਿ ਰਿਹਾ ਹੈ, ਤਾਂ ਮਾਪਿਆਂ ਸਣੇ ਪੂਰੇ ਪਰਿਵਾਰ ਦੀ ਰੈਜ਼ੀਡੈਂਸੀ ਅਰਜ਼ੀ ਨਾਮਨਜ਼ੂਰ ਕਰ ਦਿੱਤੀ ਜਾਵੇਗੀ।
ਇਮੀਗ੍ਰੇਸ਼ਨ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਇਹ ਨਿਯਮ ਸਿਰਫ਼ 12 ਨਵੰਬਰ ਜਾਂ ਉਸ ਤੋਂ ਬਾਅਦ ਜਮ੍ਹਾਂ ਹੋਣ ਵਾਲੀਆਂ ਨਵੀਆਂ ਰੈਜ਼ੀਡੈਂਟ ਵੀਜ਼ਾ ਅਰਜ਼ੀਆਂ 'ਤੇ ਹੀ ਲਾਗੂ ਹੋਵੇਗਾ। ਇਸ ਮਿਤੀ ਤੋਂ ਪਹਿਲਾਂ ਲੱਗ ਚੁੱਕੀਆਂ ਫ਼ਾਈਲਾਂ ਦਾ ਫ਼ੈਸਲਾ ਪੁਰਾਣੇ ਨਿਯਮਾਂ ਅਨੁਸਾਰ ਹੀ ਹੋਵੇਗਾ।
ਵਿਭਾਗ ਮੁਤਾਬਕ ਪਹਿਲਾਂ ਕਈ ਅਜਿਹੇ ਮਾਮਲੇ ਆਉਂਦੇ ਸਨ ਜਿਨ੍ਹਾਂ ਵਿੱਚ ਬੱਚੇ ਆਰਜ਼ੀ ਵੀਜ਼ੇ 'ਤੇ ਆਉਂਦੇ ਸਨ ਅਤੇ ਸਿਹਤ ਜਾਂ ਹੋਰ ਮਾਪਦੰਡ ਪੂਰੇ ਨਾ ਹੋਣ ਕਾਰਨ ਉਨ੍ਹਾਂ ਦਾ ਵੀਜ਼ਾ ਨਹੀਂ ਵਧਦਾ ਸੀ, ਪਰ ਮਾਪਿਆਂ ਨੂੰ ਰੈਜ਼ੀਡੈਂਸੀ ਮਿਲ ਜਾਂਦੀ ਸੀ। ਇਸ ਕਾਰਨ ਪਰਿਵਾਰ ਦੇ ਜੀਆਂ ਦੇ ਵੀਜ਼ਾ ਰੁਤਬੇ ਵਿੱਚ ਵੱਡਾ ਫ਼ਰਕ ਪੈ ਜਾਂਦਾ ਸੀ। ਇਸੇ ਕਮੀ ਨੂੰ ਖ਼ਤਮ ਕਰਨ ਅਤੇ ਪਰਿਵਾਰਕ ਇਕਸਾਰਤਾ ਲਿਆਉਣ ਲਈ ਇਹ ਕਦਮ ਚੁੱਕਿਆ ਗਿਆ ਹੈ।
ਨਵੇਂ ਨਿਯਮਾਂ ਤਹਿਤ ਪਰਿਵਾਰਾਂ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਵੀ ਦਿੱਤਾ ਜਾਵੇਗਾ। ਕਿਸੇ ਵੀ ਅਰਜ਼ੀ 'ਤੇ ਅੰਤਿਮ ਫ਼ੈਸਲਾ ਸੁਣਾਉਣ ਤੋਂ ਪਹਿਲਾਂ ਮਾਪਿਆਂ ਨੂੰ ਬੱਚੇ ਦੀ ਵੀਜ਼ਾ ਸਥਿਤੀ ਠੀਕ ਕਰਨ ਲਈ ਲੋੜੀਂਦਾ ਸਮਾਂ ਮਿਲੇਗਾ। ਜੇਕਰ ਕਿਸੇ ਖ਼ਾਸ ਮਜਬੂਰੀ ਕਾਰਨ ਅਰਜ਼ੀ ਰੱਦ ਹੁੰਦੀ ਹੈ, ਤਾਂ ਪਰਿਵਾਰ 'ਇਮੀਗ੍ਰੇਸ਼ਨ ਐਂਡ ਪ੍ਰੋਟੈਕਸ਼ਨ ਟ੍ਰਿਬਿਊਨਲ' ਅੱਗੇ ਅਪੀਲ ਦਾਇਰ ਕਰ ਸਕਦਾ ਹੈ।
ਅਹਿਮ ਘਟਨਾਕ੍ਰਮ
- 12 ਨਵੰਬਰ ਤੋਂ ਨਿਊਜ਼ੀਲੈਂਡ ਵਿੱਚ ਨਵੇਂ ਰੈਜ਼ੀਡੈਂਸੀ ਵੀਜ਼ਾ ਨਿਯਮ ਲਾਗੂ
- ਨਿਰਭਰ ਬੱਚੇ ਕੋਲ ਕਾਨੂੰਨੀ ਵੀਜ਼ਾ ਨਾ ਹੋਣ 'ਤੇ ਪੂਰੇ ਪਰਿਵਾਰ ਦੀ ਅਰਜ਼ੀ ਰੱਦ ਹੋਵੇਗੀ
- 12 ਨਵੰਬਰ ਤੋਂ ਪਹਿਲਾਂ ਦਾਖ਼ਲ ਹੋਈਆਂ ਅਰਜ਼ੀਆਂ 'ਤੇ ਪੁਰਾਣੇ ਨਿਯਮ ਲਾਗੂ ਰਹਿਣਗੇ
- ਫ਼ੈਸਲਾ ਲੈਣ ਤੋਂ ਪਹਿਲਾਂ ਪਰਿਵਾਰਾਂ ਨੂੰ ਵੀਜ਼ਾ ਸਥਿਤੀ ਸੁਧਾਰਨ ਦਾ ਮੌਕਾ ਮਿਲੇਗਾ



