LIVE TV
ਤਾਜ਼ਾ ਖ਼ਬਰਾਂ
ਬੁੱਧਵਾਰ, 11 ਨਵੰਬਰ 2026
ਪੰਜਾਬ

ਪਟਿਆਲਾ ਵਿਖੇ ਪੰਜਾਬ ਜੇਲ੍ਹ ਓਲੰਪਿਕਸ ਸੰਪੰਨ, ਮੰਤਰੀ ਨੇ ਓਪਨ ਮਹਿਲਾ ਜੇਲ੍ਹ ਦਾ ਕੀਤਾ ਉਦਘਾਟਨ

ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਜੇਲ੍ਹ ਓਲੰਪਿਕਸ ਦੇ ਸਮਾਪਤੀ ਸਮਾਰੋਹ ਵਿੱਚ ਹਿੱਸਾ ਲਿਆ ਅਤੇ ਖੁੱਲ੍ਹੀ ਮਹਿਲਾ ਜੇਲ੍ਹ ਦਾ ਉਦਘਾਟਨ ਕੀਤਾ।

ਪਟਿਆਲਾ ਵਿਖੇ ਪੰਜਾਬ ਜੇਲ੍ਹ ਓਲੰਪਿਕਸ ਸੰਪੰਨ, ਮੰਤਰੀ ਨੇ ਓਪਨ ਮਹਿਲਾ ਜੇਲ੍ਹ ਦਾ ਕੀਤਾ ਉਦਘਾਟਨ
ਪੰਜਾਬ ਟੈਲੀਵਿਜ਼ਨ

ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਕਰਵਾਈਆਂ ਗਈਆਂ ਰਾਜ ਪੱਧਰੀ ਪੰਜਾਬ ਜੇਲ੍ਹ ਓਲੰਪਿਕਸ-2026 ਬੁੱਧਵਾਰ ਨੂੰ ਸੰਪੰਨ ਹੋ ਗਈਆਂ। ਇਸ ਮੌਕੇ ਜੇਲ੍ਹ, ਐੱਨਆਰਆਈ ਮਾਮਲੇ ਅਤੇ ਸੰਸਦੀ ਮਾਮਲਿਆਂ ਬਾਰੇ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਸਮਾਪਤੀ ਸਮਾਰੋਹ ਵਿੱਚ ਸ਼ਿਰਕਤ ਕੀਤੀ।

ਇਸ ਦੌਰਾਨ ਕੈਬਨਿਟ ਮੰਤਰੀ ਨੇ ਪਟਿਆਲਾ ਵਿਖੇ ਖੁੱਲ੍ਹੀ ਮਹਿਲਾ ਜੇਲ੍ਹ ਦਾ ਉਦਘਾਟਨ ਵੀ ਕੀਤਾ। ਉਨ੍ਹਾਂ ਦੱਸਿਆ ਕਿ ਮਹਿਲਾ ਕੈਦੀਆਂ ਨੂੰ ਬਿਹਤਰ ਅਤੇ ਖੁੱਲ੍ਹਾ ਮਾਹੌਲ ਮੁਹੱਈਆ ਕਰਵਾਉਣਾ ਸਰਕਾਰ ਦੀ ਤਰਜੀਹ ਹੈ, ਤਾਂ ਜੋ ਉਨ੍ਹਾਂ ਨੂੰ ਹਾਂ-ਪੱਖੀ ਗਤੀਵਿਧੀਆਂ ਨਾਲ ਜੋੜਿਆ ਜਾ ਸਕੇ।

ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਰਵਜੋਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਜੇਲ੍ਹ ਦੇ ਕੈਦੀਆਂ ਨੂੰ ਫੁੱਟਬਾਲ, ਕ੍ਰਿਕਟ ਅਤੇ ਹੋਰ ਖੇਡਾਂ ਵੱਲ ਪ੍ਰੇਰਿਤ ਕਰ ਰਹੀ ਹੈ ਤਾਂ ਕਿ ਉਹ ਸਿਹਤਮੰਦ ਅਤੇ ਉਸਾਰੂ ਰੁਝੇਵਿਆਂ ਵਿੱਚ ਹਿੱਸਾ ਲੈ ਸਕਣ। ਉਨ੍ਹਾਂ ਕਿਹਾ ਕਿ ਜੇਲ੍ਹ ਪ੍ਰਸ਼ਾਸਨ ਕੈਦੀਆਂ ਦੀ ਭਲਾਈ ਵੱਲ ਵਿਸ਼ੇਸ਼ ਧਿਆਨ ਦੇ ਰਿਹਾ ਹੈ।

ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਮਕਸਦ ਸਮਾਜ ਦੇ ਹਰ ਵਰਗ ਨੂੰ ਖੇਡਾਂ ਨਾਲ ਜੋੜਨਾ ਹੈ, ਚਾਹੇ ਉਹ ਜੇਲ੍ਹਾਂ ਦੇ ਅੰਦਰ ਹੋਣ ਜਾਂ ਬਾਹਰ, ਤਾਂ ਜੋ ਪੰਜਾਬ ਨੂੰ ਮੁੜ 'ਰੰਗਲਾ ਪੰਜਾਬ' ਬਣਾਇਆ ਜਾ ਸਕੇ।

ਉਨ੍ਹਾਂ ਦੱਸਿਆ ਕਿ ਖੇਡ ਸੱਭਿਆਚਾਰ ਨੂੰ ਮਜ਼ਬੂਤ ਕਰਨ ਅਤੇ ਤੰਦਰੁਸਤ ਸਮਾਜ ਦੀ ਸਿਰਜਣਾ ਦੇ ਮਕਸਦ ਨਾਲ ਸੂਬੇ ਭਰ ਵਿੱਚ 3,000 ਤੋਂ ਵੱਧ ਖੇਡ ਮੈਦਾਨ ਤਿਆਰ ਕੀਤੇ ਗਏ ਹਨ। ਸਰਕਾਰ ਨੌਜਵਾਨਾਂ ਸਣੇ ਹਰ ਵਰਗ ਨੂੰ ਖੇਡਾਂ ਵੱਲ ਉਤਸ਼ਾਹਿਤ ਕਰ ਰਹੀ ਹੈ।

ਇਸ ਸਮਾਗਮ ਵਿੱਚ ਜੇਲ੍ਹ ਵਿਭਾਗ ਦੀ ਪ੍ਰਮੁੱਖ ਸਕੱਤਰ ਭਾਵਨਾ ਗਰਗ, ਏਡੀਜੀਪੀ (ਜੇਲ੍ਹਾਂ) ਰਾਜੇਸ਼ ਕੁਮਾਰ ਜੈਸਵਾਲ, ਡੀਆਈਜੀ (ਜੇਲ੍ਹਾਂ) ਸੂਬਾ ਸਿੰਘ, ਕੇਂਦਰੀ ਜੇਲ੍ਹ ਦੇ ਸੁਪਰਡੈਂਟ ਗੁਰਚਰਨ ਸਿੰਘ ਧਾਲੀਵਾਲ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।