ਪੰਜਾਬ ਦੇ 544 ਸੇਵਾ ਕੇਂਦਰਾਂ 'ਚ ਕੰਮ ਠੱਪ, ਮੁਲਾਜ਼ਮਾਂ ਵੱਲੋਂ ਹੜਤਾਲ ਦਾ ਐਲਾਨ
ਸੂਬੇ ਦੇ 544 ਸੇਵਾ ਕੇਂਦਰਾਂ ਦੇ ਕਾਮਿਆਂ ਨੇ ਮੋਟੇ ਜੁਰਮਾਨੇ ਠੋਕੇ ਜਾਣ ਖ਼ਿਲਾਫ਼ ਵੀਰਵਾਰ ਦੁਪਹਿਰ ਤੋਂ ਸੇਵਾਵਾਂ ਬੰਦ ਕਰਕੇ ਹੜਤਾਲ ਸ਼ੁਰੂ ਕਰ ਦਿੱਤੀ ਹੈ।

ਪੰਜਾਬ ਅੰਦਰ ਚੱਲ ਰਹੇ ਸਾਰੇ 544 ਸੇਵਾ ਕੇਂਦਰਾਂ ਵਿੱਚ ਵੀਰਵਾਰ ਦੁਪਹਿਰ ਵੇਲੇ ਕੰਮਕਾਜ ਪੂਰੀ ਤਰ੍ਹਾਂ ਰੁਕ ਗਿਆ। ਮੁਲਾਜ਼ਮਾਂ ਨੇ ਨਾਗਰਿਕ ਸੁਵਿਧਾਵਾਂ ਦੇਣ ਬਦਲੇ ਲਗਾਏ ਜਾਂਦੇ ਵੱਡੇ ਆਰਥਿਕ ਜੁਰਮਾਨਿਆਂ ਖ਼ਿਲਾਫ਼ ਆਵਾਜ਼ ਚੁੱਕਦਿਆਂ ਸੇਵਾਵਾਂ ਠੱਪ ਕਰ ਦਿੱਤੀਆਂ ਹਨ।
ਇਸ ਫ਼ੈਸਲੇ ਬਾਰੇ ਦੱਸਦਿਆਂ ਸੇਵਾ ਕੇਂਦਰ ਕਰਮਚਾਰੀ ਯੂਨੀਅਨ ਦੀ ਸੂਬਾਈ ਇਕਾਈ ਦੇ ਪ੍ਰਧਾਨ ਜਸਵਿੰਦਰ ਸਿੰਘ ਗਿੱਲ ਨੇ ਆਖਿਆ ਕਿ ਸਬੰਧਤ ਕੰਪਨੀਆਂ ਅਤੇ ਮਹਿਕਮਿਆਂ ਦੀਆਂ ਵਧੀਕੀਆਂ ਖ਼ਿਲਾਫ਼ ਕਾਮਿਆਂ ਨੇ ਕੰਮ ਛੱਡੋ ਹੜਤਾਲ ਦਾ ਰਾਹ ਚੁਣਿਆ ਹੈ।
ਜਸਵਿੰਦਰ ਸਿੰਘ ਗਿੱਲ ਦਾ ਇਲਜ਼ਾਮ ਹੈ ਕਿ ਆਧਾਰ ਕਾਰਡ ਸਮੇਤ ਹੋਰ ਜਨਤਕ ਸੇਵਾਵਾਂ ਦੌਰਾਨ ਸਾਹਮਣੇ ਆਉਣ ਵਾਲੀਆਂ ਨਿੱਕੀਆਂ-ਮੋਟੀਆਂ ਖ਼ਾਮੀਆਂ ਜਾਂ ਤਕਨੀਕੀ ਅੜਚਨਾਂ ਬਦਲੇ ਮੁਲਾਜ਼ਮਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਆਖਿਆ ਕਿ ਬੇਲੋੜੇ ਜੁਰਮਾਨਿਆਂ ਕਾਰਨ ਕਾਮਿਆਂ ਨੂੰ ਭਾਰੀ ਮਾਲੀ ਤੰਗੀ ਝੱਲਣੀ ਪੈ ਰਹੀ ਹੈ।
ਯੂਨੀਅਨ ਆਗੂ ਮੁਤਾਬਕ ਅਗਲੀ ਰੂਪ-ਰੇਖਾ ਉਲੀਕਣ ਲਈ ਵੀਰਵਾਰ ਸ਼ਾਮ ਨੂੰ ਸੂਬਾ ਪੱਧਰੀ ਬੈਠਕ ਸੱਦੀ ਗਈ ਹੈ, ਜਿਸ ਦੌਰਾਨ ਸੰਘਰਸ਼ ਦੇ ਅਗਲੇ ਕਦਮਾਂ ਦਾ ਐਲਾਨ ਕੀਤਾ ਜਾਵੇਗਾ।



