LIVE TV
ਤਾਜ਼ਾ ਖ਼ਬਰਾਂ
ਬੁੱਧਵਾਰ, 11 ਨਵੰਬਰ 2026
ਪੰਜਾਬ

ਮੁੱਖ ਮੰਤਰੀ ਦੀ ਵੀਡੀਓ ਮਾਮਲਾ: ਈਡੀ ਨੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਤੋਂ ਕੀਤੀ ਪੁੱਛਗਿੱਛ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਜੁੜੀ ਇੱਕ ਵੀਡੀਓ ਦੀਆਂ ਕਥਿਤ ਜਾਅਲੀ ਫੋਰੈਂਸਿਕ ਰਿਪੋਰਟਾਂ ਦੇ ਮਾਮਲੇ ਵਿੱਚ ਈਡੀ ਨੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਤੋਂ ਪੁੱਛਗਿੱਛ ਕੀਤੀ ਹੈ।

ਮੁੱਖ ਮੰਤਰੀ ਦੀ ਵੀਡੀਓ ਮਾਮਲਾ: ਈਡੀ ਨੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਤੋਂ ਕੀਤੀ ਪੁੱਛਗਿੱਛ
ਪੰਜਾਬ ਟੈਲੀਵਿਜ਼ਨ

ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸੋਮਵਾਰ ਨੂੰ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਤੋਂ ਚੰਡੀਗੜ੍ਹ ਸਥਿਤ ਆਪਣੇ ਦਫ਼ਤਰ ਵਿੱਚ ਪੁੱਛਗਿੱਛ ਕੀਤੀ। ਇਹ ਜਾਂਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਜੁੜੀ ਇੱਕ ਵਿਵਾਦਤ ਵੀਡੀਓ ਦੀਆਂ ਕਥਿਤ ਜਾਅਲੀ ਫੋਰੈਂਸਿਕ ਅਤੇ ਸਾਈਬਰ ਰਿਪੋਰਟਾਂ ਤਿਆਰ ਕਰਨ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਕੀਤੀ ਗਈ ਹੈ।

ਹਿੰਦੁਸਤਾਨ ਟਾਈਮਜ਼ ਮੁਤਾਬਕ ਈਡੀ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਏਜੰਸੀ ਨੇ ਪੁਲਿਸ ਕਮਿਸ਼ਨਰ ਦਾ ਵਿਸਥਾਰਤ ਬਿਆਨ ਦਰਜ ਕਰ ਲਿਆ ਹੈ ਅਤੇ ਲੋੜ ਪੈਣ 'ਤੇ ਉਨ੍ਹਾਂ ਨੂੰ ਅਗਲੀ ਪੁੱਛਗਿੱਛ ਲਈ ਮੁੜ ਵੀ ਸੱਦਿਆ ਜਾ ਸਕਦਾ ਹੈ। ਸਵਪਨ ਸ਼ਰਮਾ ਪੁੱਛਗਿੱਛ ਮਗਰੋਂ ਬਾਹਰ ਮੌਜੂਦ ਪੱਤਰਕਾਰਾਂ ਨਾਲ ਗੱਲਬਾਤ ਕੀਤੇ ਬਿਨਾਂ ਹੀ ਰਵਾਨਾ ਹੋ ਗਏ।

ਇਹ ਮਾਮਲਾ ਗੁਰੂਗ੍ਰਾਮ ਪੁਲਿਸ ਵੱਲੋਂ 23 ਜੂਨ ਨੂੰ ਦਰਜ ਕੀਤੀ ਗਈ ਇੱਕ ਐੱਫਆਈਆਰ 'ਤੇ ਆਧਾਰਿਤ ਹੈ। ਸਿਰਸਾ ਦੇ ਫੋਰੈਂਸਿਕ ਮਾਹਰ ਜਸਪ੍ਰੀਤ ਸਿੰਘ ਨੇ ਸ਼ਿਕਾਇਤ ਦਿੱਤੀ ਸੀ ਕਿ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਉਸ 'ਤੇ ਅਜਿਹੀਆਂ ਰਿਪੋਰਟਾਂ ਤਿਆਰ ਕਰਨ ਦਾ ਦਬਾਅ ਪਾਇਆ ਸੀ, ਜਿਨ੍ਹਾਂ ਵਿੱਚ ਵੀਡੀਓ ਨੂੰ ਨਕਲੀ, ਏਆਈ ਰਾਹੀਂ ਤਿਆਰ ਜਾਂ ਛੇੜਛਾੜ ਕੀਤੀ ਗਈ ਦੱਸਿਆ ਜਾਵੇ।

ਜਾਂਚ ਮੁਤਾਬਕ ਇਨ੍ਹਾਂ ਵਿਵਾਦਤ ਰਿਪੋਰਟਾਂ ਨੂੰ ਤਿਆਰ ਕਰਵਾਉਣ ਦੇ ਸਿਲਸਿਲੇ ਵਿੱਚ 10 ਲੱਖ ਰੁਪਏ ਦਿੱਤੇ ਗਏ ਸਨ। ਇਸ ਮਾਮਲੇ ਵਿੱਚ ਪੁਲਿਸ ਨੇ ਕਥਿਤ ਸ਼ਮੂਲੀਅਤ ਦੇ ਦੋਸ਼ ਹੇਠ ਅਰੁਣ ਮਹਿੰਦਰੂ ਅਤੇ ਅੰਕਿਤ ਨਾਮੀ ਦੋ ਮੁਲਜ਼ਮਾਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਹੋਇਆ ਹੈ।

ਸਵਪਨ ਸ਼ਰਮਾ ਨੇ ਪਹਿਲਾਂ ਕਿਹਾ ਸੀ ਕਿ ਉਹ ਅਤੇ ਉਨ੍ਹਾਂ ਦੀ ਟੀਮ ਸਾਈਬਰ ਧੋਖਾਧੜੀ ਦੇ ਇੱਕ ਮਾਮਲੇ ਦੀ ਪੜਤਾਲ ਦੇ ਸਿਲਸਿਲੇ ਵਿੱਚ ਗੁਰੂਗ੍ਰਾਮ ਗਏ ਸਨ ਅਤੇ ਉਨ੍ਹਾਂ ਕੋਲ ਇਸ ਦੌਰੇ ਨਾਲ ਸਬੰਧਤ ਪੂਰੇ ਦਸਤਾਵੇਜ਼ ਮੌਜੂਦ ਹਨ।

ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਉਸ ਵੀਡੀਓ ਵਿੱਚ ਉਹ ਖੁਦ ਨਹੀਂ ਹਨ ਅਤੇ ਇਸ ਕਲਿੱਪ ਨੂੰ ਏਆਈ ਦੀ ਮਦਦ ਨਾਲ ਤਿਆਰ ਕੀਤਾ ਗਿਆ ਹੈ। ਅਦਾਲਤ ਵਿੱਚ ਹਾਲੇ ਕੋਈ ਦੋਸ਼ ਸਾਬਤ ਨਹੀਂ ਹੋਇਆ।

ਅਹਿਮ ਘਟਨਾਕ੍ਰਮ

  • ਈਡੀ ਨੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਤੋਂ ਚੰਡੀਗੜ੍ਹ ਵਿੱਚ ਕਈ ਘੰਟੇ ਪੁੱਛਗਿੱਛ ਕੀਤੀ
  • ਮਾਮਲਾ ਮੁੱਖ ਮੰਤਰੀ ਦੀ ਵੀਡੀਓ ਬਾਰੇ ਕਥਿਤ ਜਾਅਲੀ ਫੋਰੈਂਸਿਕ ਰਿਪੋਰਟਾਂ ਨਾਲ ਜੁੜਿਆ ਹੋਇਆ ਹੈ
  • ਗੁਰੂਗ੍ਰਾਮ ਪੁਲਿਸ ਨੇ ਫੋਰੈਂਸਿਕ ਮਾਹਰ ਦੀ ਸ਼ਿਕਾਇਤ 'ਤੇ ਜੂਨ ਵਿੱਚ ਕੇਸ ਦਰਜ ਕੀਤਾ ਸੀ
  • ਪੁਲਿਸ ਕਮਿਸ਼ਨਰ ਨੇ ਕਿਹਾ ਸੀ ਕਿ ਗੁਰੂਗ੍ਰਾਮ ਦਾ ਦੌਰਾ ਸਾਈਬਰ ਧੋਖਾਧੜੀ ਦੀ ਜਾਂਚ ਨਾਲ ਸਬੰਧਤ ਸੀ