LIVE TV
ਤਾਜ਼ਾ ਖ਼ਬਰਾਂ
ਐਤਵਾਰ, 22 ਨਵੰਬਰ 2026
ਪੰਜਾਬ

ਮੋਹਾਲੀ ਵਿੱਚ ਮਕਾਨ ਅਤੇ ਸੈਲੂਨ 'ਤੇ ਚੱਲੀਆਂ ਗੋਲੀਆਂ, ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਸ਼ੁਰੂ

ਮੋਹਾਲੀ ਦੇ ਫੇਜ਼ 11 ਵਿੱਚ ਇੱਕ ਆਰਕੀਟੈਕਟ ਦੇ ਮਕਾਨ ਅਤੇ ਇੱਕ ਸੈਲੂਨ 'ਤੇ ਬਾਈਕ ਸਵਾਰਾਂ ਨੇ ਗੋਲੀਆਂ ਚਲਾਈਆਂ। ਪੁਲਿਸ ਮੁਤਾਬਕ ਦੋਵਾਂ ਘਟਨਾਵਾਂ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।

ਮੋਹਾਲੀ ਵਿੱਚ ਮਕਾਨ ਅਤੇ ਸੈਲੂਨ 'ਤੇ ਚੱਲੀਆਂ ਗੋਲੀਆਂ, ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਸ਼ੁਰੂ
ਪੰਜਾਬ ਟੈਲੀਵਿਜ਼ਨ

ਮੋਹਾਲੀ ਵਿੱਚ ਸ਼ਨੀਵਾਰ ਦੁਪਹਿਰ ਨੂੰ ਮੋਟਰਸਾਈਕਲ ਸਵਾਰ ਹਮਲਾਵਰਾਂ ਵੱਲੋਂ ਦੋ ਵੱਖ-ਵੱਖ ਥਾਵਾਂ 'ਤੇ ਗੋਲੀਆਂ ਚਲਾ ਦਿੱਤੀਆਂ ਗਈਆਂ। ਹਮਲਾਵਰਾਂ ਨੇ ਫੇਜ਼ 11 ਸਥਿਤ ਇੱਕ ਆਰਕੀਟੈਕਟ ਦੇ ਘਰ ਅਤੇ ਇੱਕ ਹੇਅਰ ਸੈਲੂਨ ਨੂੰ ਨਿਸ਼ਾਨਾ ਬਣਾਇਆ। ਇਨ੍ਹਾਂ ਘਟਨਾਵਾਂ ਦੌਰਾਨ ਕਿਸੇ ਵੀ ਵਿਅਕਤੀ ਨੂੰ ਸੱਟ ਨਹੀਂ ਲੱਗੀ।

ਪੁਲਿਸ ਅਨੁਸਾਰ ਆਰਕੀਟੈਕਟ ਦੇ ਮਕਾਨ ਵੱਲ ਚਾਰ ਗੋਲੀਆਂ ਚਲਾਈਆਂ ਗਈਆਂ, ਜਿਨ੍ਹਾਂ ਵਿੱਚੋਂ ਇੱਕ ਗੋਲੀ ਅੰਦਰ ਪਏ ਗੱਦੇ ਵਿੱਚ ਜਾ ਲੱਗੀ। ਇਸੇ ਤਰ੍ਹਾਂ ਸੈਲੂਨ ਵੱਲ ਚਲਾਈਆਂ ਗਈਆਂ ਦੋ ਗੋਲੀਆਂ ਉਸ ਦੇ ਬਾਹਰਲੇ ਸ਼ੀਸ਼ੇ ਵਿੱਚ ਲੱਗੀਆਂ, ਜਿਸ ਕਾਰਨ ਸ਼ੀਸ਼ਾ ਨੁਕਸਾਨਿਆ ਗਿਆ।

ਮੁੱਢਲੀ ਜਾਂਚ ਦੇ ਆਧਾਰ 'ਤੇ ਪੁਲਿਸ ਦਾ ਕਹਿਣਾ ਹੈ ਕਿ ਦੋਵਾਂ ਥਾਵਾਂ 'ਤੇ ਇੱਕੋ ਹਮਲਾਵਰਾਂ ਵੱਲੋਂ ਗੋਲੀਬਾਰੀ ਕੀਤੇ ਜਾਣ ਦਾ ਸ਼ੱਕ ਹੈ। ਮੋਟਰਸਾਈਕਲ ਸਵਾਰ ਮੁਲਜ਼ਮਾਂ ਨੇ ਇੱਕ ਤੋਂ ਬਾਅਦ ਇੱਕ ਦੋਵੇਂ ਥਾਵਾਂ ਨੂੰ ਨਿਸ਼ਾਨਾ ਬਣਾਇਆ ਅਤੇ ਮਗਰੋਂ ਫ਼ਰਾਰ ਹੋ ਗਏ।

ਮਕਾਨ ਮਾਲਕ ਆਰਕੀਟੈਕਟ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਫਿਰੌਤੀ ਦਾ ਫੋਨ ਆਇਆ ਸੀ। ਉਨ੍ਹਾਂ ਦੱਸਿਆ ਕਿ ਪਹਿਲਾਂ ਉਨ੍ਹਾਂ ਨੂੰ ਪਟਾਕਿਆਂ ਦੀ ਆਵਾਜ਼ ਲੱਗੀ, ਪਰ ਜਦੋਂ ਉਹ ਬਾਲਕਨੀ ਵਿੱਚ ਆਏ ਤਾਂ ਹਮਲਾਵਰਾਂ ਨੇ ਇੱਕ ਹੋਰ ਫਾਇਰ ਕੀਤਾ ਜੋ ਉਨ੍ਹਾਂ ਦੇ ਬਿਲਕੁਲ ਕੋਲੋਂ ਲੰਘਿਆ। ਇਸ ਤੋਂ ਬਾਅਦ ਉਨ੍ਹਾਂ ਨੇ ਕੰਟਰੋਲ ਰੂਮ 'ਤੇ ਸੂਚਨਾ ਦਿੱਤੀ।

ਦੂਜੇ ਪਾਸੇ ਸੈਲੂਨ ਦੀ ਸੀਸੀਟੀਵੀ ਫੁਟੇਜ ਮੁਤਾਬਕ ਹੈਲਮੇਟ ਪਹਿਨੇ ਦੋ ਨੌਜਵਾਨਾਂ ਨੇ ਮੋਟਰਸਾਈਕਲ ਰੋਕਿਆ ਅਤੇ ਪਿੱਛੇ ਬੈਠੇ ਵਿਅਕਤੀ ਨੇ ਉੱਤਰ ਕੇ ਸ਼ੀਸ਼ੇ ਵੱਲ ਗੋਲੀਆਂ ਦਾਗੀਆਂ। ਘਟਨਾ ਦੇ ਸਮੇਂ ਸੈਲੂਨ ਵਿੱਚ ਦਸ ਤੋਂ ਬਾਰਾਂ ਮੁਲਾਜ਼ਮ ਹਾਜ਼ਰ ਸਨ, ਪਰ ਸਾਰੇ ਵਾਲ-ਵਾਲ ਬਚ ਗਏ।

ਏਡੀਜੀਪੀ ਗੌਤਮ ਚੀਮਾ ਅਤੇ ਐੱਸਐੱਸਪੀ ਵਰੁਣ ਸ਼ਰਮਾ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਏਡੀਜੀਪੀ ਗੌਤਮ ਚੀਮਾ ਨੇ ਦੱਸਿਆ ਕਿ ਪੁਲਿਸ ਟੀਮਾਂ ਮਾਮਲੇ ਦੀ ਬਾਰੀਕੀ ਨਾਲ ਤਫ਼ਤੀਸ਼ ਕਰ ਰਹੀਆਂ ਹਨ ਅਤੇ ਮੌਕੇ ਤੋਂ ਖੋਲ ਬਰਾਮਦ ਕੀਤੇ ਗਏ ਹਨ। ਫੇਜ਼ 11 ਥਾਣੇ ਦੇ ਐੱਸਐੱਚਓ ਬਲਜਿੰਦਰ ਸਿੰਘ ਕੰਗ ਮੁਤਾਬਕ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਸੀਸੀਟੀਵੀ ਕੈਮਰਿਆਂ ਰਾਹੀਂ ਉਨ੍ਹਾਂ ਦੀ ਪੈੜ ਨੱਪੀ ਜਾ ਰਹੀ ਹੈ।

ਅਹਿਮ ਘਟਨਾਕ੍ਰਮ

  • ਮੋਹਾਲੀ ਵਿੱਚ ਆਰਕੀਟੈਕਟ ਦੇ ਮਕਾਨ ਅਤੇ ਹੇਅਰ ਸੈਲੂਨ 'ਤੇ ਗੋਲੀਬਾਰੀ
  • ਦੋਵਾਂ ਘਟਨਾਵਾਂ ਦੌਰਾਨ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ
  • ਪੁਲਿਸ ਨੂੰ ਦੋਵਾਂ ਵਾਰਦਾਤਾਂ ਵਿੱਚ ਇੱਕੋ ਹਮਲਾਵਰਾਂ ਦੇ ਸ਼ਾਮਲ ਹੋਣ ਦਾ ਸ਼ੱਕ
  • ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਅਸਲਾ ਐਕਟ ਤਹਿਤ ਕੇਸ ਦਰਜ ਕਰਕੇ ਭਾਲ ਸ਼ੁਰੂ