LIVE TV
ਤਾਜ਼ਾ ਖ਼ਬਰਾਂ
ਐਤਵਾਰ, 22 ਨਵੰਬਰ 2026
ਦੇਸ਼

ਰਾਜਸਥਾਨ ਦੇ ਕੋਟਾ ਨੇੜੇ ਵਾਹਨ ਟਕਰਾਉਣ ਕਾਰਨ ਮਹਾਰਾਸ਼ਟਰ ਦੇ ਪਰਿਵਾਰ ਦੇ 9 ਜੀਆਂ ਦੀ ਮੌਤ

ਬਾਬਾ ਖਾਟੂਸ਼ਿਆਮ ਦੇ ਦਰਸ਼ਨ ਕਰਕੇ ਵਾਪਸ ਮੁੜ ਰਹੇ ਸ਼ਰਧਾਲੂਆਂ ਦੀ ਕਰੂਜ਼ਰ ਗੱਡੀ ਖੜ੍ਹੇ ਟਰੱਕ ਵਿੱਚ ਵੱਜੀ, ਜਿਸ ਦੌਰਾਨ ਤਿੰਨ ਬੱਚਿਆਂ ਸਣੇ ਨੌਂ ਜਣਿਆਂ ਦੀ ਜਾਨ ਚਲੀ ਗਈ।

ਰਾਜਸਥਾਨ ਦੇ ਕੋਟਾ ਨੇੜੇ ਵਾਹਨ ਟਕਰਾਉਣ ਕਾਰਨ ਮਹਾਰਾਸ਼ਟਰ ਦੇ ਪਰਿਵਾਰ ਦੇ 9 ਜੀਆਂ ਦੀ ਮੌਤ
ਪੰਜਾਬ ਟੈਲੀਵਿਜ਼ਨ

ਰਾਜਸਥਾਨ ਵਿੱਚ ਕੋਟਾ-ਉਦੈਪੁਰ ਕੌਮੀ ਸ਼ਾਹਰਾਹ ਉੱਤੇ ਵਾਪਰੇ ਹਾਦਸੇ ਦੌਰਾਨ ਮਹਾਰਾਸ਼ਟਰ ਨਾਲ ਸਬੰਧਤ ਇੱਕੋ ਪਰਿਵਾਰ ਦੇ ਨੌਂ ਜੀਆਂ ਨੇ ਦਮ ਤੋੜ ਦਿੱਤਾ। ਮਰਨ ਵਾਲਿਆਂ ਵਿੱਚ ਤਿੰਨ ਬੱਚੇ ਵੀ ਸ਼ਾਮਲ ਹਨ, ਜਦਕਿ ਸੱਤ ਵਿਅਕਤੀ ਫੱਟੜ ਹੋਏ ਹਨ।

ਸਿਟੀ ਐੱਸਪੀ ਤੇਜਸਵਿਨੀ ਗੌਤਮ ਅਨੁਸਾਰ ਇਹ ਘਟਨਾ ਨਾਂਤਾ ਥਾਣੇ ਦੇ ਇਲਾਕੇ ਵਿੱਚ ਪੈਂਦੇ ਪਿੰਡ ਸ਼ੰਭੂਪੁਰਾ ਲਾਗੇ ਰਾਤ ਇੱਕ ਵਜੇ ਦੇ ਕਰੀਬ ਵਾਪਰੀ। ਮਹਾਰਾਸ਼ਟਰ ਦੇ ਵਸਨੀਕ 36 ਰਿਸ਼ਤੇਦਾਰ ਵੱਖ-ਵੱਖ ਤਿੰਨ ਗੱਡੀਆਂ ਰਾਹੀਂ ਬਾਬਾ ਖਾਟੂਸ਼ਿਆਮ ਦੇ ਦਰਸ਼ਨ ਕਰਕੇ ਪਰਤ ਰਹੇ ਸਨ। ਕਾਫ਼ਲੇ ਵਿੱਚ ਅੱਗੇ ਚੱਲ ਰਹੀ 16 ਸਵਾਰੀਆਂ ਵਾਲੀ ਕਰੂਜ਼ਰ ਗੱਡੀ ਸੜਕ ਕੰਢੇ ਖੜ੍ਹੇ ਖ਼ਰਾਬ ਟਰੱਕ ਨਾਲ ਟਕਰਾ ਗਈ।

ਟੱਕਰ ਇੰਨੀ ਤੇਜ਼ ਸੀ ਕਿ ਕਰੂਜ਼ਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਅੰਦਰ ਬੈਠੇ ਲੋਕ ਫਸ ਗਏ। ਪੁਲਿਸ ਟੀਮ ਨੇ ਰਾਹਗੀਰਾਂ ਦੀ ਮਦਦ ਨਾਲ ਵਾਹਨ ਦੇ ਹਿੱਸੇ ਕੱਟ ਕੇ ਸਵਾਰੀਆਂ ਨੂੰ ਬਾਹਰ ਕੱਢਿਆ, ਪਰ ਉਦੋਂ ਤੱਕ ਨੌਂ ਜਾਣਿਆਂ ਦੀ ਮੌਤ ਹੋ ਚੁੱਕੀ ਸੀ। ਪੁਲਿਸ ਦੀ ਮੁੱਢਲੀ ਪੜਤਾਲ ਤੋਂ ਸਾਹਮਣੇ ਆਇਆ ਹੈ ਕਿ ਚਾਲਕ ਨੂੰ ਨੀਂਦ ਦਾ ਝੋਕਾ ਆ ਜਾਣ ਕਾਰਨ ਇਹ ਹਾਦਸਾ ਵਾਪਰਿਆ।

ਫੱਟੜਾਂ ਨੂੰ ਨਿਊ ਮੈਡੀਕਲ ਕਾਲਜ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਸਥਿਤੀ ਖ਼ਤਰੇ ਤੋਂ ਬਾਹਰ ਹੈ। ਮ੍ਰਿਤਕਾਂ ਵਿੱਚ ਸੁਸ਼ੀਲਾ, ਕੈਲਾਸ਼, ਬਾਬੂਲਾਲ, ਜਾਨ੍ਹਵੀ, ਊਸ਼ਾ ਬਾਈ, ਸਾਨਵੀ, ਸੱਜਣ, ਅਨੀਤਾ ਤੇ ਮਾਧਵੀ ਸ਼ਾਮਲ ਹਨ।

ਹਾਦਸੇ ਵਿੱਚ ਜ਼ਖ਼ਮੀ ਹੋਏ ਮੱਧ ਪ੍ਰਦੇਸ਼ ਦੇ ਟਰੱਕ ਚਾਲਕ ਹਾਰੂਨ ਨੇ ਦੱਸਿਆ ਕਿ ਗੱਡੀ ਖ਼ਰਾਬ ਹੋਣ ਕਰਕੇ ਉਸ ਨੇ ਇਸ ਨੂੰ ਸੜਕ ਕਿਨਾਰੇ ਲਾਇਆ ਸੀ। ਉਹ ਪਿੱਛੇ ਜਾ ਕੇ ਨੁਕਸ ਚੈੱਕ ਕਰ ਹੀ ਰਿਹਾ ਸੀ ਕਿ ਪਿੱਛੋਂ ਤੇਜ਼ ਰਫ਼ਤਾਰ ਗੱਡੀ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਦੂਰ ਜਾ ਡਿੱਗਿਆ। ਹੋਸ਼ ਆਉਣ ਉੱਤੇ ਉਸ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ।

ਅਹਿਮ ਘਟਨਾਕ੍ਰਮ

  • ਸ਼ੰਭੂਪੁਰਾ ਨੇੜੇ ਕੋਟਾ-ਉਦੈਪੁਰ ਸ਼ਾਹਰਾਹ ਉੱਤੇ ਰਾਤ 1 ਵਜੇ ਵਾਪਰਿਆ ਹਾਦਸਾ
  • ਖਾਟੂਸ਼ਿਆਮ ਤੋਂ ਮਹਾਰਾਸ਼ਟਰ ਪਰਤ ਰਹੇ ਸ਼ਰਧਾਲੂਆਂ ਦੀ ਗੱਡੀ ਖੜ੍ਹੇ ਟਰੱਕ ਨਾਲ ਟਕਰਾਈ
  • ਪਰਿਵਾਰ ਦੇ 9 ਮੈਂਬਰਾਂ ਦੀ ਮੌਤ, ਜਿਨ੍ਹਾਂ ਵਿੱਚ 3 ਬੱਚੇ ਵੀ ਸ਼ਾਮਲ
  • ਫੱਟੜਾਂ ਦਾ ਨਿਊ ਮੈਡੀਕਲ ਕਾਲਜ ਹਸਪਤਾਲ ਵਿਖੇ ਚੱਲ ਰਿਹਾ ਹੈ ਇਲਾਜ