LIVE TV
ਤਾਜ਼ਾ ਖ਼ਬਰਾਂ
ਬੁੱਧਵਾਰ, 11 ਨਵੰਬਰ 2026
ਪੰਜਾਬ

ਲੁਧਿਆਣਾ ਦੇ ਪਿੰਡ ਰਾਜੋਆਣਾ ਕਲਾਂ ਦੇ ਗੁਰਦੁਆਰਾ ਸਾਹਿਬ ’ਤੇ ਗੋਲ਼ੀਬਾਰੀ, ਪੁਲਿਸ ਵੱਲੋਂ ਜਾਂਚ ਸ਼ੁਰੂ

ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰਾਜੋਆਣਾ ਕਲਾਂ ਸਥਿਤ ਗੁਰਦੁਆਰਾ ਮੰਜੀ ਸਾਹਿਬ ਵਿਖੇ ਦੋ ਮੋਟਰਸਾਈਕਲ ਸਵਾਰਾਂ ਨੇ ਮੁੱਖ ਸੇਵਾਦਾਰ ਦੇ ਕਮਰੇ ਵੱਲ ਗੋਲ਼ੀਆਂ ਚਲਾਈਆਂ। ਮੁੱਖ ਸੇਵਾਦਾਰ ਵਾਲ-ਵਾਲ ਬਚ ਗਏ ਅਤੇ ਪੁਲਿਸ ਨੇ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਲੁਧਿਆਣਾ ਦੇ ਪਿੰਡ ਰਾਜੋਆਣਾ ਕਲਾਂ ਦੇ ਗੁਰਦੁਆਰਾ ਸਾਹਿਬ ’ਤੇ ਗੋਲ਼ੀਬਾਰੀ, ਪੁਲਿਸ ਵੱਲੋਂ ਜਾਂਚ ਸ਼ੁਰੂ
ਪੰਜਾਬ ਟੈਲੀਵਿਜ਼ਨ

ਲੁਧਿਆਣਾ ਦਿਹਾਤੀ ਅਧੀਨ ਪੈਂਦੇ ਪਿੰਡ ਰਾਜੋਆਣਾ ਕਲਾਂ ਦੇ ਇਤਿਹਾਸਕ ਗੁਰਦੁਆਰਾ ਮੰਜੀ ਸਾਹਿਬ ਵਿਖੇ ਬੁੱਧਵਾਰ ਤੜਕੇ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਨੇ ਗੋਲ਼ੀਆਂ ਚਲਾ ਦਿੱਤੀਆਂ। ਇਹ ਗੋਲ਼ੀਆਂ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਲਦੇਵ ਸਿੰਘ ਦੇ ਕਮਰੇ ਨੂੰ ਨਿਸ਼ਾਨਾ ਬਣਾ ਕੇ ਦਾਗ਼ੀਆਂ ਗਈਆਂ।

ਪੁਲਿਸ ਮੁਤਾਬਕ ਇਹ ਘਟਨਾ ਤੜਕੇ ਕਰੀਬ ਸਵਾ ਤਿੰਨ ਵਜੇ ਵਾਪਰੀ। ਮੁੱਖ ਸੇਵਾਦਾਰ ਬਲਦੇਵ ਸਿੰਘ ਉਸ ਸਮੇਂ ਕਮਰੇ ਨਾਲ ਲੱਗਦੇ ਬਾਥਰੂਮ ਵਿੱਚ ਮੌਜੂਦ ਸਨ, ਜਿਸ ਕਾਰਨ ਉਨ੍ਹਾਂ ਦਾ ਬਚਾਅ ਹੋ ਗਿਆ। ਗੋਲ਼ੀਆਂ ਲੱਗਣ ਕਾਰਨ ਕਮਰੇ ਦੀ ਖਿੜਕੀ ਦੇ ਸ਼ੀਸ਼ੇ ਟੁੱਟ ਗਏ।

ਬਲਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਤੜਕੇ ਤਿੰਨ ਵਜੇ ਗੁਰਦੁਆਰਾ ਸਾਹਿਬ ਦਾ ਮੁੱਖ ਗੇਟ ਖੋਲ੍ਹਿਆ ਸੀ ਅਤੇ ਫਿਰ ਬਾਥਰੂਮ ਚਲੇ ਗਏ। ਇਸ ਦੌਰਾਨ ਪੈਰਾਂ ਦੀ ਆਹਟ ਸੁਣਾਈ ਦਿੱਤੀ ਅਤੇ ਕੁੱਝ ਹੀ ਪਲਾਂ ਬਾਅਦ ਦੋ ਗੋਲ਼ੀਆਂ ਚੱਲਣ ਤੇ ਸ਼ੀਸ਼ਾ ਟੁੱਟਣ ਦੀ ਆਵਾਜ਼ ਆਈ। ਉਨ੍ਹਾਂ ਨੇ ਬਾਥਰੂਮ ਦਾ ਦਰਵਾਜ਼ਾ ਅੰਦਰੋਂ ਬੰਦ ਰੱਖਿਆ ਅਤੇ ਹਮਲਾਵਰਾਂ ਦੇ ਜਾਣ ਮਗਰੋਂ ਬਾਹਰ ਆ ਕੇ ਰੌਲ਼ਾ ਪਾਇਆ।

ਗੁਰਦੁਆਰਾ ਸਾਹਿਬ ਦੇ ਗ੍ਰੰਥੀ ਕੁਲਵੰਤ ਸਿੰਘ ਮੁਤਾਬਕ ਉਨ੍ਹਾਂ ਨੇ ਵੀ ਆਵਾਜ਼ ਸੁਣੀ ਸੀ ਪਰ ਪਹਿਲਾਂ ਪਟਾਕਿਆਂ ਦਾ ਭੁਲੇਖਾ ਪਿਆ। ਉਨ੍ਹਾਂ ਨੇ ਦੋ ਸ਼ੱਕੀਆਂ ਨੂੰ ਦੇਖਿਆ ਵੀ, ਪਰ ਉਨ੍ਹਾਂ ਦੇ ਨੇੜੇ ਪਹੁੰਚਣ ਤੋਂ ਪਹਿਲਾਂ ਹੀ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ।

ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਲੁਧਿਆਣਾ ਦਿਹਾਤੀ ਦੇ ਐੱਸਐੱਸਪੀ ਅੰਕੁਰ ਗੁਪਤਾ ਸਮੇਤ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਮੌਕੇ ਦਾ ਜਾਇਜ਼ਾ ਲਿਆ। ਥਾਣਾ ਸੁਧਾਰ ਦੇ ਇੰਸਪੈਕਟਰ ਰਾਜਵਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਐੱਫਆਈਆਰ ਦਰਜ ਕਰ ਲਈ ਗਈ ਹੈ ਅਤੇ ਆਸ-ਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।

ਦਾਖਾ ਦੇ ਡੀਐੱਸਪੀ ਕਰਨ ਸਿੰਘ ਸੰਧੂ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਵਿੱਚ ਦੋ ਨਕਾਬਪੋਸ਼ ਵਿਅਕਤੀ ਮੋਟਰਸਾਈਕਲ ’ਤੇ ਦਿਖਾਈ ਦਿੱਤੇ ਹਨ ਅਤੇ ਜਲਦ ਹੀ ਉਨ੍ਹਾਂ ਦਾ ਪਤਾ ਲਗਾ ਕੇ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੋਮਵਾਰ ਤੇ ਮੰਗਲਵਾਰ ਦੀ ਦਰਮਿਆਨੀ ਰਾਤ ਨੂੰ ਜਗਰਾਓਂ ਨੇੜਲੇ ਪਿੰਡ ਗਗੜਾ ਦੇ ਗੁਰਦੁਆਰਾ ਸ੍ਰੀ ਗੋਪਾਲਸਰ ਸਾਹਿਬ ਵਿਖੇ ਵੀ ਇੱਕ ਨਕਾਬਪੋਸ਼ ਨੇ ਦੋ ਗੋਲ਼ੀਆਂ ਚਲਾਈਆਂ ਸਨ ਅਤੇ ਧਮਕੀ ਭਰਿਆ ਪੱਤਰ ਛੱਡਿਆ ਸੀ। ਪੁਲਿਸ ਹੁਣ ਇਸ ਗੱਲ ਦੀ ਵੀ ਪੜਤਾਲ ਕਰ ਰਹੀ ਹੈ ਕਿ ਕੀ ਇਨ੍ਹਾਂ ਦੋਵਾਂ ਘਟਨਾਵਾਂ ਦਾ ਆਪਸ ਵਿੱਚ ਕੋਈ ਸਬੰਧ ਹੈ।

ਅਦਾਲਤ ਵਿੱਚ ਹਾਲੇ ਕੋਈ ਦੋਸ਼ ਸਾਬਤ ਨਹੀਂ ਹੋਇਆ।

ਅਹਿਮ ਘਟਨਾਕ੍ਰਮ

  • ਰਾਜੋਆਣਾ ਕਲਾਂ ਦੇ ਗੁਰਦੁਆਰਾ ਮੰਜੀ ਸਾਹਿਬ ਵਿਖੇ ਮੁੱਖ ਸੇਵਾਦਾਰ ਦੇ ਕਮਰੇ ਵੱਲ ਦੋ ਗੋਲ਼ੀਆਂ ਚਲਾਈਆਂ ਗਈਆਂ
  • ਮੁੱਖ ਸੇਵਾਦਾਰ ਬਲਦੇਵ ਸਿੰਘ ਬਾਥਰੂਮ ਵਿੱਚ ਹੋਣ ਕਾਰਨ ਵਾਲ-ਵਾਲ ਬਚੇ
  • ਥਾਣਾ ਸੁਧਾਰ ਦੀ ਪੁਲਿਸ ਵੱਲੋਂ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਐੱਫਆਈਆਰ ਦਰਜ
  • ਪੁਲਿਸ ਪਿੰਡ ਗਗੜਾ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ ਗੋਲ਼ੀਬਾਰੀ ਨਾਲ ਸਬੰਧਾਂ ਦੀ ਵੀ ਕਰ ਰਹੀ ਹੈ ਜਾਂਚ