LIVE TV
ਤਾਜ਼ਾ ਖ਼ਬਰਾਂ
ਬੁੱਧਵਾਰ, 11 ਨਵੰਬਰ 2026
ਪੰਜਾਬ

ਲੁਧਿਆਣਾ ਵਿੱਚ ਜਨਮ ਦਿਨ ਦੀ ਪਾਰਟੀ ਦੌਰਾਨ ਝਗੜੇ ਮਗਰੋਂ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ

ਲੁਧਿਆਣਾ ਦੇ ਲਲਤੋਂ ਇਲਾਕੇ ਵਿੱਚ ਜਨਮ ਦਿਨ ਦੀ ਪਾਰਟੀ ਦੌਰਾਨ ਹੋਈ ਬਹਿਸ ਤੋਂ ਬਾਅਦ 34 ਸਾਲਾ ਰਾਹੁਲ ਸ਼ਰਮਾ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ।

ਲੁਧਿਆਣਾ ਵਿੱਚ ਜਨਮ ਦਿਨ ਦੀ ਪਾਰਟੀ ਦੌਰਾਨ ਝਗੜੇ ਮਗਰੋਂ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ
ਪੰਜਾਬ ਟੈਲੀਵਿਜ਼ਨ

ਲੁਧਿਆਣਾ ਵਿੱਚ ਬੁੱਧਵਾਰ ਦੇਰ ਰਾਤ ਜਨਮ ਦਿਨ ਦੀ ਪਾਰਟੀ ਦੌਰਾਨ ਹੋਏ ਝਗੜੇ ਤੋਂ ਬਾਅਦ ਇੱਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ਕਰੀਬ 34 ਸਾਲਾ ਰਾਹੁਲ ਸ਼ਰਮਾ ਵਜੋਂ ਹੋਈ ਹੈ, ਜੋ ਸ਼ਹਿਰ ਦੇ ਇੱਕ ਮਸ਼ਹੂਰ ਖਾਣ-ਪੀਣ ਦੇ ਕਾਰੋਬਾਰੀ ਦਾ ਪੁੱਤਰ ਸੀ।

ਡੀਸੀਪੀ ਸਿਟੀ ਆਲਮ ਵਿਜੇ ਸਿੰਘ ਨੇ ਦੱਸਿਆ ਕਿ ਥਾਣਾ ਸਦਰ ਅਧੀਨ ਪੈਂਦੀ ਲਲਤੋਂ ਚੌਕੀ ਦੇ ਖੇਤਰ ਵਿੱਚ ਗੋਲੀਬਾਰੀ ਦੀ ਸੂਚਨਾ ਮਿਲੀ ਸੀ। ਪੁਲਿਸ ਜਦੋਂ ਮੌਕੇ ਉੱਤੇ ਪਹੁੰਚੀ ਤਾਂ ਪਤਾ ਲੱਗਿਆ ਕਿ 8 ਤੋਂ 10 ਨੌਜਵਾਨ ਇੱਕ ਦੋਸਤ ਦੇ ਜਨਮ ਦਿਨ ਦੀ ਪਾਰਟੀ ਕਰ ਰਹੇ ਸਨ, ਜਿੱਥੇ ਆਪਸੀ ਬਹਿਸ ਦੌਰਾਨ ਗੋਲੀ ਚੱਲ ਗਈ।

ਗੋਲੀ ਲੱਗਣ ਮਗਰੋਂ ਜ਼ਖ਼ਮੀ ਰਾਹੁਲ ਨੂੰ ਉਸ ਦੇ ਦੋਸਤ ਡੀਐੱਮਸੀ ਹਸਪਤਾਲ ਲੈ ਕੇ ਗਏ, ਜਿੱਥੇ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ। ਉਹ ਆਪਣੀ ਸਕਾਰਪੀਓ ਗੱਡੀ ਵਿੱਚ ਪਾਰਟੀ ਵਾਲੀ ਥਾਂ ਪਹੁੰਚਿਆ ਸੀ।

ਪੁਲਿਸ ਅਧਿਕਾਰੀ ਮੁਤਾਬਕ ਇਹ ਘਟਨਾ ਮੌਕੇ ਉੱਤੇ ਹੋਈ ਤਕਰਾਰ ਕਾਰਨ ਵਾਪਰੀ ਜਾਪਦੀ ਹੈ ਅਤੇ ਦੋਵਾਂ ਧਿਰਾਂ ਵਿਚਾਲੇ ਪਹਿਲਾਂ ਤੋਂ ਕੋਈ ਦੁਸ਼ਮਣੀ ਸਾਹਮਣੇ ਨਹੀਂ ਆਈ।

ਮ੍ਰਿਤਕ ਦੇ ਜੀਜਾ ਪੀਯੂਸ਼ ਸ਼ਰਮਾ ਦੇ ਬਿਆਨਾਂ ਦੇ ਆਧਾਰ ਉੱਤੇ ਥਾਣਾ ਸਦਰ ਵਿੱਚ ਭਾਰਤੀ ਨਿਆਂ ਸੰਹਿਤਾ ਦੀ ਧਾਰਾ 103(1) ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਐੱਫਆਈਆਰ ਵਿੱਚ ਅਖਿਲ ਜੋਸ਼ੀ, ਪਰਮਰਾਜ ਅਤੇ ਗਗਨਦੀਪ ਸਮੇਤ ਅੱਠ ਲੋਕਾਂ ਅਤੇ ਕੁਝ ਅਣਪਛਾਤਿਆਂ ਖ਼ਿਲਾਫ਼ ਦੋਸ਼ ਲਾਏ ਗਏ ਹਨ।

ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦੇ ਨਿਰਦੇਸ਼ਾਂ ਉੱਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਸੀਆਈਏ ਅਤੇ ਸਦਰ ਥਾਣੇ ਦੀਆਂ ਚਾਰ ਟੀਮਾਂ ਤਿਆਰ ਕੀਤੀਆਂ ਗਈਆਂ ਹਨ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ। ਅਦਾਲਤ ਵਿੱਚ ਹਾਲੇ ਕੋਈ ਦੋਸ਼ ਸਾਬਤ ਨਹੀਂ ਹੋਇਆ।