ਲੁਧਿਆਣਾ ਵਿੱਚ 1 ਨਵੰਬਰ ਤੋਂ ਦੁੱਧ 3 ਰੁਪਏ ਪ੍ਰਤੀ ਕਿੱਲੋ ਮਹਿੰਗਾ ਮਿਲੇਗਾ
ਤਿਉਹਾਰੀ ਸੀਜ਼ਨ ਦੌਰਾਨ ਡੇਅਰੀ ਸੰਚਾਲਕਾਂ ਨੇ ਲੁਧਿਆਣਾ ਸ਼ਹਿਰ ਅੰਦਰ ਦੁੱਧ ਦੇ ਭਾਅ ਵਿੱਚ 3 ਰੁਪਏ ਪ੍ਰਤੀ ਕਿੱਲੋ ਅਤੇ ਫੈਟ ਵਿੱਚ 30 ਪੈਸੇ ਵਾਧੇ ਦਾ ਐਲਾਨ ਕੀਤਾ ਹੈ।

ਲੁਧਿਆਣਾ ਵਾਸੀਆਂ ਨੂੰ ਅਗਲੇ ਮਹੀਨੇ ਦੀ ਸ਼ੁਰੂਆਤ ਤੋਂ ਦੁੱਧ ਖ਼ਰੀਦਣ ਲਈ ਵੱਧ ਪੈਸੇ ਖ਼ਰਚਣੇ ਪੈਣਗੇ। ਸ਼ਹਿਰ ਦੇ ਡੇਅਰੀ ਕਾਰੋਬਾਰੀਆਂ ਨੇ 1 ਨਵੰਬਰ ਤੋਂ ਪ੍ਰਤੀ ਕਿੱਲੋ ਦੁੱਧ ਪਿੱਛੇ 3 ਰੁਪਏ ਦਾ ਵਾਧਾ ਕਰਨ ਦਾ ਫ਼ੈਸਲਾ ਲਿਆ ਹੈ।
ਹੈਬੋਵਾਲ ਅਤੇ ਤਾਜਪੁਰ ਡੇਅਰੀ ਕੰਪਲੈਕਸ ਨਾਲ ਜੁੜੇ ਸੰਚਾਲਕਾਂ ਨੇ ਆਪਸੀ ਸਹਿਮਤੀ ਨਾਲ ਇਹ ਕਦਮ ਚੁੱਕਿਆ ਹੈ। ਹੈਬੋਵਾਲ ਡੇਅਰੀ ਦੇ ਮੁਖੀ ਕੁਲਦੀਪ ਸਿੰਘ ਲਹਿਰੀਆ ਸਮੇਤ ਕਾਰੋਬਾਰੀ ਨੁਮਾਇੰਦਿਆਂ ਨੇ ਦੱਸਿਆ ਕਿ ਸ਼ਹਿਰ ਦੇ ਸਾਰੇ ਬੂਥਾਂ ਉੱਤੇ ਇਹ ਨਵੀਂ ਦਰ ਲਾਗੂ ਹੋਵੇਗੀ।
ਇਸ ਫ਼ੈਸਲੇ ਤਹਿਤ ਕ੍ਰੀਮ ਡੇਅਰੀ ਵਾਲਿਆਂ ਵਾਸਤੇ ਫੈਟ ਦੇ ਹਿਸਾਬ ਵਿੱਚ ਵੀ 30 ਪੈਸੇ ਦਾ ਇਜ਼ਾਫ਼ਾ ਕੀਤਾ ਗਿਆ ਹੈ। ਡੇਅਰੀ ਨੁਮਾਇੰਦਿਆਂ ਨੇ ਸਾਰੇ ਡੇਅਰੀ ਮਾਲਕਾਂ ਨੂੰ ਇਹ ਨਵੇਂ ਰੇਟ ਅਮਲ ਵਿੱਚ ਲਿਆਉਣ ਲਈ ਆਖਿਆ ਹੈ।
ਡੇਅਰੀ ਆਗੂਆਂ ਮੁਤਾਬਕ ਕੀਮਤਾਂ ਵਧਾਉਣ ਪਿੱਛੇ ਡੰਗਰਾਂ ਦੇ ਚਾਰੇ ਅਤੇ ਖੁਰਾਕ ਉੱਤੇ ਵਧਿਆ ਖ਼ਰਚਾ ਮੁੱਖ ਵਜ੍ਹਾ ਹੈ। ਪਿਛਲੇ ਕੁਝ ਸਮੇਂ ਦੌਰਾਨ ਤੂੜੀ, ਹਰੇ ਪੱਠਿਆਂ ਅਤੇ ਦਾਣਿਆਂ ਦੇ ਭਾਅ ਕਾਫ਼ੀ ਚੜ੍ਹ ਗਏ ਹਨ, ਜਿਸ ਨਾਲ ਪਸ਼ੂ ਪਾਲਣ ਦੀ ਲਾਗਤ ਵਧ ਗਈ ਹੈ।
ਕਾਰੋਬਾਰੀਆਂ ਦਾ ਕਹਿਣਾ ਹੈ ਕਿ ਲਗਾਤਾਰ ਪੈ ਰਹੇ ਘਾਟੇ ਕਾਰਨ ਡੇਅਰੀ ਮਾਲਕਾਂ ਲਈ ਪਰਿਵਾਰ ਪਾਲਣਾ ਔਖਾ ਹੋ ਰਿਹਾ ਹੈ ਅਤੇ ਕਈ ਆਪਣੀਆਂ ਡੇਅਰੀਆਂ ਵੇਚਣ ਦੇ ਕੰਢੇ ਪਹੁੰਚ ਗਏ ਹਨ। ਇਸੇ ਆਰਥਿਕ ਤੰਗੀ ਕਾਰਨ ਰੇਟ ਵਧਾਉਣਾ ਲਾਜ਼ਮੀ ਹੋ ਗਿਆ ਸੀ।



