LIVE TV
ਤਾਜ਼ਾ ਖ਼ਬਰਾਂ
ਬੁੱਧਵਾਰ, 11 ਨਵੰਬਰ 2026
ਪੰਜਾਬ

ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਆਗੂ ਰਵੀ ਮੋਹਨ ਆਮ ਆਦਮੀ ਪਾਰਟੀ ਵਿੱਚ ਸ਼ਾਮਲ

ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਹਲਕਾ ਇੰਚਾਰਜ ਰਵੀ ਮੋਹਨ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ।

ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਆਗੂ ਰਵੀ ਮੋਹਨ ਆਮ ਆਦਮੀ ਪਾਰਟੀ ਵਿੱਚ ਸ਼ਾਮਲ
ਪੰਜਾਬ ਟੈਲੀਵਿਜ਼ਨ

ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਪਿੜ ਵਿੱਚ ਨਵੇਂ ਬਦਲਾਅ ਵੇਖਣ ਨੂੰ ਮਿਲ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਹਲਕਾ ਇੰਚਾਰਜ ਰਵੀ ਮੋਹਨ ਸੋਮਵਾਰ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਮੁੱਖ ਮੰਤਰੀ ਭਗਵੰਤ ਮਾਨ ਨੇ ਖ਼ੁਦ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਉਂਦਿਆਂ ਮੈਂਬਰਸ਼ਿਪ ਦਵਾਈ।

ਇਹ ਸਿਆਸੀ ਉਲਟਫੇਰ ਅਜਿਹੇ ਵੇਲੇ ਹੋਇਆ ਹੈ ਜਦੋਂ ਹਾਲ ਹੀ ਵਿੱਚ 'ਆਪ' ਦੇ ਤਿੰਨ ਬਾਗੀ ਵਿਧਾਇਕ ਭਾਰਤੀ ਜਨਤਾ ਪਾਰਟੀ ਵਿੱਚ ਰਲ ਗਏ ਹਨ। ਭਾਜਪਾ ਵਿੱਚ ਜਾਣ ਵਾਲਿਆਂ ਵਿੱਚ ਸਾਬਕਾ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਤੋਂ ਇਲਾਵਾ ਸਾਬਕਾ ਪੁਲਿਸ ਅਫ਼ਸਰ ਕੁੰਵਰ ਵਿਜੇ ਪ੍ਰਤਾਪ ਅਤੇ ਹਰਮੀਤ ਸਿੰਘ ਪਠਾਣਮਾਜਰਾ ਸ਼ਾਮਲ ਹਨ। ਇਹ ਤਿੰਨੇ ਆਗੂ ਕ੍ਰਮਵਾਰ ਸਮਾਣਾ, ਅੰਮ੍ਰਿਤਸਰ ਉੱਤਰੀ ਅਤੇ ਸਨੌਰ ਹਲਕਿਆਂ ਦੀ ਨੁਮਾਇੰਦਗੀ ਕਰਦੇ ਰਹੇ ਸਨ।

ਵਿਧਾਨ ਸਭਾ ਦੇ ਸਪੀਕਰ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਅਤੇ ਹਰਮੀਤ ਸਿੰਘ ਪਠਾਣਮਾਜਰਾ ਦੇ ਅਸਤੀਫ਼ੇ ਪ੍ਰਵਾਨ ਕਰ ਲਏ ਹਨ, ਜਿਸ ਕਾਰਨ ਦੋਵਾਂ ਵਿਧਾਨ ਸਭਾ ਖੇਤਰਾਂ ਦੀਆਂ ਸੀਟਾਂ ਖ਼ਾਲੀ ਐਲਾਨੀਆਂ ਗਈਆਂ ਹਨ। 'ਆਪ' ਵੱਲੋਂ ਆਗਾਮੀ 2027 ਵਿਧਾਨ ਸਭਾ ਚੋਣਾਂ ਵਾਸਤੇ 40 ਉਮੀਦਵਾਰਾਂ ਦੀ ਸ਼ੁਰੂਆਤੀ ਸੂਚੀ ਜਾਰੀ ਕਰਨ ਮਗਰੋਂ ਇਹ ਘਟਨਾਵਾਂ ਵਾਪਰੀਆਂ ਹਨ।

ਦੂਜੇ ਪਾਸੇ, ਪੰਜਾਬ ਕਾਂਗਰਸ ਦੇ ਪ੍ਰਧਾਨ ਪਰਗਟ ਸਿੰਘ ਨੇ ਇਸ ਪੂਰੇ ਮਾਮਲੇ ਉੱਤੇ ਆਮ ਆਦਮੀ ਪਾਰਟੀ ਅਤੇ ਸੂਬਾ ਸਰਕਾਰ 'ਤੇ ਤਨਜ਼ ਕੱਸਿਆ ਹੈ। ਉਨ੍ਹਾਂ ਕਿਹਾ ਕਿ ਈਡੀ ਅਤੇ ਸੀਬੀਆਈ ਦੇ ਛਾਪਿਆਂ ਰਾਹੀਂ ਆਗੂਆਂ ਨੂੰ ਡਰਾਇਆ ਜਾ ਰਿਹਾ ਹੈ ਅਤੇ 'ਆਪ' ਭਾਜਪਾ ਲਈ ਰਾਹ ਪੱਧਰਾ ਕਰ ਰਹੀ ਹੈ।

ਭਾਜਪਾ ਵਿੱਚ ਗਏ ਆਗੂਆਂ ਨੇ ਸਰਕਾਰ ਉੱਤੇ ਨਸ਼ਿਆਂ ਅਤੇ ਕਾਨੂੰਨ ਵਿਵਸਥਾ ਨੂੰ ਸੰਭਾਲਣ ਵਿੱਚ ਅਸਫ਼ਲ ਰਹਿਣ ਦੇ ਦੋਸ਼ ਲਾਏ ਸਨ। ਉੱਧਰ ਭਾਜਪਾ ਆਗੂਆਂ ਦਾ ਦਾਅਵਾ ਹੈ ਕਿ ਨਵੇਂ ਆਗੂਆਂ ਦੇ ਜੁੜਨ ਨਾਲ ਪੰਜਾਬ ਅੰਦਰ ਉਨ੍ਹਾਂ ਦੀ ਪਾਰਟੀ ਹੋਰ ਮਜ਼ਬੂਤ ਹੋਵੇਗੀ।

ਅਹਿਮ ਘਟਨਾਕ੍ਰਮ

  • ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਆਗੂ ਰਵੀ ਮੋਹਨ 'ਆਪ' ਵਿੱਚ ਸ਼ਾਮਲ
  • ਮੁੱਖ ਮੰਤਰੀ ਭਗਵੰਤ ਮਾਨ ਨੇ ਰਵੀ ਮੋਹਨ ਨੂੰ ਦਵਾਈ ਪਾਰਟੀ ਦੀ ਮੈਂਬਰਸ਼ਿਪ
  • ਇਸ ਤੋਂ ਪਹਿਲਾਂ 'ਆਪ' ਦੇ ਤਿੰਨ ਵਿਧਾਇਕ ਭਾਜਪਾ ਵਿੱਚ ਹੋਏ ਸਨ ਸ਼ਾਮਲ
  • ਵਿਧਾਨ ਸਭਾ ਸਪੀਕਰ ਨੇ ਦੋ ਵਿਧਾਇਕਾਂ ਦੀਆਂ ਸੀਟਾਂ ਕੀਤੀਆਂ ਖ਼ਾਲੀ