ਸੁਲਤਾਨਪੁਰ ਲੋਧੀ ਵਿਖੇ ਗੁਰਦੁਆਰਾ ਬੇਰ ਸਾਹਿਬ ਨੂੰ ਦੇਸੀ-ਵਿਦੇਸ਼ੀ ਫੁੱਲਾਂ ਨਾਲ ਸ਼ਿੰਗਾਰਿਆ
ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਸੁਲਤਾਨਪੁਰ ਲੋਧੀ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਵੱਡੇ ਪੱਧਰ 'ਤੇ ਫੁੱਲਾਂ ਦੀ ਸਜਾਵਟ ਕੀਤੀ ਗਈ ਹੈ।

ਸੁਲਤਾਨਪੁਰ ਲੋਧੀ ਵਿੱਚ ਗੁਰੂ ਨਾਨਕ ਦੇਵ ਜੀ ਦੇ 557ਵੇਂ ਆਗਮਨ ਪੁਰਬ ਦੀਆਂ ਰੌਣਕਾਂ ਵਧ ਗਈਆਂ ਹਨ। ਇਸ ਇਤਿਹਾਸਕ ਨਗਰੀ ਵਿੱਚ ਸਥਿਤ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੀ ਮੁੱਖ ਇਮਾਰਤ ਨੂੰ ਅਨੇਕਾਂ ਕਿਸਮਾਂ ਦੇ ਖ਼ੂਬਸੂਰਤ ਫੁੱਲ ਲਗਾ ਕੇ ਸ਼ਾਨਦਾਰ ਰੂਪ ਦਿੱਤਾ ਗਿਆ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਥਾਨਕ ਪ੍ਰਬੰਧਕਾਂ ਦੀ ਅਗਵਾਈ ਵਿੱਚ ਗੁਰਦੁਆਰਾ ਸਾਹਿਬ ਦੇ ਅੰਦਰਲੇ ਹਿੱਸੇ ਅਤੇ ਬਾਹਰਲੇ ਚੌਗਿਰਦੇ ਵਿੱਚ ਫੁੱਲ ਲਗਾਏ ਗਏ ਹਨ। ਦਰਸ਼ਨ ਕਰਨ ਆ ਰਹੀ ਸੰਗਤ ਲਈ ਇਹ ਮਨਮੋਹਕ ਨਜ਼ਾਰਾ ਖਿੱਚ ਦਾ ਮੁੱਖ ਕਾਰਨ ਬਣਿਆ ਹੋਇਆ ਹੈ।
ਇਸੇ ਤਰ੍ਹਾਂ ਭਾਈ ਮਰਦਾਨਾ ਜੀ ਦੀਵਾਨ ਹਾਲ ਵਿੱਚ ਵੀ ਵੱਖ-ਵੱਖ ਕਿਸਮਾਂ ਦੇ ਫੁੱਲ ਸਜਾਉਣ ਦੀ ਕਾਰਵਾਈ ਚੱਲ ਰਹੀ ਹੈ। ਪ੍ਰਬੰਧ ਮੁਤਾਬਕ ਸਜਾਵਟ ਲਈ ਤਾਜ਼ੇ ਫੁੱਲ ਦੇਸ਼ ਦੇ ਕਈ ਸੂਬਿਆਂ ਤੋਂ ਇਲਾਵਾ ਬਾਹਰਲੇ ਮੁਲਕਾਂ ਤੋਂ ਮੰਗਵਾਏ ਗਏ ਹਨ।
ਗੁਰੂ ਸਾਹਿਬ ਵੱਲੋਂ ਰੋਪੀ ਗਈ ਪਵਿੱਤਰ ਬੇਰੀ ਦੇ ਚਾਰੇ ਪਾਸੇ ਵੀ ਰੰਗ-ਬਿਰੰਗੇ ਫੁੱਲ ਸਜਾਏ ਗਏ ਹਨ। ਇਹ ਸੇਵਾ ਨਿਭਾ ਰਹੇ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਪੂਰੇ ਕੰਪਲੈਕਸ ਨੂੰ ਖ਼ੂਬਸੂਰਤ ਫੁੱਲਾਂ ਨਾਲ ਢਕਿਆ ਜਾਵੇਗਾ।
ਪ੍ਰਕਾਸ਼ ਦਿਹਾੜੇ ਦੇ ਮੱਦੇਨਜ਼ਰ ਦੂਰ-ਦੁਰਾਡੇ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਸੁਲਤਾਨਪੁਰ ਲੋਧੀ ਮੱਥਾ ਟੇਕਣ ਪਹੁੰਚ ਰਹੇ ਹਨ ਅਤੇ ਪੂਰੇ ਸ਼ਹਿਰ ਵਿੱਚ ਧਾਰਮਿਕ ਉਤਸ਼ਾਹ ਦਾ ਮਾਹੌਲ ਬਣਿਆ ਹੋਇਆ ਹੈ।



