ਹਰਿਆਣਾ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਚੌਧਰੀ ਫੂਲ ਚੰਦ ਮੁਲਾਨਾ ਦਾ ਦੇਹਾਂਤ

ਹਰਿਆਣਾ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਚੌਧਰੀ ਫੂਲ ਚੰਦ ਮੁਲਾਨਾ ਦਾ ਸ਼ੁੱਕਰਵਾਰ ਸਵੇਰੇ ਦੇਹਾਂਤ ਹੋ ਗਿਆ। ਉਹ 85 ਵਰ੍ਹਿਆਂ ਦੇ ਸਨ ਅਤੇ ਲੰਮੇ ਸਮੇਂ ਤੋਂ ਗੁਰਦੇ ਦੀ ਬਿਮਾਰੀ ਤੋਂ ਪੀੜਤ ਸਨ।
ਉਨ੍ਹਾਂ ਨੇ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਆਖ਼ਰੀ ਸਾਹ ਲਿਆ। ਉਨ੍ਹਾਂ ਦੇ ਦੇਹਾਂਤ ਦੀ ਜਾਣਕਾਰੀ ਉਨ੍ਹਾਂ ਦੇ ਪੁੱਤਰ ਅਤੇ ਅੰਬਾਲਾ ਤੋਂ ਲੋਕ ਸਭਾ ਮੈਂਬਰ ਵਰੁਣ ਚੌਧਰੀ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੀ।
ਪੇਸ਼ੇ ਵਜੋਂ ਵਕੀਲ ਰਹੇ ਚੌਧਰੀ ਫੂਲ ਚੰਦ ਮੁਲਾਨਾ ਦਾ ਜਨਮ 6 ਅਪ੍ਰੈਲ 1941 ਨੂੰ ਹੋਇਆ ਸੀ। ਉਹ ਅੰਬਾਲਾ ਜ਼ਿਲ੍ਹੇ ਦੇ ਮੁਲਾਨਾ ਵਿਧਾਨ ਸਭਾ ਹਲਕੇ ਤੋਂ ਚਾਰ ਵਾਰ 1972, 1982, 1991 ਅਤੇ 2005 ਵਿੱਚ ਵਿਧਾਇਕ ਚੁਣੇ ਗਏ ਸਨ।
ਹਰਿਆਣਾ ਸਰਕਾਰ ਵਿੱਚ ਮੰਤਰੀ ਰਹਿੰਦਿਆਂ ਉਨ੍ਹਾਂ ਨੇ ਸਿੱਖਿਆ, ਮਾਲ, ਲੋਕ ਨਿਰਮਾਣ, ਜੰਗਲਾਤ ਅਤੇ ਤਕਨੀਕੀ ਸਿੱਖਿਆ ਵਰਗੇ ਅਹਿਮ ਵਿਭਾਗਾਂ ਦੀ ਜ਼ਿੰਮੇਵਾਰੀ ਨਿਭਾਈ। ਰਾਜਨੀਤੀ ਅਤੇ ਸਮਾਜ ਸੇਵਾ ਵਿੱਚ ਯੋਗਦਾਨ ਲਈ ਉਨ੍ਹਾਂ ਨੂੰ ਸਾਲ 2005 ਵਿੱਚ 'ਹਰਿਆਣਾ ਰਤਨ' ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।
ਚੌਧਰੀ ਫੂਲ ਚੰਦ ਮੁਲਾਨਾ ਸਭ ਤੋਂ ਲੰਮੇ ਸਮੇਂ ਤੱਕ ਹਰਿਆਣਾ ਕਾਂਗਰਸ ਦੇ ਸੂਬਾ ਪ੍ਰਧਾਨ ਰਹੇ। ਉਨ੍ਹਾਂ ਨੇ 27 ਅਗਸਤ 2007 ਤੋਂ 10 ਫ਼ਰਵਰੀ 2014 ਤੱਕ ਕਰੀਬ ਸਾਢੇ ਛੇ ਸਾਲ ਸੂਬਾ ਕਾਂਗਰਸ ਦੀ ਅਗਵਾਈ ਕੀਤੀ।
ਉਨ੍ਹਾਂ ਦੇ ਪਰਿਵਾਰ ਵਿੱਚ ਪੁੱਤਰ ਵਰੁਣ ਚੌਧਰੀ ਅੰਬਾਲਾ ਤੋਂ ਸੰਸਦ ਮੈਂਬਰ ਹਨ, ਨੂੰਹ ਪੂਜਾ ਚੌਧਰੀ ਮੁਲਾਨਾ ਹਲਕੇ ਤੋਂ ਮੌਜੂਦਾ ਵਿਧਾਇਕ ਹਨ ਅਤੇ ਧੀ ਕਲਪਨਾ ਕਟਾਰੀਆ ਭਾਰਤੀ ਮਾਲ ਸੇਵਾ (ਆਈਆਰਐੱਸ) ਵਿੱਚ ਸੀਨੀਅਰ ਅਧਿਕਾਰੀ ਹਨ।



