LIVE TV
ਤਾਜ਼ਾ ਖ਼ਬਰਾਂ
ਸ਼ਨਿੱਚਰਵਾਰ, 21 ਨਵੰਬਰ 2026
ਪੰਜਾਬ

ਪਟਿਆਲਾ ’ਚ ਪੁਲ ਡਿੱਗਣ ਦੇ ਮਾਮਲੇ ਦੀ ਮਾਹਿਰਾਂ ਵੱਲੋਂ ਜਾਂਚ , NHAI ਤੇ ਵਾਟਰ ਰਿਸੋਰਸ ਵਿਭਾਗ ਤੋਂ ਰਿਕਾਰਡ ਮੰਗਿਆ

ਪਟਿਆਲਾ ’ਚ NH-7 ’ਤੇ ਸਟੀਲ ਪੁਲ ਡਿੱਗਣ ਦੇ ਮਾਮਲੇ ਦੀ ਜਾਂਚ ਲਈ ਮਾਹਿਰਾਂ ਦੀ ਟੀਮ ਬਣਾਈ ਜਾਵੇਗੀ ਅਤੇ ਓਵਰਲੋਡ ਵਾਹਨਾਂ ਖ਼ਿਲਾਫ਼ ਸਖ਼ਤ ਚੈਕਿੰਗ ਦੇ ਹੁਕਮ ਦਿੱਤੇ ਗਏ ਹਨ। ਪੁਲ ਦੇ ਮਲਬੇ ਕਾਰਨ ਭਾਖੜਾ ਨਹਿਰ ਦੇ ਕੰਢੇ ਨੂੰ ਖ਼ਤਰਾ ਬਣਿਆ ਹੋਇਆ ਹੈ, ਜਿਸ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਸੁਰੱਖਿਆ, ਟ੍ਰੈਫਿਕ ਡਾਇਵਰਸ਼ਨ ਅਤੇ ਐਮਰਜੈਂਸੀ ਪ੍ਰਬੰਧ ਤੇਜ਼ ਕਰ ਦਿੱਤੇ ਹਨ।

ਪਟਿਆਲਾ ਵਿੱਚ NH-7 ’ਤੇ ਸਟੀਲ ਪੁਲ ਡਿੱਗਣ ਦੀ ਘਟਨਾ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਜਾਂਚ ਅਤੇ ਸੁਰੱਖਿਆ ਪ੍ਰਬੰਧ ਤੇਜ਼ ਕਰ ਦਿੱਤੇ ਗਏ ਹਨ। ਪੁਲ ਡਿੱਗਣ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਸੂਬਾ ਸਰਕਾਰ ਮਾਹਿਰਾਂ ਦੀ ਇੱਕ ਟੀਮ ਬਣਾਉਣ ਜਾ ਰਹੀ ਹੈ, ਜੋ ਪੂਰੇ ਮਾਮਲੇ ਦੀ ਜਾਂਚ ਕਰੇਗੀ।

ਡਿਪਟੀ ਕਮਿਸ਼ਨਰ ਪਟਿਆਲਾ ਹਿਮਾਂਸ਼ੂ ਜੈਨ ਨੇ NHAI ਅਤੇ ਜਲ ਸਰੋਤ ਵਿਭਾਗ ਨੂੰ ਟੁੱਟੇ ਪੁਲ ਨਾਲ ਸਬੰਧਤ ਸਾਰੇ ਰਿਕਾਰਡ ਸੁਰੱਖਿਅਤ ਰੱਖਣ ਦੇ ਨਿਰਦੇਸ਼ ਦਿੱਤੇ ਹਨ, ਤਾਂ ਜੋ ਜਾਂਚ ਦੌਰਾਨ ਮਾਹਿਰਾਂ ਨੂੰ ਲੋੜੀਂਦੀ ਜਾਣਕਾਰੀ ਮੁਹੱਈਆ ਕਰਵਾਈ ਜਾ ਸਕੇ।

ਇਸ ਘਟਨਾ ਤੋਂ ਬਾਅਦ ਭਾਖੜਾ ਨਹਿਰ ਦੇ ਕੰਢੇ ਨੂੰ ਵੀ ਖ਼ਤਰਾ ਪੈਦਾ ਹੋ ਗਿਆ ਹੈ। ਪੁਲ ਦੇ ਉਸ ਹਿੱਸੇ ’ਤੇ ਜਿੱਥੇ ਟਰੱਕ ਫਸੇ ਹੋਏ ਹਨ, ਜ਼ਮੀਨ ਹੌਲੀ-ਹੌਲੀ ਧਸ ਰਹੀ ਹੈ। ਇਸ ਕਾਰਨ ਨਹਿਰ ਦੇ ਕੰਢੇ ਵਿੱਚ ਪਾੜ ਪੈਣ ਦਾ ਖ਼ਦਸ਼ਾ ਵਧ ਗਿਆ ਹੈ। ਪ੍ਰਸ਼ਾਸਨ ਵੱਲੋਂ ਐਮਰਜੈਂਸੀ ਨਾਲ ਨਜਿੱਠਣ ਲਈ ਮਿੱਟੀ ਅਤੇ ਰੇਤ ਦੇ ਬੋਰੇ ਤਿਆਰ ਰੱਖਣ ਦੇ ਹੁਕਮ ਵੀ ਦਿੱਤੇ ਗਏ ਹਨ।

ਉੱਧਰ, ਹਾਦਸੇ ਵਾਲੀ ਥਾਂ ’ਤੇ ਲੋਕਾਂ ਦੀ ਆਵਾਜਾਈ ਰੋਕਣ ਲਈ ਬੈਰੀਕੇਡਿੰਗ ਕੀਤੀ ਜਾਵੇਗੀ ਅਤੇ ਸੜਕ ਬੰਦ ਹੋਣ ਤੇ ਡਾਇਵਰਸ਼ਨ ਰੂਟਾਂ ਸਬੰਧੀ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਜਾਵੇਗੀ। ਟ੍ਰੈਫਿਕ ਨੂੰ ਵੱਖ-ਵੱਖ ਪੁਆਇੰਟਾਂ ਤੋਂ ਡਾਇਵਰਟ ਕਰਨ ਲਈ ਪੁਲਿਸ ਅਤੇ ਪ੍ਰਸ਼ਾਸਨ ਤਾਇਨਾਤ ਰਹੇਗਾ, ਜਦਕਿ NHAI ਵੱਲੋਂ ਰਸਤੇ ’ਤੇ ਸਾਈਨ ਬੋਰਡ ਅਤੇ ਲਾਈਟਿੰਗ ਦਾ ਪ੍ਰਬੰਧ ਕੀਤਾ ਜਾਵੇਗਾ।

ਇਸ ਦੇ ਨਾਲ ਹੀ ਜ਼ਿਲ੍ਹੇ ਵਿੱਚ ਓਵਰਲੋਡ ਵਾਹਨਾਂ ਖ਼ਿਲਾਫ਼ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾਵੇਗੀ। RTA ਨੂੰ ਰੋਜ਼ਾਨਾ ਕਾਰਵਾਈ ਦੀ ਰਿਪੋਰਟ ਡਿਪਟੀ ਕਮਿਸ਼ਨਰ ਨੂੰ ਭੇਜਣ ਦੇ ਨਿਰਦੇਸ਼ ਦਿੱਤੇ ਗਏ ਹਨ। ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਓਵਰਲੋਡ ਵਾਹਨਾਂ ਨੂੰ ਸੜਕਾਂ ’ਤੇ ਚੱਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਹੁਣ ਇਸ ਹਾਦਸੇ ਦੀ ਮਾਹਿਰਾਂ ਵੱਲੋਂ ਕੀਤੀ ਜਾਣ ਵਾਲੀ ਜਾਂਚ ਅਤੇ ਨਹਿਰ ਦੇ ਕੰਢੇ ਦੀ ਸੁਰੱਖਿਆ ਲਈ ਚੁੱਕੇ ਕਦਮ ਕਾਫ਼ੀ ਅਹਿਮ ਰਹਿਣਗੇ, ਕਿਉਂਕਿ ਪ੍ਰਸ਼ਾਸਨ ਦੀ ਪਹਿਲ ਲੋਕਾਂ ਦੀ ਸੁਰੱਖਿਆ ਅਤੇ ਕਿਸੇ ਹੋਰ ਨੁਕਸਾਨ ਨੂੰ ਰੋਕਣਾ ਹੈ।