LIVE TV
ਤਾਜ਼ਾ ਖ਼ਬਰਾਂ
ਬੁੱਧਵਾਰ, 11 ਨਵੰਬਰ 2026
ਹਰਿਆਣਾ

ਹਰਿਆਣਾ 'ਚ ਬਿਜਲੀ ਕਾਮਿਆਂ ਦੀ ਹੜਤਾਲ: ਛੁੱਟੀ ਤੋਂ ਅਧਿਕਾਰੀ ਵਾਪਸ ਸੱਦੇ, ਚਾਰ ਸੂਬਿਆਂ ਤੋਂ ਸਟਾਫ਼ ਮੰਗਿਆ

ਬਿਜਲੀ ਕਾਮਿਆਂ ਦੀ ਤਿੰਨ ਰੋਜ਼ਾ ਹੜਤਾਲ ਦੌਰਾਨ ਸਪਲਾਈ ਬਹਾਲ ਰੱਖਣ ਲਈ ਹਰਿਆਣਾ ਸਰਕਾਰ ਨੇ ਛੁੱਟੀ 'ਤੇ ਗਏ ਮੁਲਾਜ਼ਮਾਂ ਨੂੰ ਤੁਰੰਤ ਡਿਊਟੀ 'ਤੇ ਬੁਲਾ ਲਿਆ ਹੈ ਅਤੇ ਗੁਆਂਢੀ ਸੂਬਿਆਂ ਤੋਂ ਤਕਨੀਕੀ ਅਮਲਾ ਮੰਗਿਆ ਹੈ।

ਹਰਿਆਣਾ 'ਚ ਬਿਜਲੀ ਕਾਮਿਆਂ ਦੀ ਹੜਤਾਲ: ਛੁੱਟੀ ਤੋਂ ਅਧਿਕਾਰੀ ਵਾਪਸ ਸੱਦੇ, ਚਾਰ ਸੂਬਿਆਂ ਤੋਂ ਸਟਾਫ਼ ਮੰਗਿਆ
ਪੰਜਾਬ ਟੈਲੀਵਿਜ਼ਨ

ਹਰਿਆਣਾ ਵਿੱਚ ਬਿਜਲੀ ਮੁਲਾਜ਼ਮਾਂ ਦੀ ਤਿੰਨ ਦਿਨਾ ਹੜਤਾਲ ਸ਼ੁਰੂ ਹੋਣ ਮਗਰੋਂ ਬਿਜਲੀ ਸਪਲਾਈ ਠੱਪ ਹੋਣ ਤੋਂ ਰੋਕਣ ਲਈ ਸਰਕਾਰ ਨੇ ਸਖ਼ਤ ਕਦਮ ਚੁੱਕੇ ਹਨ। ਬਿਜਲੀ ਵਿਭਾਗ ਨੇ ਛੁੱਟੀ 'ਤੇ ਚੱਲ ਰਹੇ 25 ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਤੁਰੰਤ ਵਾਪਸ ਡਿਊਟੀ 'ਤੇ ਪਰਤਣ ਦੇ ਹੁਕਮ ਦਿੱਤੇ ਹਨ ਅਤੇ ਮੁਲਾਜ਼ਮਾਂ ਦੀਆਂ ਛੁੱਟੀਆਂ 'ਤੇ ਰੋਕ ਲਾ ਦਿੱਤੀ ਹੈ।

ਸੂਬੇ ਵਿੱਚ ਬਿਜਲੀ ਪ੍ਰਬੰਧ ਸੁਚਾਰੂ ਰੱਖਣ ਲਈ ਵਧੀਕ ਮੁੱਖ ਸਕੱਤਰ ਨੇ ਪੰਜਾਬ, ਹਿਮਾਚਲ ਪ੍ਰਦੇਸ਼, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਨੂੰ ਪੱਤਰ ਭੇਜ ਕੇ ਤਕਨੀਕੀ ਸਟਾਫ਼ ਦੀ ਮੰਗ ਕੀਤੀ ਹੈ। ਪਹਿਲੇ ਗੇੜ ਵਿੱਚ ਪੰਜਾਬ ਤੇ ਹਿਮਾਚਲ ਤੋਂ ਜੂਨੀਅਰ ਇੰਜੀਨੀਅਰ, ਫੋਰਮੈਨ, ਲਾਈਨਮੈਨ ਅਤੇ ਸਬ-ਸਟੇਸ਼ਨ ਅਟੈਂਡੈਂਟ ਮੰਗੇ ਗਏ ਹਨ, ਜਦਕਿ ਰਾਜਸਥਾਨ ਅਤੇ ਯੂਪੀ ਨੂੰ ਲੋੜ ਪੈਣ 'ਤੇ ਅਮਲਾ ਭੇਜਣ ਲਈ ਤਿਆਰ ਰਹਿਣ ਵਾਸਤੇ ਕਿਹਾ ਗਿਆ ਹੈ।

ਉੱਤਰ ਹਰਿਆਣਾ ਬਿਜਲੀ ਵਿਤਰਣ ਨਿਗਮ ਨੇ ਪੰਚਕੂਲਾ ਅਤੇ ਰੋਹਤਕ ਦੇ ਚੀਫ਼ ਇੰਜੀਨੀਅਰਾਂ ਨੂੰ ਹੜਤਾਲ ਦੌਰਾਨ ਸਮੁੱਚੀ ਨਿਗਰਾਨੀ ਦੀ ਜ਼ਿੰਮੇਵਾਰੀ ਸੌਂਪੀ ਹੈ। ਸਬ-ਸਟੇਸ਼ਨਾਂ ਦੀ ਸੁਰੱਖਿਆ ਲਈ ਲੋੜ ਪੈਣ 'ਤੇ ਪੁਲਿਸ ਤਾਇਨਾਤ ਕਰਨ ਅਤੇ ਗੜਬੜ ਕਰਨ ਵਾਲਿਆਂ ਦੀ ਵੀਡੀਓਗ੍ਰਾਫ਼ੀ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਸਰਕਾਰ ਨੇ ਚਿਤਾਵਨੀ ਦਿੱਤੀ ਹੈ ਕਿ ਹੜਤਾਲ ਵਿੱਚ ਸ਼ਾਮਲ ਹੋਣ ਜਾਂ ਡਿਊਟੀ ਕਰ ਰਹੇ ਕਾਮਿਆਂ ਨੂੰ ਰੋਕਣ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

ਬਿਜਲੀ ਪ੍ਰਣਾਲੀ 'ਤੇ ਨਜ਼ਰ ਰੱਖਣ ਲਈ ਗ੍ਰਾਮ ਸਕੱਤਰਾਂ ਅਤੇ ਪਟਵਾਰੀਆਂ ਨੂੰ ਵੀ ਤਾਇਨਾਤ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਹਰਿਆਣਾ ਰੋਡਵੇਜ਼ ਨੂੰ ਵੀ ਚੌਕਸ ਰੱਖਿਆ ਗਿਆ ਹੈ ਤਾਂ ਜੋ ਲੋੜ ਪੈਣ 'ਤੇ ਬਦਲਵੇਂ ਕਰਮਚਾਰੀਆਂ ਨੂੰ ਵੱਖ-ਵੱਖ ਥਾਵਾਂ 'ਤੇ ਬੱਸਾਂ ਰਾਹੀਂ ਪਹੁੰਚਾਇਆ ਜਾ ਸਕੇ।

ਸਿਹਤ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ ਨੇ ਹਸਪਤਾਲਾਂ ਵਿੱਚ ਬਿਜਲੀ ਨਾ ਗੁੱਲ ਹੋਣ ਦੇਣ ਲਈ ਸਿਵਲ ਸਰਜਨਾਂ ਨੂੰ ਜਨਰੇਟਰ ਅਤੇ 24 ਘੰਟੇ ਇਲੈਕਟ੍ਰੀਸ਼ੀਅਨਾਂ ਦਾ ਪ੍ਰਬੰਧ ਰੱਖਣ ਦੇ ਆਦੇਸ਼ ਜਾਰੀ ਕੀਤੇ ਹਨ ਤਾਂ ਜੋ ਮਰੀਜ਼ਾਂ ਦੀ ਦੇਖਭਾਲ ਅਤੇ ਵੈਕਸੀਨ ਕੋਲਡ ਚੇਨ ਪ੍ਰਭਾਵਿਤ ਨਾ ਹੋਵੇ।

ਦੂਜੇ ਪਾਸੇ ਸੰਘਰਸ਼ ਕਮੇਟੀ ਦੇ ਮੈਂਬਰ ਰਾਜਿੰਦਰ ਰਾਣਾ ਨੇ ਕਿਹਾ ਕਿ ਮੁਲਾਜ਼ਮ ਗੁਰੂਗ੍ਰਾਮ ਅਤੇ ਨੂਹ ਵਿੱਚ ਨਿੱਜੀ ਕੰਪਨੀ ਨੂੰ ਬਿਜਲੀ ਵੰਡ ਦਾ ਲਾਇਸੈਂਸ ਦੇਣ ਵਿਰੁੱਧ ਪ੍ਰਦਰਸ਼ਨ ਕਰ ਰਹੇ ਹਨ ਪਰ ਹਸਪਤਾਲਾਂ ਦੀ ਸਪਲਾਈ ਜਾਣਬੁੱਝ ਕੇ ਬੰਦ ਨਹੀਂ ਕੀਤੀ ਜਾਵੇਗੀ। ਮੁਲਾਜ਼ਮ ਯੂਨੀਅਨਾਂ ਨੇ ਮੰਗ ਕੀਤੀ ਹੈ ਕਿ ਨਿੱਜੀ ਕੰਪਨੀ ਦਾ ਲਾਇਸੈਂਸ ਰੱਦ ਹੋਣ ਮਗਰੋਂ ਹੀ ਸਰਕਾਰ ਨਾਲ ਗੱਲਬਾਤ ਹੋਵੇਗੀ।

ਅਹਿਮ ਘਟਨਾਕ੍ਰਮ

  • ਹਰਿਆਣਾ ਸਰਕਾਰ ਨੇ 25 ਅਧਿਕਾਰੀ ਛੁੱਟੀ ਤੋਂ ਵਾਪਸ ਬੁਲਾਏ ਅਤੇ ਮੁਲਾਜ਼ਮਾਂ ਦੀਆਂ ਛੁੱਟੀਆਂ 'ਤੇ ਰੋਕ ਲਾਈ।
  • ਪੰਜਾਬ, ਹਿਮਾਚਲ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਤੋਂ ਤਕਨੀਕੀ ਬਿਜਲੀ ਸਟਾਫ਼ ਦੀ ਮੰਗ ਕੀਤੀ ਗਈ।
  • ਪੰਚਕੂਲਾ ਅਤੇ ਰੋਹਤਕ ਦੇ ਚੀਫ਼ ਇੰਜੀਨੀਅਰਾਂ ਨੂੰ ਨਿਗਰਾਨੀ ਇੰਚਾਰਜ ਥਾਪਿਆ ਗਿਆ, ਪਟਵਾਰੀ ਤੇ ਗ੍ਰਾਮ ਸਕੱਤਰ ਵੀ ਤਾਇਨਾਤ।
  • ਹਸਪਤਾਲਾਂ ਵਿੱਚ ਬਿਜਲੀ ਬੈਕਅੱਪ ਯਕੀਨੀ ਬਣਾਉਣ ਲਈ ਸਿਹਤ ਵਿਭਾਗ ਨੇ ਵਿਸ਼ੇਸ਼ ਨਿਰਦੇਸ਼ ਜਾਰੀ ਕੀਤੇ।