ਹਰਿਆਣਾ ਦੇ 60 ਸਾਲ ਪੂਰੇ ਹੋਣ ’ਤੇ ਕੁਰੂਕਸ਼ੇਤਰ ’ਚ ਸਮਾਗਮ, ਰਾਸ਼ਟਰਪਤੀ ਦ੍ਰੌਪਦੀ ਮੁਰਮੂ ਕਰਨਗੇ ਸ਼ਿਰਕਤ
ਹਰਿਆਣਾ ਦੇ ਗਠਨ ਦੀ 60ਵੀਂ ਵਰ੍ਹੇਗੰਢ ਮੌਕੇ ਕੁਰੂਕਸ਼ੇਤਰ ਵਿੱਚ ਰਾਜ ਪੱਧਰੀ ਹੀਰਕ ਜਯੰਤੀ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ।

ਹਰਿਆਣਾ ਦੇ ਗਠਨ ਨੂੰ 60 ਸਾਲ ਪੂਰੇ ਹੋਣ ਮੌਕੇ ਅੱਜ ਐਤਵਾਰ ਨੂੰ ਕੁਰੂਕਸ਼ੇਤਰ ਵਿਖੇ ਰਾਜ ਪੱਧਰੀ ਹੀਰਕ ਜਯੰਤੀ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸਮਾਰੋਹ ਵਿੱਚ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।
ਆਪਣੇ ਦੌਰੇ ਦੌਰਾਨ ਰਾਸ਼ਟਰਪਤੀ ਤਿੰਨ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਗੇ। ਉਹ ਸਭ ਤੋਂ ਪਹਿਲਾਂ ਦੇਵੀਕੂਪ ਮਾਂ ਭਦਰਕਾਲੀ ਮੰਦਰ ਵਿਖੇ ਪੂਜਾ-ਅਰਚਨਾ ਕਰਨਗੇ।
ਇਸ ਤੋਂ ਬਾਅਦ ਰਾਸ਼ਟਰਪਤੀ ਕੁਰੂਕਸ਼ੇਤਰ ਯੂਨੀਵਰਸਿਟੀ ਪਹੁੰਚਣਗੇ, ਜਿੱਥੇ ਉਹ ਹਰਿਆਣਾ ਦੇ ਛੇ ਦਹਾਕਿਆਂ ਦੇ ਵਿਕਾਸ ਅਤੇ ਸਫ਼ਰ ’ਤੇ ਆਧਾਰਿਤ ਪ੍ਰਦਰਸ਼ਨੀ ਦੇਖਣਗੇ ਅਤੇ ਰਾਜ ਪੱਧਰੀ ਸਮਾਰੋਹ ਵਿੱਚ ਸ਼ਾਮਲ ਹੋਣਗੇ। ਇਸ ਪ੍ਰਦਰਸ਼ਨੀ ਵਿੱਚ ਸਾਲ 2047 ਤੱਕ ਵਿਕਸਤ ਹਰਿਆਣਾ ਬਣਾਉਣ ਦੀ ਤਸਵੀਰ ਵੀ ਪੇਸ਼ ਕੀਤੀ ਗਈ ਹੈ।
ਯੂਨੀਵਰਸਿਟੀ ਵਿਖੇ ਕਰੀਬ 50 ਕਲਾਕਾਰ ਬੀਨ, ਤੁੰਬਾ ਅਤੇ ਨਗਾੜੇ ਦੀਆਂ ਧੁਨਾਂ ਨਾਲ ਰਾਸ਼ਟਰਪਤੀ ਦਾ ਸਵਾਗਤ ਕਰਨਗੇ।
ਦੌਰੇ ਦੇ ਆਖ਼ਰੀ ਪੜਾਅ ਵਿੱਚ ਰਾਸ਼ਟਰਪਤੀ ਗੁਰੂਕੁਲ ਕੁਰੂਕਸ਼ੇਤਰ ਜਾਣਗੇ। ਉੱਥੇ ਸੁਤੰਤਰਤਾ ਸੈਨਾਨੀ ਸਵਾਮੀ ਸ਼ਰਧਾਨੰਦ ਦੇ ਸ਼ਹੀਦੀ ਸ਼ਤਾਬਦੀ ਵਰ੍ਹੇ ਸਬੰਧੀ ਰੱਖੇ ਪ੍ਰੋਗਰਾਮ ਵਿੱਚ ਉਹ ਹਿੱਸਾ ਲੈਣਗੇ, ਜਿੱਥੇ ਆਚਾਰੀਆ ਮੱਲਖੰਭ ਦੇ ਕਰਤੱਬ ਪੇਸ਼ ਕਰਨਗੇ।
ਜ਼ਿਲ੍ਹਾ ਪ੍ਰਸ਼ਾਸਨ ਨੇ ਰਾਸ਼ਟਰਪਤੀ ਦੀ ਸੁਰੱਖਿਆ ਨੂੰ ਦੇਖਦਿਆਂ 31 ਅਕਤੂਬਰ ਅਤੇ 1 ਨਵੰਬਰ ਨੂੰ ਪੂਰੇ ਕੁਰੂਕਸ਼ੇਤਰ ਜ਼ਿਲ੍ਹੇ ਨੂੰ ਡਰੋਨ ਉਡਾਉਣ ਲਈ 'ਨੋ ਫਲਾਇੰਗ ਜ਼ੋਨ' ਐਲਾਨਿਆ ਹੈ। ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।



