ਜਾਪਾਨ ਵਿੱਚ 7.5 ਤੀਬਰਤਾ ਦਾ ਭੂਚਾਲ,ਸੁਨਾਮੀ ਦੀ ਚੇਤਾਵਨੀ ਜਾਰੀ

ਜਾਪਾਨ ਦੇ ਉੱਤਰੀ ਹਿੱਸੇ ਵਿੱਚ ਸੋਮਵਾਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ, ਜਿਸ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 7.4 ਰਹੀ। ਭੂਚਾਲ ਤੋਂ ਬਾਅਦ ਜਾਪਾਨ ਦੇ ਮੌਸਮ ਵਿਭਾਗ ਨੇ ਸੁਨਾਮੀ ਦੀ ਸੰਭਾਵਨਾ ਜਤਾਉਂਦੇ ਹੋਏ ਤੱਟੀ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਤੁਰੰਤ ਇਲਾਕਾ ਖਾਲੀ ਕਰਨ ਦੀ ਅਪੀਲ ਕੀਤੀ ਹੈ।

ਜਾਪਾਨ ਦੇ ਪ੍ਰਧਾਨ ਮੰਤਰੀ ਨੇ ਐਮਰਜੈਂਸੀ ਨਾਲ ਨਜਿੱਠਣ ਲਈ ਇੱਕ ਐਮਰਜੈਂਸੀ ਟਾਸਕ ਫੋਰਸ ਬਣਾਈ ਹੈ ਅਤੇ ਲੋਕਾਂ ਨੂੰ ਤੱਟਵਰਤੀ ਖੇਤਰਾਂ ਨੂੰ ਛੱਡਣ ਅਤੇ ਸੁਰੱਖਿਅਤ ਉਚਾਈ ‘ਤੇ ਜਾਣ ਦੀ ਅਪੀਲ ਕੀਤੀ ਹੈ। ਭੂਚਾਲ ਕਾਰਨ ਟੋਕੀਓ ਅਤੇ ਓਮੋਰੀ ਵਿਚਕਾਰ ਬੁਲੇਟ ਟ੍ਰੇਨ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਬਿਜਲੀ ਕੰਪਨੀਆਂ ਪ੍ਰਮਾਣੂ ਪਲਾਂਟਾਂ ਸਮੇਤ ਆਪਣੀਆਂ ਸਹੂਲਤਾਂ ਦਾ ਮੁਆਇਨਾ ਕਰ ਰਹੀਆਂ ਹਨ।

ਜਾਪਾਨ ਮੌਸਮ ਵਿਗਿਆਨ ਏਜੰਸੀ ਮੁਤਾਬਕ ਭੂਚਾਲ ਪ੍ਰਸ਼ਾਂਤ ਮਹਾਸਾਗਰ ਵਿੱਚ 10 ਕਿਲੋਮੀਟਰ ਦੀ ਡੂੰਘਾਈ ‘ਤੇ ਆਇਆ। ਭੂਚਾਲ ਤੋਂ ਤੁਰੰਤ ਬਾਅਦ ਅਧਿਕਾਰੀਆਂ ਨੇ ਤੱਟਵਰਤੀ ਖੇਤਰਾਂ, ਖਾਸ ਕਰਕੇ ਇਵਾਤੇ, ਆਓਮੋਰੀ ਅਤੇ ਹੋੱਕਾਇਡੋ ਸੂਬਿਆਂ ਵਿਚ 3 ਮੀਟਰ ਉੱਚੀਆਂ ਸੁਨਾਮੀ ਲਹਿਰਾਂ ਦੀ ਚਿਤਾਵਨੀ ਦਿੱਤੀ। ਲੋਕਾਂ ਨੂੰ ਤੱਟਵਰਤੀ ਖੇਤਰਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ।

ਭੂਚਾਲ ਤੋਂ ਤੁਰੰਤ ਬਾਅਦ ਜਾਪਾਨ ਦੇ ਜਨਤਕ ਪ੍ਰਸਾਰਕ, NHK ਨੇ ਤੱਟਵਰਤੀ ਖੇਤਰਾਂ ਲਈ ਐਮਰਜੈਂਸੀ ਚਿਤਾਵਨੀ ਜਾਰੀ ਕੀਤੀ। ਸਾਵਧਾਨੀ ਵਜੋਂ ਹਾਚਿਨੋਹੇ ਬੰਦਰਗਾਹ ਤੋਂ ਜਹਾਜ਼ਾਂ ਨੂੰ ਸੁਰੱਖਿਅਤ ਪਾਣੀਆਂ ਵੱਲ ਮੋੜ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਸੁਨਾਮੀ ਦੀਆਂ ਲਹਿਰਾਂ ਜਲਦੀ ਹੀ ਤੱਟ ਨਾਲ ਟਕਰਾ ਸਕਦੀਆਂ ਹਨ, ਇਸ ਲਈ ਲੋਕਾਂ ਨੂੰ ਸਮੁੰਦਰ ਦੇ ਨੇੜੇ ਜਾਣ ਤੋਂ ਬਚਣਾ ਚਾਹੀਦਾ ਹੈ। ਇਵਾਤੇ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਜੰਗੀ ਪੱਧਰ ‘ਤੇ ਨਿਕਾਸੀ ਦੇ ਯਤਨ ਜਾਰੀ ਹਨ।

ਕਿਓਡੋ ਨਿਊਜ਼ ਏਜੰਸੀ ਮੁਤਾਬਕ ਟੋਕੀਓ ਤੋਂ ਓਮੋਰੀ ਤੱਕ ਚੱਲਣ ਵਾਲੀਆਂ ਬੁਲੇਟ ਟ੍ਰੇਨਾਂ ਨੂੰ ਰੋਕ ਦਿੱਤਾ ਗਿਆ। ਕਈ ਥਾਵਾਂ ‘ਤੇ ਇਮਾਰਤਾਂ ਤੇ ਸੜਕਾਂ ਨੂੰ ਨੁਕਸਾਨ ਪਹੁੰਚਣ ਦੀਆਂ ਵੀ ਖਬਰਾਂ ਹਨ। ਰੇਲਵੇ ਸਟਾਫ ਪਟੜੀਆਂ ਤੇ ਸਟੇਸ਼ਨਾਂ ਦੀ ਜਾਂਚ ਵਿਚ ਜੁਟਿਆ ਹੈ, ਤਾਂਕਿ ਸੇਵਾਵਾਂ ਨੂੰ ਸੁਰੱਖਿਅਤ ਤਰੀਕੇ ਨਾਲ ਬਹਾਲ ਕੀਤਾ ਜਾ ਸਕੇ।

ਰਿਪੋਰਟਾਂ ਦੇ ਅਨੁਸਾਰ, ਸੁਨਾਮੀ ਦੀ ਸਥਿਤੀ ਵਿੱਚ ਸੰਭਾਵੀ ਨੁਕਸਾਨ ਨੂੰ ਘੱਟ ਕਰਨ ਲਈ ਕੁਝ ਬੰਦਰਗਾਹਾਂ ‘ਤੇ ਜਹਾਜ਼ਾਂ ਨੂੰ ਸਮੁੰਦਰ ਵਿੱਚ ਹੋਰ ਦੂਰ ਭੇਜ ਦਿੱਤਾ ਗਿਆ ਹੈ।

ਹਾਲਾਂਕਿ ਹੁਣ ਤੱਕ ਕਿਸੇ ਵੱਡੇ ਪੱਧਰ ‘ਤੇ ਜਾਨ-ਮਾਲ ਦੇ ਨੁਕਸਾਨ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ, ਪਰ ਪ੍ਰਸ਼ਾਸਨ ਸਥਿਤੀ ਦੀ ਲਗਾਤਾਰ ਨਿਗਰਾਨੀ ਕਰ ਰਿਹਾ ਹੈ। ਰਾਹਤ ਅਤੇ ਬਚਾਅ ਟੀਮਾਂ ਨੂੰ ਅਲਰਟ ‘ਤੇ ਰੱਖਿਆ ਗਿਆ ਹੈ।

Leave a Reply

Your email address will not be published. Required fields are marked *