ਪੰਜਾਬ ਵਿੱਚ ਇੱਕ ਵਾਰ ਫਿਰ ਬਿਜਲੀ ਸੰਕਟ ਦੇ ਹਾਲਾਤ ਬਣਦੇ ਨਜ਼ਰ ਆ ਰਹੇ ਹਨ। ਪਿਛਲੇ ਕੁਝ ਦਿਨਾਂ ਤੋਂ ਸੂਬੇ ਵਿੱਚ ਬਿਜਲੀ ਕੱਟਾਂ ਵਿੱਚ ਵਾਧਾ ਹੋਇਆ ਹੈ, ਜਿਸ ਕਾਰਨ ਘਰੇਲੂ ਅਤੇ ਇੰਡਸਟਰੀ ਸੈਕਟਰ ਪ੍ਰਭਾਵਿਤ ਹੋ ਰਹੇ ਹਨ। ਇਸ ਦੌਰਾਨ ਬਿਜਲੀ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਵੀਡੀਓ ਜਾਰੀ ਕਰਕੇ ਬਿਜਲੀ ਸੰਕਟ ਦੇ ਕਾਰਨਾਂ ਬਾਰੇ ਜਾਣਕਾਰੀ ਦਿੱਤੀ ਹੈ।
ਬਿਜਲੀ ਮੰਤਰੀ ਮੁਤਾਬਕ ਦੇਸ਼ ਭਰ ਵਿੱਚ ਕੋਲੇ ਦੀ ਕਮੀ ਕਾਰਨ ਪੰਜਾਬ ਨੂੰ ਘਰੇਲੂ ਅਤੇ ਇੰਡਸਟਰੀ ਸੈਕਟਰ ਵਿੱਚ ਬਿਜਲੀ ਕੱਟ ਲਗਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਵਿੱਚ 63 ਮੈਗਾਵਾਟ ਸਮਰੱਥਾ ਵਾਲੇ ਥਰਮਲ ਪਲਾਂਟ ਕੋਲੇ ਦੀ ਕਮੀ ਨਾਲ ਪ੍ਰਭਾਵਿਤ ਹੋਏ ਹਨ। ਜ਼ਿਆਦਾਤਰ ਨਿੱਜੀ ਬਿਜਲੀ ਪਲਾਂਟਾਂ ਕੋਲ ਕਰੀਬ 4 ਦਿਨ ਦਾ ਕੋਲਾ ਸਟਾਕ ਬਚਿਆ ਹੈ, ਜਿਸ ਕਾਰਨ ਉਹ ਆਪਣੀ ਸਮਰੱਥਾ ਦੇ ਲਗਭਗ ਅੱਧੇ ਹਿੱਸੇ ’ਤੇ ਚੱਲ ਰਹੇ ਹਨ।
ਤਰੁਣਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਨਾਭਾ ਪਾਵਰ ਲਿਮਟਿਡ (ਰਾਜਪੁਰਾ) ਅਤੇ ਤਲਵੰਡੀ ਸਾਬੋ ਪਾਵਰ ਪਲਾਂਟ (ਮਾਨਸਾ) ਕੇਂਦਰ ਸਰਕਾਰ ਵੱਲੋਂ ਸਪਲਾਈ ਕੀਤੇ ਜਾਣ ਵਾਲੇ ਕੋਲੇ ’ਤੇ ਨਿਰਭਰ ਹਨ। ਕੇਂਦਰ ਤੋਂ ਕੋਲੇ ਦੀ ਲੋੜੀਂਦੀ ਸਪਲਾਈ ਨਾ ਮਿਲਣ ਕਾਰਨ ਦੋਵੇਂ ਪਲਾਂਟ ਇਸ ਸਮੇਂ ਲਗਭਗ ਅੱਧੀ ਸਮਰੱਥਾ ’ਤੇ ਹੀ ਬਿਜਲੀ ਉਤਪਾਦਨ ਕਰ ਰਹੇ ਹਨ।
ਉਨ੍ਹਾਂ ਦੱਸਿਆ ਕਿ ਜਿਨ੍ਹਾਂ ਥਰਮਲ ਪਲਾਂਟਾਂ ਨੂੰ ਪੰਜਾਬ ਸਰਕਾਰ ਵੱਲੋਂ ਖੁਦ ਕੋਲਾ ਮੁਹੱਈਆ ਕਰਵਾਇਆ ਜਾ ਰਿਹਾ ਹੈ, ਉਨ੍ਹਾਂ ਕੋਲ ਇਸ ਸਮੇਂ ਕਰੀਬ 10 ਦਿਨ ਦਾ ਕੋਲਾ ਸਟਾਕ ਮੌਜੂਦ ਹੈ।
ਬਿਜਲੀ ਮੰਤਰੀ ਨੇ ਕੇਂਦਰ ਸਰਕਾਰ ਤੋਂ ਇਸ ਮਾਮਲੇ ਵਿੱਚ ਤੁਰੰਤ ਦਖ਼ਲ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਨੂੰ ਪੰਜਾਬ ਸਮੇਤ ਦੇਸ਼ ਦੇ ਲੋਕਾਂ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕੋਲੇ ਦੀ ਕਮੀ ਕਦੋਂ ਤੱਕ ਦੂਰ ਹੋਵੇਗੀ, ਤਾਂ ਜੋ ਆਮ ਲੋਕਾਂ ਅਤੇ ਉਦਯੋਗਾਂ ਨੂੰ ਬਿਨਾਂ ਰੁਕਾਵਟ ਬਿਜਲੀ ਸਪਲਾਈ ਮਿਲ ਸਕੇ।
ਸੌਂਦ ਮੁਤਾਬਕ, ਰਾਸ਼ਟਰੀ ਪੱਧਰ ’ਤੇ ਕੋਲੇ ਦੀ ਕਮੀ ਕਾਰਨ ਪੰਜਾਬ ਵਿੱਚ ਬਿਜਲੀ ਉਤਪਾਦਨ ਵਿੱਚ ਲਗਭਗ 1500 ਮੈਗਾਵਾਟ ਦੀ ਕਮੀ ਆਈ ਹੈ। ਉਨ੍ਹਾਂ ਇਸਨੂੰ ਗੰਭੀਰ ਮੁੱਦਾ ਦੱਸਦਿਆਂ ਕੇਂਦਰ ਸਰਕਾਰ ਨੂੰ ਕੋਲੇ ਦੀ ਕਮੀ ਦੂਰ ਕਰਨ ਲਈ ਤੁਰੰਤ ਠੋਸ ਕਦਮ ਚੁੱਕਣ ਦੀ ਅਪੀਲ ਕੀਤੀ ਹੈ।
ਬਿਜਲੀ ਮੰਤਰੀ ਨੇ ਕਿਹਾ ਕਿ ਕੋਲੇ ਦੀ ਸਮੱਸਿਆ ਦਾ ਜਲਦ ਹੱਲ ਹੋਣਾ ਜ਼ਰੂਰੀ ਹੈ, ਤਾਂ ਜੋ ਪੰਜਾਬ ਵਿੱਚ ਘਰੇਲੂ ਖਪਤਕਾਰਾਂ ਅਤੇ ਉਦਯੋਗਾਂ ਨੂੰ ਬਿਨਾਂ ਰੁਕਾਵਟ ਬਿਜਲੀ ਸਪਲਾਈ ਯਕੀਨੀ ਬਣਾਈ ਜਾ ਸਕੇ।
