ਪੰਜਾਬ ਸਰਕਾਰ ਮੋਹਾਲੀ ਵਿੱਚ ਏਅਰਪੋਰਟ ਦੇ ਨੇੜੇ ਐਕਸਪੋ ਸਿਟੀ ਬਣਾਉਣ ਜਾ ਰਹੀ ਹੈ। ਇੱਥੇ ਦੇਸ਼ ਦਾ ਪਹਿਲਾ ਆਰਟੀਫ਼ਿਸ਼ਲ ਇੰਟੈਲੀਜੈਂਸ (AI) ਟਾਵਰ ਬਣੇਗਾ, ਜਿੱਥੇ ਲਗਭਗ 300 AI ਅਤੇ ਟੈਕ ਕੰਪਨੀਆਂ ਕੰਮ ਕਰਨਗੀਆਂ। ਸਰਕਾਰ ਨੇ ਇਸ ਲਈ ਜ਼ਮੀਨ ਅਧਿਗ੍ਰਹਿਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਹਾਊਸਿੰਗ ਅਤੇ ਅਰਬਨ ਡਿਵੈਲਪਮੈਂਟ ਵਿਭਾਗ ਨੇ 182.88 ਏਕੜ ਜ਼ਮੀਨ ਹਾਸਲ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਨਾਲ ਹੀ ਹੁਣ ਸੋਸ਼ਲ ਇੰਪੈਕਟ ਅਸੈਸਮੈਂਟ (SIA) ਦੀ ਪ੍ਰਕਿਰਿਆ ਵੀ ਸ਼ੁਰੂ ਹੋਵੇਗੀ। ਇਹ ਅਧਿਗ੍ਰਹਿਣ ਰਾਈਟ ਟੂ ਫੇਅਰ ਕਮਪਨਸੇਸ਼ਨ ਐਂਡ ਟਰਾਂਸਪੇਰੈਂਸੀ ਇਨ ਲੈਂਡ ਅਕਵਿਜ਼ੀਸ਼ਨ, ਰੀਹੈਬਿਲੀਟੇਸ਼ਨ ਐਂਡ ਰੀਸੈਟਲਮੈਂਟ ਐਕਟ 2013 ਤਹਿਤ ਕੀਤਾ ਜਾ ਰਿਹਾ ਹੈ। ਉਮੀਦ ਹੈ ਕਿ ਇਹ ਪ੍ਰਕਿਰਿਆ ਜਲਦੀ ਪੂਰੀ ਹੋ ਜਾਵੇਗੀ।
ਸਰਕਾਰ ਵੱਲੋਂ ਇਸ ਪ੍ਰੋਜੈਕਟ ਲਈ ਸਫੀਪੁਰ, ਲੰਡਿਆਲੀ, ਧਰਮਗੜ੍ਹ ਅਤੇ ਰੁਰਕਾ ਪਿੰਡਾਂ ਦੀ ਜ਼ਮੀਨ ਸ਼ਾਮਲ ਕੀਤੀ ਗਈ ਹੈ।
ਇਹ ਪ੍ਰੋਜੈਕਟ ਮਾਸਟਰ ਪਲਾਨ ਅਨੁਸਾਰ ਯੋਜਨਾਬੱਧ ਵਿਕਾਸ ਲਈ ਹੈ ਅਤੇ ਐਕਟ ਦੀ ਧਾਰਾ 2(1)(e) ਤਹਿਤ ਇਸਨੂੰ “ਪਬਲਿਕ ਪਰਪਜ਼” ਮੰਨਿਆ ਗਿਆ ਹੈ। ਇਸ ਕਰਕੇ ਗ੍ਰਾਮ ਸਭਾ ਦੀ ਮਨਜ਼ੂਰੀ ਦੀ ਲੋੜ ਨਹੀਂ ਹੋਵੇਗੀ, ਪਰ ਪ੍ਰਭਾਵਿਤ ਪੰਚਾਇਤਾਂ ਅਤੇ ਜ਼ਮੀਨ ਮਾਲਕਾਂ ਨਾਲ ਸਲਾਹ-ਮਸ਼ਵਰਾ ਲਾਜ਼ਮੀ ਰਹੇਗਾ। ਇਹ ਪ੍ਰਕਿਰਿਆ ਲਗਭਗ ਛੇ ਮਹੀਨੇ ਤੱਕ ਚੱਲ ਸਕਦੀ ਹੈ।
ਐਕਸਪੋ ਸਿਟੀ ਵਿੱਚ ਮਿਲਣਗੀਆਂ ਇਹ ਮੁੱਖ ਸਹੂਲਤਾਂ
1. ਦੇਸ਼ ਦਾ ਪਹਿਲਾ AI ਟਾਵਰ
ਐਕਸਪੋ ਸਿਟੀ ਵਿੱਚ ਭਾਰਤ ਦਾ ਪਹਿਲਾ ਸਮਰਪਿਤ AI ਟਾਵਰ ਬਣੇਗਾ, ਜਿੱਥੇ ਲਗਭਗ 300 AI ਅਤੇ ਟੈਕ ਕੰਪਨੀਆਂ ਕੰਮ ਕਰਨਗੀਆਂ। ਇਸ ਨਾਲ ਹਜ਼ਾਰਾਂ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ ਅਤੇ ਪੰਜਾਬ ਵਿੱਚ ਸਟਾਰਟਅਪਸ ਅਤੇ ਇਨੋਵੇਸ਼ਨ ਨੂੰ ਵੱਡਾ ਬਲ ਮਿਲੇਗਾ।
2. ਇੰਟਰਨੈਸ਼ਨਲ ਸਟੈਂਡਰਡ ਏਗਜ਼ਿਬਿਸ਼ਨ ਗਰਾਊਂਡ
ਕਰੀਬ 10 ਏਕੜ ਵਿੱਚ ਵਿਸ਼ਵ-ਸਤਹ ਦਾ ਪ੍ਰਦਰਸ਼ਨੀ ਮੈਦਾਨ ਬਣੇਗਾ, ਜਿੱਥੇ ਵੱਡੇ ਗਲੋਬਲ ਐਕਸਪੋ, ਕਨਵੈਨਸ਼ਨ, ਟਰੇਡ ਸ਼ੋਅ ਅਤੇ ਇਵੈਂਟ ਕਰਵਾਏ ਜਾਣਗੇ। ਇਸਨੂੰ ਦਿੱਲੀ ਦੇ ਪ੍ਰਗਤੀ ਮੈਦਾਨ ਦੇ ਮਾਡਲ ‘ਤੇ ਤਿਆਰ ਕਰਨ ਦੀ ਯੋਜਨਾ ਹੈ।
3. 20 ਏਕੜ ਦਾ ਮੇਗਾ ਮਾਲ
ਕਰੀਬ 20 ਏਕੜ ਵਿੱਚ ਵੱਡਾ ਸ਼ਾਪਿੰਗ ਮਾਲ ਅਤੇ ਰੀਟੇਲ ਕਾਮਪਲੈਕਸ ਬਣਾਇਆ ਜਾਵੇਗਾ, ਜੋ ਕਮਰਸ਼ੀਅਲ ਅਤੇ ਲਾਈਫਸਟਾਈਲ ਹੱਬ ਵਜੋਂ ਵਿਕਸਤ ਹੋਵੇਗਾ।
4. ਕਮਰਸ਼ੀਅਲ ਅਤੇ ਬਿਜ਼ਨਸ ਜ਼ੋਨ
ਹਾਈ FSI ਵਾਲੀ ਜਗ੍ਹਾ ‘ਤੇ ਦਫ਼ਤਰ, ਹੋਟਲ, ਹਸਪਿਟੈਲਿਟੀ, ਰੀਟੇਲ ਅਤੇ ਹੋਰ ਕਾਰੋਬਾਰੀ ਸਹੂਲਤਾਂ ਵਿਕਸਤ ਕੀਤੀਆਂ ਜਾਣਗੀਆਂ। ਇਹ ਪੰਜਾਬ ਦਾ ਵੱਡਾ ਬਿਜ਼ਨਸ ਅਤੇ ਇਨੋਵੇਸ਼ਨ ਹੱਬ ਬਣੇਗਾ।
ਸੋਸ਼ਲ ਇੰਪੈਕਟ ਸਰਵੇ ਵਿੱਚ ਕੀ ਜਾਂਚ ਹੋਵੇਗੀ
-
ਕਿੰਨੇ ਪਰਿਵਾਰ ਇਸ ਪ੍ਰੋਜੈਕਟ ਨਾਲ ਪ੍ਰਭਾਵਿਤ ਹੋਣਗੇ ਅਤੇ ਕੀ ਕਿਸੇ ਨੂੰ ਘਰ ਛੱਡਣਾ ਪਵੇਗਾ।
-
ਨਿੱਜੀ ਅਤੇ ਸਰਕਾਰੀ ਜ਼ਮੀਨ, ਘਰਾਂ ਜਾਂ ਹੋਰ ਸੰਪਤੀਆਂ ‘ਤੇ ਕਿੰਨਾ ਅਸਰ ਪਵੇਗਾ।
-
ਪ੍ਰੋਜੈਕਟ ਲਈ ਅਸਲ ਵਿੱਚ ਕਿੰਨੀ ਜ਼ਮੀਨ ਦੀ ਲੋੜ ਹੈ।
-
ਜੇਕਰ ਕਿਸੇ ਹੋਰ ਜਗ੍ਹਾ ‘ਤੇ ਵਿਕਲਪ ਮਿਲ ਸਕਦਾ ਹੈ ਤਾਂ ਉਸਦਾ ਵੀ ਅਧਿਐਨ ਕੀਤਾ ਜਾਵੇਗਾ।
-
ਸਮਾਜ ‘ਤੇ ਪੈਣ ਵਾਲੇ ਪ੍ਰਭਾਵ ਅਤੇ ਖਰਚ ਦੇ ਮੁਕਾਬਲੇ ਫਾਇਦੇ ਦਾ ਪੂਰਾ ਅੰਕਲਨ ਕੀਤਾ ਜਾਵੇਗਾ।
ਜ਼ਮੀਨ ਦਾ ਵੇਰਵਾ (ਏਕੜ ਵਿੱਚ)
-
ਸਫੀਪੁਰ – 34.03
-
ਲੰਡਿਆਲੀ – 6.95
-
ਧਰਮਗੜ੍ਹ – 68.06
-
ਰੁਰਕਾ – 76.84
ਕੁੱਲ – 182.88 ਏਕੜ
ਲੈਂਡ ਪੂਲਿੰਗ ਪਾਲਿਸੀ ਲਾਗੂ
ਗਮਾਡਾ ਨੇ ਐਕਸਪੋ ਸਿਟੀ ਪ੍ਰੋਜੈਕਟ ਲਈ ਖਾਸ ਲੈਂਡ ਪੂਲਿੰਗ ਪਾਲਿਸੀ ਲਾਗੂ ਕੀਤੀ ਹੈ। ਜਿਸ ਕਿਸਾਨ ਦੀ ਜ਼ਮੀਨ ਲਈ ਜਾਵੇਗੀ, ਉਸਨੂੰ ਹਰ ਇੱਕ ਏਕੜ ਦੇ ਬਦਲੇ 800 ਵਰਗ ਗਜ਼ ਦਾ ਕਮਰਸ਼ੀਅਲ ਪਲਾਟ (SCO) ਦਿੱਤਾ ਜਾਵੇਗਾ। ਇਸ ਨਾਲ ਜ਼ਮੀਨ ਮਾਲਕਾਂ ਨੂੰ ਸਿੱਧਾ ਮਹਿੰਗੀ ਕਮਰਸ਼ੀਅਲ ਜਗ੍ਹਾ ਵਿੱਚ ਹਿੱਸਾ ਮਿਲੇਗਾ ਅਤੇ ਉਨ੍ਹਾਂ ਨੂੰ ਆਰਥਿਕ ਤੌਰ ‘ਤੇ ਵੱਡਾ ਫਾਇਦਾ ਹੋ ਸਕਦਾ ਹੈ।
