ਚੰਡੀਗੜ੍ਹ-ਪੰਚਕੂਲਾ ਅਤੇ ਮੋਹਾਲੀ ‘ਚ ਆਸਮਾਨ ਤੋਂ ਅੱਗ ਵਰ੍ਹ ਰਹੀ! 44 ਡਿਗਰੀ ਤੋਂ ਪਾਰ ਪਹੁੰਚਿਆ ਤਾਪਮਾਨ, ਇਸ ਦਿਨ ਤੋਂ ਮਿਲੇਗੀ ਰਾਹਤ

ਟ੍ਰਾਈਸਿਟੀ ਖੇਤਰ ਚੰਡੀਗੜ੍ਹ, ਪੰਚਕੂਲਾ ਅਤੇ ਮੋਹਾਲੀ ਸਮੇਤ ਜ਼ੀਰਕਪੁਰ, ਡੇਰਾਬੱਸੀ ਅਤੇ ਲਾਲੜੂ ਵਿੱਚ ਇਨ੍ਹਾਂ ਦਿਨਾਂ ਭਿਆਨਕ ਗਰਮੀ ਦਾ ਅਸਰ ਲਗਾਤਾਰ ਵੱਧ ਰਿਹਾ ਹੈ। ਅਪ੍ਰੈਲ ਦੇ ਆਖ਼ਰੀ ਹਫ਼ਤੇ ਵਿੱਚ ਹੀ ਤਾਪਮਾਨ ਵਿੱਚ ਅਸਧਾਰਣ ਵਾਧੇ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ।

ਮੌਸਮ ਵਿਭਾਗ ਮੁਤਾਬਕ ਚੰਡੀਗੜ੍ਹ ਵਿੱਚ ਅਧਿਕਤਮ ਤਾਪਮਾਨ 41.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਤੋਂ ਲਗਭਗ 5 ਡਿਗਰੀ ਵੱਧ ਹੈ। ਜ਼ੀਰਕਪੁਰ ਵਿੱਚ ਤਾਪਮਾਨ ਕਰੀਬ 40.5 ਡਿਗਰੀ, ਡੇਰਾਬੱਸੀ ਵਿੱਚ 40.2 ਡਿਗਰੀ ਅਤੇ ਲਾਲੜੂ ਵਿੱਚ ਲਗਭਗ 40.0 ਡਿਗਰੀ ਸੈਲਸੀਅਸ ਦੇ ਆਸਪਾਸ ਦਰਜ ਕੀਤਾ ਗਿਆ।

ਪੰਜਾਬ ਦੇ ਬਠਿੰਡਾ ਅਤੇ ਫਰੀਦਕੋਟ ਵਿੱਚ ਪਾਰਾ 44.3 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ, ਜਿਸ ਨਾਲ ਸੂਬੇ ਭਰ ਵਿੱਚ ਲੂ ਵਰਗੇ ਹਾਲਾਤ ਬਣ ਗਏ ਹਨ। ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਖੇਤਰ ਵਿੱਚ ਹੀਟ ਵੇਵ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਨਾਲ ਹੀ “ਵਾਰਮ ਨਾਈਟ” ਯਾਨੀ ਰਾਤ ਦੇ ਸਮੇਂ ਵੀ ਗਰਮੀ ਬਣੀ ਰਹਿਣ ਦੀ ਚੇਤਾਵਨੀ ਦਿੱਤੀ ਗਈ ਹੈ।

ਕਈ ਜ਼ਿਲ੍ਹਿਆਂ ਵਿੱਚ 40 ਡਿਗਰੀ ਪਾਰ, ਜਨ ਜੀਵਨ ਪ੍ਰਭਾਵਿਤ

ਪੰਜਾਬ ਦੇ ਅੰਮ੍ਰਿਤਸਰ (40.3°C), ਲੁਧਿਆਣਾ (42.4°C), ਪਟਿਆਲਾ (42.4°C), ਬਠਿੰਡਾ (42.5°C) ਅਤੇ ਫਰੀਦਕੋਟ (44.3°C) ਵਿੱਚ ਤਾਪਮਾਨ 40 ਡਿਗਰੀ ਤੋਂ ਵੱਧ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਫਾਜ਼ਿਲਕਾ, ਫਿਰੋਜ਼ਪੁਰ, ਮੋਗਾ, ਬਰਨਾਲਾ, ਮੁਕਤਸਰ ਅਤੇ ਪਠਾਨਕੋਟ ਸਮੇਤ ਕਈ ਜ਼ਿਲ੍ਹਿਆਂ ਵਿੱਚ ਤਾਪਮਾਨ 35 ਤੋਂ 40 ਡਿਗਰੀ ਦੇ ਵਿਚਕਾਰ ਬਣਿਆ ਹੋਇਆ ਹੈ। ਟ੍ਰਾਈਸਿਟੀ ਦੇ ਨੇੜਲੇ ਸ਼ਹਿਰਾਂ—ਜ਼ੀਰਕਪੁਰ, ਡੇਰਾਬੱਸੀ ਅਤੇ ਲਾਲੜੂ—ਵਿੱਚ ਵੀ ਗਰਮੀ ਦਾ ਅਸਰ ਸਪਸ਼ਟ ਦਿਖਾਈ ਦੇ ਰਿਹਾ ਹੈ। ਦੁਪਹਿਰ ਵੇਲੇ ਬਾਜ਼ਾਰ ਸੁੰਨੇ ਪਏ ਰਹਿੰਦੇ ਹਨ ਅਤੇ ਲੋਕ ਸਿਰਫ਼ ਜ਼ਰੂਰੀ ਕੰਮ ਲਈ ਹੀ ਘਰੋਂ ਬਾਹਰ ਨਿਕਲ ਰਹੇ ਹਨ।

ਛੱਤਬੀੜ ਚਿੜੀਆਘਰ ਵਿੱਚ ਵੀ ਗਰਮੀ ਕਾਰਨ ਸੈਲਾਨੀਆਂ ਦੀ ਗਿਣਤੀ ਘਟ ਗਈ ਹੈ। ਦਿਹਾੜੀਦਾਰ ਮਜ਼ਦੂਰਾਂ ਅਤੇ ਬਾਹਰ ਕੰਮ ਕਰਨ ਵਾਲਿਆਂ ਲਈ ਹਾਲਾਤ ਹੋਰ ਵੀ ਮੁਸ਼ਕਲ ਹੋ ਗਏ ਹਨ, ਕਿਉਂਕਿ ਉਨ੍ਹਾਂ ਨੂੰ ਤੇਜ਼ ਧੁੱਪ ਵਿੱਚ ਕੰਮ ਕਰਨਾ ਪੈਂਦਾ ਹੈ। ਰਾਤ ਦਾ ਤਾਪਮਾਨ 22 ਤੋਂ 26 ਡਿਗਰੀ ਦੇ ਵਿਚਕਾਰ ਰਹਿਣ ਕਾਰਨ ਲੋਕਾਂ ਨੂੰ ਰਾਤ ਨੂੰ ਵੀ ਰਾਹਤ ਨਹੀਂ ਮਿਲ ਰਹੀ। ਕੂਲਰ ਅਤੇ ਏਸੀ ਦੀ ਵਰਤੋਂ ਵੱਧਣ ਨਾਲ ਬਿਜਲੀ ਦੀ ਖਪਤ ਵਿੱਚ ਵੀ ਵਾਧਾ ਹੋਇਆ ਹੈ।

27 ਅਪ੍ਰੈਲ ਤੋਂ ਬਦਲ ਸਕਦਾ ਹੈ ਮੌਸਮ, ਰਾਹਤ ਦੀ ਉਮੀਦ

ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਮੁਤਾਬਕ 27 ਤੋਂ 30 ਅਪ੍ਰੈਲ ਦੇ ਦਰਮਿਆਨ ਪੰਜਾਬ ਅਤੇ ਟ੍ਰਾਈਸਿਟੀ ਦੇ ਕਈ ਹਿੱਸਿਆਂ ਵਿੱਚ ਮੌਸਮ ਵਿੱਚ ਤਬਦੀਲੀ ਦੇ ਅਸਾਰ ਹਨ। ਇਸ ਦੌਰਾਨ ਗਰਜ-ਚਮਕ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਇਸ ਨਾਲ ਤਾਪਮਾਨ ਵਿੱਚ 2 ਤੋਂ 4 ਡਿਗਰੀ ਤੱਕ ਦੀ ਕਮੀ ਆ ਸਕਦੀ ਹੈ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲ ਸਕਦੀ ਹੈ। ਹਾਲਾਂਕਿ ਮਾਹਿਰਾਂ ਦਾ ਕਹਿਣਾ ਹੈ ਕਿ ਮਈ ਮਹੀਨੇ ਵਿੱਚ ਗਰਮੀ ਹੋਰ ਵੱਧ ਸਕਦੀ ਹੈ।

ਅਗਲੇ ਤਿੰਨ ਦਿਨਾਂ ਦਾ ਅਨੁਮਾਨ

• 27 ਅਪ੍ਰੈਲ: ਫਾਜ਼ਿਲਕਾ, ਮੁਕਤਸਰ, ਬਠਿੰਡਾ ਅਤੇ ਮਾਨਸਾ ਵਿੱਚ ਬਾਰਿਸ਼ ਅਤੇ ਤੇਜ਼ ਹਵਾਵਾਂ
• 27 ਅਪ੍ਰੈਲ: ਪਠਾਨਕੋਟ, ਗੁਰਦਾਸਪੁਰ ਅਤੇ ਹੋਸ਼ਿਆਰਪੁਰ ਵਿੱਚ ਬਾਰਿਸ਼ ਦੇ ਅਸਾਰ
• 28 ਅਪ੍ਰੈਲ: ਅੰਮ੍ਰਿਤਸਰ, ਜਲੰਧਰ, ਪਟਿਆਲਾ, ਮੋਹਾਲੀ, ਜ਼ੀਰਕਪੁਰ ਅਤੇ ਡੇਰਾਬੱਸੀ ਵਿੱਚ ਗਰਜ-ਚਮਕ ਨਾਲ ਬਾਰਿਸ਼

45–55°C ਵਾਲੀ ਚੇਤਾਵਨੀ ਭ੍ਰਮਕ, ਅਫ਼ਵਾਹਾਂ ਤੋਂ ਬਚੋ

ਸੋਸ਼ਲ ਮੀਡੀਆ ‘ਤੇ 45 ਤੋਂ 55 ਡਿਗਰੀ ਤਾਪਮਾਨ ਬਾਰੇ ਵਾਇਰਲ ਹੋ ਰਹੀ ਚੇਤਾਵਨੀ ਨੂੰ ਮੌਸਮ ਮਾਹਿਰਾਂ ਨੇ ਗਲਤ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਕੋਈ ਅਧਿਕਾਰਿਕ ਜਾਣਕਾਰੀ ਨਹੀਂ ਹੈ ਅਤੇ ਲੋਕਾਂ ਨੂੰ ਸਿਰਫ਼ ਮੌਸਮ ਵਿਭਾਗ ਦੀ ਸਹੀ ਜਾਣਕਾਰੀ ‘ਤੇ ਹੀ ਭਰੋਸਾ ਕਰਨਾ ਚਾਹੀਦਾ ਹੈ।

ਲੂ ਤੋਂ ਬਚਾਅ ਲਈ ਸਾਵਧਾਨੀ ਲਾਜ਼ਮੀ

ਤੀਬਰ ਗਰਮੀ ਦੇ ਮੱਦੇਨਜ਼ਰ ਸਿਹਤ ਮਾਹਿਰਾਂ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ। ਦੁਪਹਿਰ 12 ਤੋਂ 3 ਵਜੇ ਦੇ ਵਿਚਕਾਰ ਘਰੋਂ ਬਾਹਰ ਜਾਣ ਤੋਂ ਬਚੋ, ਵੱਧ ਪਾਣੀ ਅਤੇ ਤਰਲ ਪਦਾਰਥ ਪੀਓ ਅਤੇ ਹਲਕੇ ਤੇ ਢਿੱਲੇ ਕੱਪੜੇ ਪਹਿਨੋ। ਬਜ਼ੁਰਗਾਂ, ਬੱਚਿਆਂ ਅਤੇ ਬੀਮਾਰ ਵਿਅਕਤੀਆਂ ਦਾ ਖ਼ਾਸ ਧਿਆਨ ਰੱਖੋ। ਜੇ ਲੂ ਦੇ ਲੱਛਣ ਜਿਵੇਂ ਚੱਕਰ ਆਉਣਾ, ਉਲਟੀ ਜਾਂ ਕਮਜ਼ੋਰੀ ਮਹਿਸੂਸ ਹੋਵੇ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ।

Leave a Reply

Your email address will not be published. Required fields are marked *