ਨਿਊਜ਼ੀਲੈਂਡ ਨੂੰ ਹਰਾਕੇ ਵਰਲਡ ਚੈਂਪਿਅਨ ਬਣਿਆ ਭਾਰਤ, ਤੀਜੀ ਵਾਰ ਜਿੱਤਿਆ ਟੀ20 ਵਰਲਡ ਕਪ ਦਾ ਖਿਤਾਬ

ਭਾਰਤ ਨੇ ਤੀਜੀ ਵਾਰ ਟੀ20 ਵਰਲਡ ਕਪ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਫਾਈਨਲ ਮੈਚ ਵਿੱਚ ਟੀਮ ਇੰਡੀਆ ਨੇ ਨਿਊਜ਼ੀਲੈਂਡ ਨੂੰ 96 ਰਨਾਂ ਨਾਲ ਹਰਾਇਆ। ਇਸ ਜਿੱਤ ਨਾਲ ਭਾਰਤ ਟੀ20 ਵਰਲਡ ਕਪ ਦੀ ਟ੍ਰੋਫੀ ਨੂੰ ਡਿਫੈਂਡ ਕਰਨ ਵਾਲਾ ਪਹਿਲਾ ਦੇਸ਼ ਬਣ ਗਿਆ ਹੈ। ਅਹਿਮਦਾਬਾਦ ਵਿੱਚ ਖੇਡੇ ਗਏ ਇਸ ਫਾਈਨਲ ਮੈਚ ਵਿੱਚ ਭਾਰਤ ਨੇ ਪਹਿਲਾਂ ਬੈਟਿੰਗ ਕਰਦਿਆਂ 255 ਰਨ ਬਣਾਏ, ਜਦਕਿ ਜਵਾਬ ਵਿੱਚ ਨਿਊਜ਼ੀਲੈਂਡ ਦੀ ਟੀਮ ਸਿਰਫ਼ 159 ਰਨ ਹੀ ਬਣਾ ਸਕੀ।

ਭਾਰਤੀ ਟੀਮ ਨੇ ਰਚਿਆ ਇਤਿਹਾਸ

ਹੁਣ ਤੱਕ ਵੈਸਟਇੰਡੀਜ਼ ਅਤੇ ਇੰਗਲੈਂਡ ਵੀ 2-2 ਵਾਰ ਟੀ20 ਵਰਲਡ ਚੈਂਪਿਅਨ ਬਣ ਚੁੱਕੇ ਹਨ, ਪਰ ਟੀ20 ਵਰਲਡ ਕਪ ਤਿੰਨ ਵਾਰ ਜਿੱਤਣ ਵਾਲਾ ਭਾਰਤ ਪਹਿਲਾ ਦੇਸ਼ ਬਣ ਗਿਆ ਹੈ। ਟੀਮ ਇੰਡੀਆ ਨੇ 2007, 2024 ਅਤੇ ਹੁਣ 2026 ਵਿੱਚ ਇਹ ਖਿਤਾਬ ਆਪਣੇ ਨਾਮ ਕੀਤਾ ਹੈ। ਇਸ ਤੋਂ ਪਹਿਲਾਂ ਕੋਈ ਵੀ ਟੀਮ ਲਗਾਤਾਰ ਦੋ ਵਾਰ ਟੀ20 ਵਰਲਡ ਕਪ ਨਹੀਂ ਜਿੱਤ ਸਕੀ ਸੀ, ਪਰ ਭਾਰਤ ਨੇ ਇਹ ਉਪਲਬਧੀ ਵੀ ਹਾਸਲ ਕਰ ਲਈ ਹੈ।

ਫਾਈਨਲ ਵਿੱਚ ਬਣਿਆ ਸਭ ਤੋਂ ਵੱਡਾ ਸਕੋਰ

ਟਾਸ ਹਾਰਨ ਤੋਂ ਬਾਅਦ ਭਾਰਤੀ ਟੀਮ ਪਹਿਲਾਂ ਬੈਟਿੰਗ ਕਰਨ ਆਈ। ਸੰਜੂ ਸੈਮਸਨ, ਈਸ਼ਾਨ ਕਿਸ਼ਨ ਅਤੇ ਅਭਿਸ਼ੇਕ ਸ਼ਰਮਾ ਨੇ ਧਮਾਕੇਦਾਰ ਅੰਦਾਜ਼ ਵਿੱਚ ਅਰਧਸ਼ਤਕ ਲਗਾਏ।

ਸੰਜੂ ਸੈਮਸਨ ਨੇ 89 ਰਨਾਂ ਦੀ ਸ਼ਾਨਦਾਰ ਪਾਰੀ ਖੇਡੀ, ਜੋ ਇਸ ਵਰਲਡ ਕਪ ਵਿੱਚ ਉਨ੍ਹਾਂ ਦੀ ਲਗਾਤਾਰ ਤੀਜੀ ਅਰਧਸ਼ਤਕ ਪਾਰੀ ਰਹੀ। ਅਭਿਸ਼ੇਕ ਸ਼ਰਮਾ ਨੇ 21 ਗੇਂਦਾਂ ਵਿੱਚ 52 ਰਨ ਬਣਾਏ ਅਤੇ ਸਿਰਫ਼ 18 ਗੇਂਦਾਂ ਵਿੱਚ ਆਪਣਾ ਅਰਧਸ਼ਤਕ ਪੂਰਾ ਕੀਤਾ। ਇਸਦੇ ਨਾਲ ਹੀ ਈਸ਼ਾਨ ਕਿਸ਼ਨ ਨੇ ਵੀ 25 ਗੇਂਦਾਂ ਵਿੱਚ 54 ਰਨਾਂ ਦਾ ਮਹੱਤਵਪੂਰਨ ਯੋਗਦਾਨ ਦਿੱਤਾ।

ਭਾਰਤ ਨੇ ਪਹਿਲਾਂ ਬੈਟਿੰਗ ਕਰਦਿਆਂ 255 ਰਨ ਬਣਾਏ, ਜੋ ਟੀ20 ਵਰਲਡ ਕਪ ਫਾਈਨਲ ਦੇ ਇਤਿਹਾਸ ਦਾ ਸਭ ਤੋਂ ਵੱਡਾ ਸਕੋਰ ਹੈ। ਇਸ ਤੋਂ ਪਹਿਲਾਂ ਵੀ ਇਹ ਰਿਕਾਰਡ ਭਾਰਤ ਦੇ ਹੀ ਨਾਮ ਸੀ, ਜਦੋਂ 2024 ਦੇ ਫਾਈਨਲ ਵਿੱਚ ਟੀਮ ਨੇ 176 ਰਨ ਬਣਾਏ ਸਨ। ਹੁਣ ਟੀਮ ਇੰਡੀਆ ਨੇ ਆਪਣੇ ਹੀ ਰਿਕਾਰਡ ਨੂੰ ਤੋੜਦਿਆਂ 255 ਰਨ ਬਣਾਏ।

96 ਰਨਾਂ ਨਾਲ ਜਿੱਤ

256 ਰਨਾਂ ਦੇ ਟਾਰਗੇਟ ਦਾ ਪਿੱਛਾ ਕਰਨ ਉਤਰੀ ਨਿਊਜ਼ੀਲੈਂਡ ਦੀ ਟੀਮ ਕਦੇ ਵੀ ਜਿੱਤ ਦੀ ਦੌੜ ਵਿੱਚ ਨਜ਼ਰ ਨਹੀਂ ਆਈ। ਟਿਮ ਸਾਈਫਰਟ ਨੇ 52 ਰਨ ਬਣਾਏ ਅਤੇ ਕਪਤਾਨ ਮਿਚੇਲ ਸੈਂਟਨਰ ਨੇ 43 ਰਨਾਂ ਦੀ ਪਾਰੀ ਖੇਡੀ, ਪਰ ਇਸ ਤੋਂ ਇਲਾਵਾ ਕੋਈ ਵੀ ਕੀਵੀ ਬੱਲੇਬਾਜ਼ ਵੱਡੀ ਪਾਰੀ ਨਹੀਂ ਖੇਡ ਸਕਿਆ।

ਭਾਰਤ ਵੱਲੋਂ ਸਭ ਤੋਂ ਵੱਧ ਵਿਕਟਾਂ ਜਸਪ੍ਰੀਤ ਬੁਮਰਾਹ ਨੇ ਲਈਆਂ, ਜਿਨ੍ਹਾਂ ਨੇ 4 ਵਿਕਟਾਂ ਆਪਣੇ ਨਾਮ ਕੀਤੀਆਂ। ਅਕਸ਼ਰ ਪਟੇਲ ਨੇ 3 ਬੱਲੇਬਾਜ਼ਾਂ ਨੂੰ ਆਊਟ ਕੀਤਾ। ਇਸ ਤੋਂ ਇਲਾਵਾ ਹਾਰਦਿਕ ਪਾਂਡਿਆ, ਵਰੁਣ ਚਕਰਵਰਤੀ ਅਤੇ ਅਭਿਸ਼ੇਕ ਸ਼ਰਮਾ ਨੇ ਵੀ ਇੱਕ-ਇੱਕ ਵਿਕਟ ਹਾਸਲ ਕੀਤੀ।

Leave a Reply

Your email address will not be published. Required fields are marked *