ਕੁਲਦੀਪ ਧਾਲੀਵਾਲ ਦਾ ਸੁਖਬੀਰ ਬਾਦਲ ’ਤੇ ਤਿੱਖਾ ਹਮਲਾ, ਕਿਹਾ – ਗੈਂਗਸਟਰਾਂ ਨੂੰ ਭਜਾਉਣ ਦੀ ਗੱਲ ਕਰਨ ਵਾਲੇ ਖੁਦ “ਗੈਂਗਸਟਰ ਲਿਆਓ ਮੁਹਿੰਮ” ਚਲਾ ਰਹੇ ਹਨ

ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਪ੍ਰਵਕਤਾ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਸ਼ਿਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਤਰਨਤਾਰਨ ਤੋਂ ਕੰਚਨਪ੍ਰੀਤ ਕੌਰ ਨੂੰ ਚੋਣ ਖੇਤਰ ਇੰਚਾਰਜ ਲਗਾ ਕੇ ਬਾਦਲ ਨੇ ਇਹ ਸਾਫ ਕਰ ਦਿੱਤਾ ਹੈ ਕਿ ਉਹ 2027 ਵਿੱਚ ਪੰਜਾਬ ਵਿੱਚ ਕਿਸ ਤਰ੍ਹਾਂ ਦਾ ਮਾਡਲ ਲਿਆਉਣਾ ਚਾਹੁੰਦੇ ਹਨ।

ਉਨ੍ਹਾਂ ਕਿਹਾ ਕਿ ਜਿਵੇਂ ਭਾਜਪਾ ਗੁਜਰਾਤ ਮਾਡਲ ਦੀ ਗੱਲ ਕਰਦੀ ਹੈ ਜਾਂ ਹਰਿਆਣਾ ਸਰਕਾਰ ਹਰਿਆਣਾ ਮਾਡਲ ਦੀ ਗੱਲ ਕਰਦੀ ਹੈ, ਓਸੇ ਤਰ੍ਹਾਂ ਹੁਣ ਸੁਖਬੀਰ ਬਾਦਲ ਪੰਜਾਬ ਵਿੱਚ ਆਪਣਾ “ਸੁਖਬੀਰ ਮਾਡਲ” ਪੇਸ਼ ਕਰ ਰਹੇ ਹਨ, ਜਿਸ ਨਾਲ ਸਿਰਫ਼ ਅਪਰਾਧਿਕ ਪਿਛੋਕੜ ਵਾਲੇ ਲੋਕਾਂ ਨੂੰ ਹੀ ਵਧਾਵਾ ਮਿਲੇਗਾ।

ਮੰਗਲਵਾਰ ਨੂੰ ਪਾਰਟੀ ਦਫ਼ਤਰ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਧਾਲੀਵਾਲ ਨੇ ਕਿਹਾ ਕਿ ਜੇ ਸੁਖਬੀਰ ਬਾਦਲ ਆਪਣੀ “ਗੈਂਗਸਟਰ ਲਿਆਓ” ਮੁਹਿੰਮ ਦੇ ਤਹਿਤ ਅਜਿਹਾ ਮਾਡਲ ਪੇਸ਼ ਕਰਨਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਹੁਣੇ ਹੀ ਸਾਰੀਆਂ 117 ਸੀਟਾਂ ’ਤੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦੇਣਾ ਚਾਹੀਦਾ ਹੈ, ਤਾਂ ਜੋ ਲੋਕਾਂ ਨੂੰ ਉਨ੍ਹਾਂ ਦੀ ਅਸਲੀ ਸੋਚ ਦਾ ਪਤਾ ਲੱਗ ਸਕੇ।

ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੂੰ ਅਬੋਹਰ ਤੋਂ ਜਗਦੀਸ਼ ਭੋਲੇ ਵਰਗੇ ਲੋਕਾਂ ਨੂੰ ਵੀ ਟਿਕਟ ਦੇਣ ਦੀ ਘੋਸ਼ਣਾ ਕਰ ਦੇਣੀ ਚਾਹੀਦੀ ਹੈ। ਉਨ੍ਹਾਂ ਸੁਖਬੀਰ ਬਾਦਲ ਨੂੰ ਸਵਾਲ ਕੀਤਾ ਕਿ ਉਹ ਡੇਰਾ ਬਾਬਾ ਨਾਨਕ ਤੋਂ ਪਹਿਲਾਂ ਵਰਗੇ ਲੋਕਾਂ ਦੇ ਨਾਂ ਦਾ ਐਲਾਨ ਕਰਨ ਵਿੱਚ ਦੇਰੀ ਕਿਉਂ ਕਰ ਰਹੇ ਹਨ।

ਧਾਲੀਵਾਲ ਨੇ ਕਿਹਾ ਕਿ ਜੇ ਅਕਾਲੀ ਦਲ ਪੰਜਾਬ ਦੇ ਜ਼ਖਮਾਂ ’ਤੇ ਨਮਕ ਛਿੜਕਣਾ ਚਾਹੁੰਦਾ ਹੈ ਤਾਂ ਸੁਖਬੀਰ ਬਾਦਲ ਬਰਗਾੜੀ, ਬਹਿਬਲ ਕਲਾਂ ਅਤੇ ਕੋਟਕਪੂਰਾ ਵਿੱਚ ਨਿਹੱਥੇ ਸਿੱਖਾਂ ’ਤੇ ਗੋਲੀਆਂ ਚਲਾਉਣ ਵਾਲੇ ਵਿਵਾਦਿਤ ਅਧਿਕਾਰੀਆਂ ਸੁਮੇਧ ਸੈਣੀ ਅਤੇ ਉਮਰਾਨੰਗਲ ਨੂੰ ਵੀ ਮੈਦਾਨ ਵਿੱਚ ਉਤਾਰਣ ਦਾ ਐਲਾਨ ਕਰ ਦੇਣ।

ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੂੰ ਹੁਣ ਗੁਰਮੀਤ ਰਾਮ ਰਹੀਮ ਤੋਂ ਵੀ ਸੂਚੀ ਮੰਗਵਾ ਲੈਣੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਦੇ “ਗੈਂਗਸਟਰ ਅਤੇ ਕਰਿਮਿਨਲ ਮਾਡਲ” ਦੀ ਤਸਵੀਰ ਪੂਰੀ ਤਰ੍ਹਾਂ ਸਾਫ ਹੋ ਸਕੇ।

ਧਾਲੀਵਾਲ ਨੇ ਤੰਜ਼ ਕਰਦਿਆਂ ਕਿਹਾ ਕਿ ਸੁਖਬੀਰ ਬਾਦਲ ਉਹਨਾਂ “ਕਮਾਉ ਪੁੱਤਰਾਂ” ਨੂੰ ਵੀ ਟਿਕਟ ਦੇਣ, ਜਿਨ੍ਹਾਂ ਨੇ ਦਰਬਾਰ ਸਾਹਿਬ ਦੇ ਲੰਗਰ ਦੀਆਂ ਸੁੱਕੀਆਂ ਰੋਟੀਆਂ ਦੇ ਘਪਲੇ ਕਰਕੇ ਬਾਦਲਾਂ ਦੇ ਘਰ ਪੈਸੇ ਭੇਜੇ ਸਨ।

ਉਨ੍ਹਾਂ ਕਿਹਾ ਕਿ ਸੁਖਬੀਰ ਜੀ, ਉਹਨਾਂ ਲੋਕਾਂ ਨੂੰ ਵੀ ਟਿਕਟ ਦਿਓ ਜਿਨ੍ਹਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪ ਚੁਰਾਏ ਅਤੇ ਆਪਣੇ ਚਾਰਟਰਡ ਅਕਾਊਂਟੈਂਟ ਕੋਹਲੀ ਨੂੰ ਵੀ ਮੈਦਾਨ ਵਿੱਚ ਉਤਾਰੋ ਜੋ ਤੁਹਾਡੇ ਪੈਸਿਆਂ ਦਾ ਹਿਸਾਬ ਰੱਖਦਾ ਹੈ।

ਉਨ੍ਹਾਂ ਕਿਹਾ ਕਿ ਉਹਨਾਂ ਪੁਰਾਣੇ ਜਥੇਦਾਰਾਂ ਨੂੰ ਵੀ ਟਿਕਟ ਦਿਓ ਜਿਨ੍ਹਾਂ ਨੇ ਤੁਹਾਡੇ ਕਹਿਣ ’ਤੇ ਰਾਮ ਰਹੀਮ ਨੂੰ ਮਾਫ਼ੀ ਦਿੱਤੀ ਸੀ, ਤਾਂ ਜੋ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਤੁਹਾਡੀ ਟੋਲੀ ਵਿੱਚ ਕਿਹੜੇ ਲੋਕ ਸ਼ਾਮਲ ਹਨ।

ਧਾਲੀਵਾਲ ਨੇ ਦੋਸ਼ ਲਾਇਆ ਕਿ ਸੁਖਬੀਰ ਬਾਦਲ ਉਹਨਾਂ ਚੇਲਿਆਂ ਨੂੰ ਵੀ ਟਿਕਟ ਦੇਣ ਜੋ ਪੰਜਾਬ ਵਿੱਚ ਗੁਰੂ ਘਰਾਂ ਦੀਆਂ ਜ਼ਮੀਨਾਂ ਹੜਪਣ ਜਾਂ ਵੇਚਣ ਵਿੱਚ ਸ਼ਾਮਲ ਰਹੇ ਹਨ। ਉਨ੍ਹਾਂ ਕਿਹਾ ਕਿ ਅੰਬ ਸਾਹਿਬ ਅਤੇ ਅਨੰਦਪੁਰ ਸਾਹਿਬ ਦੀਆਂ ਜ਼ਮੀਨਾਂ ਵੇਚ ਕੇ ਬਾਦਲਾਂ ਤੱਕ ਪੈਸੇ ਪਹੁੰਚਾਉਣ ਵਾਲੇ ਮੈਨੇਜਰਾਂ ਨੂੰ ਵੀ ਉਮੀਦਵਾਰ ਬਣਾਇਆ ਜਾਵੇ।

ਧਾਲੀਵਾਲ ਨੇ ਕਿਹਾ ਕਿ ਇਕ ਪਾਸੇ ਸੁਖਬੀਰ ਬਾਦਲ ਗੈਂਗਸਟਰਾਂ ਨੂੰ ਭਜਾਉਣ ਦੀ ਗੱਲ ਕਰਦੇ ਹਨ, ਪਰ ਦੂਜੇ ਪਾਸੇ ਉਹ ਖੁਦ ਹੀ “ਗੈਂਗਸਟਰ ਲਿਆਓ” ਮੁਹਿੰਮ ਚਲਾ ਰਹੇ ਹਨ।

ਉਨ੍ਹਾਂ ਅੱਗੇ ਕਿਹਾ ਕਿ ਸੁਖਬੀਰ ਨੂੰ ਐਸਜੀਪੀਸੀ ਅਤੇ ਗੁਰੂ ਰਾਮਦਾਸ ਹਸਪਤਾਲ ਵਿੱਚ ਲੁੱਟ-ਖਸੋਟ ਕਰਨ ਵਾਲੇ ਡਾਕਟਰਾਂ ਅਤੇ ਨੇਤਾਵਾਂ ਨੂੰ ਟਿਕਟ ਦੇ ਕੇ ਆਪਣਾ ਮਨ ਖੁਸ਼ ਕਰ ਲੈਣਾ ਚਾਹੀਦਾ ਹੈ, ਕਿਉਂਕਿ ਪੰਜਾਬ ਦੇ ਲੋਕ ਹੁਣ ਉਨ੍ਹਾਂ ਨੂੰ ਵੋਟ ਨਹੀਂ ਦੇਣਗੇ।

ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਅਸਲੀ ਵਰਕਰ ਪਾਰਟੀ ਛੱਡ ਕੇ ਜਾ ਚੁੱਕੇ ਹਨ ਅਤੇ ਹੁਣ ਸੁਖਬੀਰ ਬਾਦਲ ਕੋਲ ਸਿਰਫ਼ ਪੈਸੇ ਵਸੂਲਣ ਵਾਲਿਆਂ ਦੀ ਫੌਜ ਰਹਿ ਗਈ ਹੈ।

ਧਾਲੀਵਾਲ ਨੇ ਤੰਜ਼ ਕਰਦਿਆਂ ਕਿਹਾ ਕਿ ਸੁਖਬੀਰ ਬਾਦਲ ਦੇ ਸੱਤਾ ਵਿੱਚ ਆਉਣ ਦੇ ਸੁਪਨੇ ਕਦੇ ਪੂਰੇ ਨਹੀਂ ਹੋਣਗੇ, ਪਰ ਜੇ ਉਹ 117 ਉਮੀਦਵਾਰਾਂ ਦਾ ਐਲਾਨ ਕਰ ਦੇਣ ਤਾਂ ਉਨ੍ਹਾਂ ਦੀ ਅਸਲ ਹਕੀਕਤ ਅਤੇ ਉਨ੍ਹਾਂ ਦੇ “ਜੋੜੀਦਾਰਾਂ” ਦਾ ਚਿਹਰਾ ਪੂਰੇ ਪੰਜਾਬ ਦੇ ਸਾਹਮਣੇ ਆ ਜਾਵੇਗਾ।

Leave a Reply

Your email address will not be published. Required fields are marked *