ਚੰਡੀਗੜ੍ਹ ਦੀ ਸੁਖਨਾ ਝੀਲ 2 ਦਿਨਾਂ ਲਈ ਬੰਦ ! ਏਅਰ ਸ਼ੋਅ ਦੇ ਚੱਲਦਿਆਂ ਪ੍ਰਸ਼ਾਸਨ ਨੇ ਲਿਆ ਫ਼ੈਸਲਾ

ਚੰਡੀਗੜ੍ਹ ਦੀ ਮਸ਼ਹੂਰ ਸੁਖਨਾ ਝੀਲ ਨੂੰ ਅੱਜ 26 ਮਾਰਚ ਤੋਂ ਜਨਤਾ ਲਈ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਗਿਆ ਹੈ। ਪ੍ਰਸ਼ਾਸਨ ਵੱਲੋਂ ਇਹ ਫੈਸਲਾ 27 ਅਤੇ 28 ਮਾਰਚ ਨੂੰ ਹੋਣ ਵਾਲੇ ਏਅਰ ਸ਼ੋਅ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ। ਇਸ ਬਾਰੇ ਡੀਸੀ ਨਿਸ਼ਾਂਤ ਯਾਦਵ ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੱਤੀ।

ਪ੍ਰਸ਼ਾਸਨ ਅਨੁਸਾਰ, ਸੁਖਨਾ ਝੀਲ ‘ਤੇ ਏਅਰ ਸ਼ੋਅ ਦੀ ਫੁੱਲ ਡਰੈੱਸ ਰਿਹਰਸਲ 27 ਮਾਰਚ ਨੂੰ ਹੋਵੇਗੀ, ਜਦਕਿ 28 ਮਾਰਚ ਨੂੰ ਦੁਪਹਿਰ 1:30 ਵਜੇ ਝੀਲ ਮੁੜ ਜਨਤਾ ਲਈ ਖੋਲ੍ਹ ਦਿੱਤੀ ਜਾਵੇਗੀ। ਦੋਵਾਂ ਦਿਨਾਂ ਵਿੱਚ ਲਗਭਗ 10,000 ਲੋਕਾਂ ਨੂੰ ਹੀ ਸ਼ਾਮਲ ਹੋਣ ਦੀ ਇਜਾਜ਼ਤ ਹੋਵੇਗੀ।

ਏਅਰ ਸ਼ੋਅ ਵਿੱਚ ਸਿਰਫ਼ ਉਹੀ ਲੋਕ ਸ਼ਾਮਲ ਹੋ ਸਕਣਗੇ ਜਿਨ੍ਹਾਂ ਕੋਲ ਪਹਿਲਾਂ ਤੋਂ ਬੁਕਿੰਗ ਅਤੇ QR ਕੋਡ ਵਾਲਾ ਪਾਸ ਹੋਵੇਗਾ। ਟਿਕਟ ਦੀ ਕੀਮਤ ₹100 ਰੱਖੀ ਗਈ ਹੈ ਅਤੇ ਬੁਕਿੰਗ ਚੰਡੀਗੜ੍ਹ ਟੂਰਿਜ਼ਮ ਐਪ ਰਾਹੀਂ ਕੀਤੀ ਜਾ ਰਹੀ ਹੈ।

ਸੁਰੱਖਿਆ ਦੇ ਮੱਦੇਨਜ਼ਰ, ਸੁਖਨਾ ਝੀਲ ਦੇ ਨੇੜੇ ਨਿੱਜੀ ਵਾਹਨਾਂ ‘ਤੇ ਪਾਬੰਦੀ ਰਹੇਗੀ। ਲੋਕਾਂ ਨੂੰ ਨਿਰਧਾਰਤ ਪਿਕਅੱਪ ਪੁਆਇੰਟਾਂ ਤੋਂ ਸ਼ਟਲ ਬੱਸਾਂ ਰਾਹੀਂ ਲਿਆਂਦਾ ਜਾਵੇਗਾ। ਬੱਸ ਸੇਵਾ ਸਵੇਰੇ 8 ਤੋਂ 9 ਵਜੇ ਤੱਕ ਚੱਲੇਗੀ।

ਸ਼ੋਅ ਦੌਰਾਨ ਪੀਣ ਵਾਲੇ ਪਾਣੀ, ਟਾਇਲਟ, ਐਂਬੂਲੈਂਸ, ਫਾਇਰ ਟੈਂਡਰ ਅਤੇ ਸਿਵਲ ਡਿਫੈਂਸ ਵਲੰਟੀਅਰਾਂ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ। ਨਾਲ ਹੀ, ਗੰਦਗੀ ਰੋਕਣ ਲਈ ਵੱਖ-ਵੱਖ ਟੀਮਾਂ ਵੀ ਤਾਇਨਾਤ ਕੀਤੀਆਂ ਗਈਆਂ ਹਨ।

ਇਸ ਵਾਰ ਏਅਰ ਸ਼ੋਅ ਵਿੱਚ ਸੂਰਿਆ ਕਿਰਨ ਐਰੋਬੈਟਿਕ ਟੀਮ ਆਪਣਾ ਪ੍ਰਦਰਸ਼ਨ ਕਰੇਗੀ, ਜਿਸ ਵਿੱਚ ਨੌਂ ਲਾਲ-ਚਿੱਟੇ ਜਹਾਜ਼ ਅਸਮਾਨ ਵਿੱਚ ਕਰਤੱਬ ਦਿਖਾਉਣਗੇ। ਇਹ ਪ੍ਰਦਰਸ਼ਨ ਲਗਭਗ 30 ਤੋਂ 45 ਮਿੰਟ ਤੱਕ ਚੱਲੇਗਾ।

Leave a Reply

Your email address will not be published. Required fields are marked *