ਕਣਕ ਖਰੀਦ ਦਾ ਸੀਜ਼ਨ 1 ਅਪ੍ਰੈਲ ਤੋਂ ਸ਼ੁਰੂ ਹੋ ਰਿਹਾ ਹੈ। ਖਾਦ ਅਤੇ ਸਪਲਾਈ ਵਿਭਾਗ ਇਸ ਵਾਰ ਹੋਰ ਸੂਬਿਆਂ ਤੋਂ ਆਉਣ ਵਾਲੀ ਕਣਕ ਨੂੰ ਰੋਕਣ ਲਈ ਸਰਹੱਦਾਂ ‘ਤੇ ਖਾਸ ਨਿਗਰਾਨੀ ਰੱਖੇਗਾ।
ਵਿਭਾਗ ਦੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਜ਼ਿਲ੍ਹਾ ਖਾਦ ਸਪਲਾਈ ਕੰਟਰੋਲਰਾਂ ਨੂੰ ਹੁਕਮ ਦਿੱਤੇ ਹਨ ਕਿ ਸੂਬੇ ਦੀਆਂ ਮੰਡੀਆਂ ਵਿੱਚ ਬਾਹਰੀ ਸੂਬਿਆਂ ਤੋਂ ਆਉਣ ਵਾਲੀ ਕਣਕ ਦੀ ਵਿਕਰੀ ‘ਤੇ ਕੜੀ ਨਜ਼ਰ ਰੱਖੀ ਜਾਵੇ।
ਉਨ੍ਹਾਂ ਕਿਹਾ ਕਿ ਵਿਭਾਗ ਕਣਕ ਦੀ ਖਰੀਦ ਲਈ ਪੂਰੀ ਤਰ੍ਹਾਂ ਤਿਆਰ ਹੈ। ਅੰਦਾਜ਼ਾ ਹੈ ਕਿ ਇਸ ਵਾਰ ਮੰਡੀਆਂ ਵਿੱਚ 122 ਲੱਖ ਟਨ ਕਣਕ ਆ ਸਕਦੀ ਹੈ। ਇਸ ਲਈ ਵਿਭਾਗ ਵੱਲੋਂ 1987 ਖਰੀਦ ਕੇਂਦਰ ਨੋਟੀਫਾਈ ਕੀਤੇ ਗਏ ਹਨ।
ਦੱਸਣਯੋਗ ਹੈ ਕਿ ਆਰਬੀਆਈ ਵੱਲੋਂ ਅਪ੍ਰੈਲ ਮਹੀਨੇ ਲਈ 20,973 ਕਰੋੜ ਰੁਪਏ ਦੀ ਸੀਸੀਐਲ ਜਾਰੀ ਕੀਤੀ ਗਈ ਹੈ। ਦੂਜੇ ਸੂਬਿਆਂ ਤੋਂ ਅਨਾਜ ਲਿਆ ਕੇ ਪੰਜਾਬ ਵਿੱਚ ਐਮਐਸਪੀ ‘ਤੇ ਵੇਚਣ ਦੇ ਮਾਮਲੇ ਬਾਰੇ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ ਕਿ ਆਮ ਤੌਰ ‘ਤੇ ਕਣਕ ਦੇ ਸੀਜ਼ਨ ਦੌਰਾਨ ਅਜਿਹਾ ਘੱਟ ਹੀ ਵੇਖਣ ਨੂੰ ਮਿਲਦਾ ਹੈ। ਮੁੱਖ ਸਮੱਸਿਆ ਧਾਨ ਦੇ ਸੀਜ਼ਨ ਦੌਰਾਨ ਆਉਂਦੀ ਹੈ।
