ਸੰਤ ਸੀਚੇਵਾਲ ਦੀ CM ਮਾਨ ਨਾਲ ਮੁਲਾਕਾਤ, ਧੁੱਸੀ ਬੰਨ੍ਹ ਮਜ਼ਬੂਤੀ ਅਤੇ 117 ਕਰੋੜ ਦੀ ਸੜਕ ‘ਤੇ ਚਰਚਾ

ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ‘ਤੇ ਹੋਈ ਮੀਟਿੰਗ ਦੌਰਾਨ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਗਿੱਦੜਪਿੰਡੀ ਤੋਂ ਫਿਲੌਰ ਤੱਕ 89 ਕਿਲੋਮੀਟਰ ਲੰਬੀ ਅਤੇ 18 ਫੁੱਟ ਚੌੜੀ ਕੰਕਰੀਟ ਸੜਕ ਬਣਾਉਣ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਸੜਕ ਬਣਨ ਨਾਲ ਧੁੱਸੀ ਬੰਨ੍ਹ ਹੋਰ ਮਜ਼ਬੂਤ ਹੋਵੇਗਾ ਅਤੇ ਹੜ੍ਹਾਂ ਤੋਂ ਲੋਕਾਂ ਦੀ ਸੁਰੱਖਿਆ ਹੋ ਸਕੇਗੀ।

ਸੰਤ ਸੀਚੇਵਾਲ ਨੇ ਦੱਸਿਆ ਕਿ ਇਸ ਸੜਕ ਸਬੰਧੀ ਪਹਿਲੀ ਮੀਟਿੰਗ 12 ਜੂਨ 2023 ਨੂੰ ਤਤਕਾਲੀ ਕੈਬਨਿਟ ਮੰਤਰੀ ਮੀਤ ਹੇਅਰ ਦੀ ਅਗਵਾਈ ਹੇਠ ਹੋਈ ਸੀ। ਪੰਜਾਬ ਰਾਜ ਮੰਡੀ ਬੋਰਡ ਨੇ ਆਪਣੀ ਰਿਪੋਰਟ ਵਿੱਚ ਇਸ ਪ੍ਰੋਜੈਕਟ ਦੀ ਲਾਗਤ ਕਰੀਬ 117 ਕਰੋੜ ਰੁਪਏ ਦੱਸੀ ਹੈ।

ਉਨ੍ਹਾਂ ਮੁੱਖ ਮੰਤਰੀ ਨੂੰ ਦੱਸਿਆ ਕਿ ਇਹ ਸੜਕ ਨਾਬਾਰਡ ਦੀ ਮਦਦ ਨਾਲ ਬਣਾਈ ਜਾਣੀ ਹੈ ਅਤੇ ਮਾਨਸੂਨ ਤੋਂ ਪਹਿਲਾਂ ਇਸ ਦਾ ਕੰਮ ਸ਼ੁਰੂ ਕਰਨਾ ਬਹੁਤ ਜ਼ਰੂਰੀ ਹੈ, ਤਾਂ ਜੋ ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਰਾਹਤ ਮਿਲ ਸਕੇ।

ਮੀਟਿੰਗ ਦੌਰਾਨ ਸੰਤ ਸੀਚੇਵਾਲ ਨੇ ਮੰਡਲਾ ਛੰਨਾ ਖੇਤਰ ਵਿੱਚ ਚੱਲ ਰਹੇ ਕੰਮ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਧੁੱਸੀ ਬੰਨ੍ਹ ਦੇ 2200 ਫੁੱਟ ਲੰਬੇ ਕਮਜ਼ੋਰ ਹਿੱਸੇ ਨੂੰ ਪੱਥਰਾਂ ਨਾਲ ਮਜ਼ਬੂਤ ਕੀਤਾ ਜਾ ਰਿਹਾ ਹੈ। ਇਸ ਥਾਂ ‘ਤੇ ਪਹਿਲਾਂ ਸਤਲੁਜ ਦਰਿਆ ਵਿੱਚ ਚਾਰ ਘਰ ਵਹਿ ਗਏ ਸਨ। ਇੱਥੇ 13 ਸਟੱਡ ਅਤੇ 2 ਸਪਰ ਬਣਾਏ ਜਾ ਰਹੇ ਹਨ ਅਤੇ ਟੀਚਾ ਹੈ ਕਿ ਮਾਨਸੂਨ ਤੋਂ ਪਹਿਲਾਂ ਇਹ ਕੰਮ ਪੂਰਾ ਕਰ ਲਿਆ ਜਾਵੇ।

ਸੰਤ ਸੀਚੇਵਾਲ ਨੇ ਮੁੱਖ ਮੰਤਰੀ ਨਾਲ ਬੁੱਢਾ ਦਰਿਆ ਦੇ ਪ੍ਰਦੂਸ਼ਣ ਦਾ ਮਸਲਾ ਵੀ ਚੁੱਕਿਆ। ਉਨ੍ਹਾਂ ਕਿਹਾ ਕਿ CM ਮਾਨ ਬੁੱਢਾ ਦਰਿਆ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਵਚਨਬੱਧ ਹਨ। ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਉਹ ਅਪ੍ਰੈਲ ਦੇ ਅਖੀਰ ਵਿੱਚ ਬੁੱਢਾ ਦਰਿਆ ਦੀ ਸਫਾਈ ਦੇ ਚੱਲ ਰਹੇ ਕੰਮ ਦਾ ਦੌਰਾ ਕਰਨਗੇ।

ਇਸ ਮੌਕੇ ਸੰਤ ਸੀਚੇਵਾਲ ਨੇ ਬੁੱਢਾ ਦਰਿਆ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਤਿਆਰ ਕੀਤਾ ਪ੍ਰਸਤਾਵ ਅਤੇ ਨਕਸ਼ਾ ਵੀ ਮੁੱਖ ਮੰਤਰੀ ਨਾਲ ਸਾਂਝਾ ਕੀਤਾ।

 

Leave a Reply

Your email address will not be published. Required fields are marked *