4 ਸਾਲ ਪੂਰੇ, CM ਮਾਨ ਨੇ ਪੇਸ਼ ਕੀਤਾ ਸਰਕਾਰ ਦਾ ਰਿਪੋਰਟ ਕਾਰਡ, ਪੰਜਾਬ ਦੇ 90% ਘਰਾਂ ਦੇ ਬਿਜਲੀ ਬਿੱਲ ਜ਼ੀਰੋ

CM ਭਗਵੰਤ ਮਾਨ ਨੇ ‘ਆਪ’ ਸਰਕਾਰ ਦੇ ਚਾਰ ਸਾਲ ਪੂਰੇ ਹੋਣ ਮੌਕੇ ਸੀਐੱਮ ਰਿਹਾਇਸ਼ ਵਿਖੇ ਪ੍ਰੈੱਸ ਕਾਨਫਰੰਸ ਕਰਕੇ ਸਰਕਾਰ ਦਾ ਰਿਪੋਰਟ ਕਾਰਡ ਪੇਸ਼ ਕੀਤਾ। ਉਨ੍ਹਾਂ ਨਾਲ ਕੈਬਿਨੇਟ ਮੰਤਰੀ ਸੰਜੀਵ ਅਰੋੜਾ ਵੀ ਮੌਜੂਦ ਸਨ।

CM ਮਾਨ ਨੇ ਕਿਹਾ ਕਿ 1 ਜੂਨ 2022 ਤੋਂ ਪੰਜਾਬ ਦੇ ਲੋਕਾਂ ਨੂੰ ਹਰ ਮਹੀਨੇ 300 ਯੂਨਿਟ ਮੁਫ਼ਤ ਬਿਜਲੀ ਦਿੱਤੀ ਜਾ ਰਹੀ ਹੈ ਅਤੇ ਇਸ ਦਾ ਨਤੀਜਾ ਇਹ ਹੈ ਕਿ ਅੱਜ ਕਰੀਬ 90 ਫੀਸਦੀ ਘਰਾਂ ਦੇ ਬਿਜਲੀ ਬਿੱਲ ਜ਼ੀਰੋ ਆ ਰਹੇ ਹਨ। ਉਨ੍ਹਾਂ ਦੱਸਿਆ ਕਿ 2022 ਤੋਂ ਪਹਿਲਾਂ ਦੇ ਬਕਾਏ ਅਤੇ ਜੁਰਮਾਨੇ ਵੀ ਮਾਫ਼ ਕੀਤੇ ਗਏ, ਜਿਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ।

ਉਨ੍ਹਾਂ ਦੱਸਿਆ ਕਿ ਬਿਜਲੀ ਬੋਰਡ ਵਿੱਚ 8014 ਨਵੀਆਂ ਭਰਤੀਆਂ ਕੀਤੀਆਂ ਗਈਆਂ ਹਨ, ਜਦਕਿ 1579 ਨਿਯੁਕਤੀਆਂ ਤਰਸ ਦੇ ਆਧਾਰ ‘ਤੇ ਹੋਈਆਂ। ਇਸ ਤੋਂ ਇਲਾਵਾ PSPCL ਅਤੇ PSTCL ਵਿੱਚ ਹੋਰ 1750 ਤੋਂ ਵੱਧ ਅਸਾਮੀਆਂ ਲਈ ਭਰਤੀ ਪ੍ਰਕਿਰਿਆ ਜਾਰੀ ਹੈ।

ਬਿਜਲੀ ਉਤਪਾਦਨ ਬਾਰੇ CM ਮਾਨ ਨੇ ਕਿਹਾ ਕਿ ਪੰਜਾਬ ਦੇ ਥਰਮਲ ਪਲਾਂਟਾਂ ਕੋਲ ਕੋਲੇ ਦੀ ਕੋਈ ਘਾਟ ਨਹੀਂ। ਰੂਪਨਗਰ, ਲਹਿਰਾ ਮੁਹੱਬਤ ਅਤੇ ਗੋਇੰਦਵਾਲ ਸਾਹਿਬ ਥਰਮਲ ਪਲਾਂਟਾਂ ਵਿੱਚ ਇੱਕ ਮਹੀਨੇ ਤੋਂ ਵੱਧ ਦਾ ਕੋਲੇ ਦਾ ਸਟਾਕ ਮੌਜੂਦ ਹੈ। ਉਨ੍ਹਾਂ ਕਿਹਾ ਕਿ ਪੰਜਾਬ ਇਸ ਵੇਲੇ 2720 ਮੈਗਾਵਾਟ ਬਿਜਲੀ ਸੋਲਰ ਊਰਜਾ ਤੋਂ ਪੈਦਾ ਕਰ ਰਿਹਾ ਹੈ।

ਮੁੱਖ ਮੰਤਰੀ ਨੇ ਇਹ ਵੀ ਦੱਸਿਆ ਕਿ ਗੋਇੰਦਵਾਲ ਸਾਹਿਬ ਦਾ 540 ਮੈਗਾਵਾਟ ਵਾਲਾ GVK ਥਰਮਲ ਪਲਾਂਟ 1080 ਕਰੋੜ ਰੁਪਏ ਵਿੱਚ ਖਰੀਦਿਆ ਗਿਆ ਹੈ। ਉਨ੍ਹਾਂ ਦੇ ਮੁਤਾਬਕ ਇਹ ਦੁਨੀਆ ਦਾ ਸਭ ਤੋਂ ਸਸਤਾ ਸੌਦਾ ਹੈ ਅਤੇ ਹੁਣ ਇਸ ਪਲਾਂਟ ਦਾ ਨਾਮ ਸ੍ਰੀ ਗੁਰੂ ਅਮਰਦਾਸ ਜੀ ਦੇ ਨਾਮ ‘ਤੇ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਪਲਾਂਟ ਦੀ ਉਮਰ ਹਾਲੇ 25 ਤੋਂ 30 ਸਾਲ ਹੋਰ ਹੈ।

ਚੰਡੀਗੜ੍ਹ ਵਿੱਚ ਭਾਜਪਾ ਦਫਤਰ ਦੇ ਬਾਹਰ ਹੋਏ ਧਮਾਕੇ ਬਾਰੇ CM ਮਾਨ ਨੇ ਕਿਹਾ ਕਿ ਦੋਸ਼ੀ ਗ੍ਰਿਫ਼ਤਾਰ ਹੋ ਚੁੱਕੇ ਹਨ, ਪਰ ਪੰਜਾਬ ਪੁਲਿਸ ਦੀ ਕਾਰਵਾਈ ਦੀ ਕਿਸੇ ਨੇ ਸ਼ਲਾਘਾ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਕਿਸੇ ਵੀ ਘਟਨਾ ਤੋਂ ਪਹਿਲਾਂ ਹੀ ਉਨ੍ਹਾਂ ‘ਤੇ ਦੋਸ਼ ਲਗਾ ਦਿੱਤੇ ਜਾਂਦੇ ਹਨ।

ਬੇਮੌਸਮੀ ਮੀਂਹ ਅਤੇ ਗੜ੍ਹੇਮਾਰੀ ਨਾਲ ਨੁਕਸਾਨੀਆਂ ਫਸਲਾਂ ਬਾਰੇ CM ਮਾਨ ਨੇ ਕਿਹਾ ਕਿ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ ਅਤੇ ਗਿਰਦਾਵਰੀ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।

ਸਕੂਲਾਂ ਅਤੇ ਅਦਾਲਤਾਂ ਨੂੰ ਮਿਲੀਆਂ ਧਮਕੀ ਭਰੀਆਂ ਈਮੇਲਾਂ ਬਾਰੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਗ੍ਰਹਿ ਮੰਤਰਾਲੇ ਨਾਲ ਮਿਲ ਕੇ ਜਾਂਚ ਕਰ ਰਹੀ ਹੈ ਅਤੇ ਈਮੇਲ ਭੇਜਣ ਵਾਲਿਆਂ ਦੀ ਪਛਾਣ ਕੀਤੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਮਾਮਲੇ ਵਿੱਚ ਕੋਈ ਵੀ ਢਿੱਲ ਨਹੀਂ ਬਰਤੀ ਜਾਵੇਗੀ।

Leave a Reply

Your email address will not be published. Required fields are marked *