ਵਿਸਾਖੀ ਮੌਕੇ ਸਿੱਖ ਸ਼ਰਧਾਲੂ ਪਾਕਿਸਤਾਨ ਲਈ ਰਵਾਨਾ, ਇਤਿਹਾਸਕ ਗੁਰੂਧਾਮਾਂ ਦੇ ਕਰਨਗੇ ਦਰਸ਼ਨ

ਵਿਸਾਖੀ ਦੇ ਪਵਿੱਤਰ ਮੌਕੇ ‘ਤੇ ਦੇਸ਼ ਭਰ ਤੋਂ ਲਗਭਗ 2840 ਸਿੱਖ ਸ਼ਰਧਾਲੂ ਅਟਾਰੀ-ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਲਈ ਰਵਾਨਾ ਹੋਏ ਹਨ। ਇਹ ਜਥਾ 10 ਦਿਨਾਂ ਦੇ ਵੀਜ਼ੇ ‘ਤੇ ਪਾਕਿਸਤਾਨ ਜਾ ਰਿਹਾ ਹੈ, ਜਿੱਥੇ ਸ਼ਰਧਾਲੂ ਵਿਸਾਖੀ ਮਨਾਉਣ ਦੇ ਨਾਲ-ਨਾਲ ਨਨਕਾਣਾ ਸਾਹਿਬ, ਪੰਜਾ ਸਾਹਿਬ ਅਤੇ ਹੋਰ ਪਵਿੱਤਰ ਗੁਰਧਾਮਾਂ ਦੇ ਦਰਸ਼ਨ ਕਰਨਗੇ।

ਇਸ ਯਾਤਰਾ ਵਿੱਚ ਸਭ ਤੋਂ ਵੱਡਾ ਜਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਜਿਆ ਗਿਆ ਹੈ। SGPC ਨੇ 1795 ਵੀਜ਼ਾ ਅਰਜ਼ੀਆਂ ਭੇਜੀਆਂ ਸਨ, ਜਿਨ੍ਹਾਂ ਵਿੱਚੋਂ 1763 ਸ਼ਰਧਾਲੂਆਂ ਨੂੰ ਵੀਜ਼ਾ ਮਿਲਿਆ। ਜਥੇ ਦੀ ਅਗਵਾਈ SGPC ਮੈਂਬਰ ਸੁਰਜੀਤ ਸਿੰਘ ਤੁਗਲਵਾਲ ਕਰ ਰਹੇ ਹਨ। ਹਾਲਾਂਕਿ 32 ਸ਼ਰਧਾਲੂਆਂ ਦੀਆਂ ਵੀਜ਼ਾ ਅਰਜ਼ੀਆਂ ਰੱਦ ਹੋ ਗਈਆਂ।

ਇਸ ਤੋਂ ਇਲਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 409 ਅਤੇ ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਦੇ 255 ਸ਼ਰਧਾਲੂਆਂ ਨੂੰ ਵੀਜ਼ਾ ਜਾਰੀ ਹੋਇਆ। ਇਸ ਤਰ੍ਹਾਂ ਕੁੱਲ 2840 ਸਿੱਖ ਸ਼ਰਧਾਲੂ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨ ਲਈ ਜਾ ਰਹੇ ਹਨ।

ਸ਼ਰਧਾਲੂ 19 ਅਪ੍ਰੈਲ ਨੂੰ ਵਾਪਸ ਭਾਰਤ ਪਰਤਣਗੇ। ਰਵਾਨਗੀ ਦੌਰਾਨ ਸ਼ਰਧਾਲੂਆਂ ਵਿੱਚ ਖਾਸ ਉਤਸ਼ਾਹ ਦੇਖਣ ਨੂੰ ਮਿਲਿਆ। ਉਨ੍ਹਾਂ ਨੇ ਕਿਹਾ ਕਿ ਵਿਸਾਖੀ ਮੌਕੇ ਗੁਰਧਾਮਾਂ ਦੇ ਦਰਸ਼ਨ ਕਰਨਾ ਉਹਨਾਂ ਲਈ ਬੜੀ ਖੁਸ਼ਕਿਸਮਤੀ ਦੀ ਗੱਲ ਹੈ।

ਇਸ ਮੌਕੇ ਸ਼ਰਧਾਲੂਆਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਹੋਰ ਵੱਧ ਤੋਂ ਵੱਧ ਸ਼ਰਧਾਲੂਆਂ ਨੂੰ ਵੀਜ਼ਾ ਜਾਰੀ ਕੀਤਾ ਜਾਵੇ ਤਾਂ ਜੋ ਕੋਈ ਵੀ ਸਿੱਖ ਆਪਣੇ ਧਾਰਮਿਕ ਅਸਥਾਨਾਂ ਦੇ ਦਰਸ਼ਨ ਤੋਂ ਵੰਚਿਤ ਨਾ ਰਹੇ। ਨਾਲ ਹੀ ਉਨ੍ਹਾਂ ਨੇ ਕਰਤਾਰਪੁਰ ਸਾਹਿਬ ਦਾ ਰਸਤਾ ਹਰ ਵੇਲੇ ਖੁੱਲ੍ਹਾ ਰੱਖਣ ਅਤੇ ਪਾਕਿਸਤਾਨ ਵੱਲੋਂ ਲਗਾਈ ਗਈ 20 ਡਾਲਰ ਦੀ ਫੀਸ ਖਤਮ ਕਰਨ ਦੀ ਮੰਗ ਵੀ ਕੀਤੀ।

Leave a Reply

Your email address will not be published. Required fields are marked *