ਪੰਜਾਬ ਸਰਕਾਰ ਦੇ ਪੁਰਸੋਨਲ ਵਿਭਾਗ ਵੱਲੋਂ ਰਾਜ ਦੇ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਤਬਾਦਲਿਆਂ ਸਬੰਧੀ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਸਾਲ 2026 ਲਈ ਆਮ ਤਬਾਦਲੇ 15 ਅਪ੍ਰੈਲ ਤੋਂ 30 ਮਈ ਤੱਕ ਕੀਤੇ ਜਾਣਗੇ। 10 ਅਪ੍ਰੈਲ 2026 ਨੂੰ ਜਾਰੀ ਕੀਤੇ ਗਏ ਪੱਤਰ ਵਿੱਚ ਪੁਰਸੋਨਲ ਵਿਭਾਗ ਨੇ ਸਾਰੇ ਪ੍ਰਸ਼ਾਸਕੀ ਸਕੱਤਰਾਂ, ਵਿਭਾਗ ਮੁਖੀਆਂ, ਡਿਵੀਜ਼ਨਲ ਕਮਿਸ਼ਨਰਾਂ ਅਤੇ ਜ਼ਿਲ੍ਹਾ ਡਿਪਟੀ ਕਮਿਸ਼ਨਰਾਂ ਨੂੰ ਹੁਕਮ ਦਿੱਤੇ ਹਨ ਕਿ ਉਹ ਨਿਰਧਾਰਿਤ ਸਮਾਂਸੀਮਾ ਅਤੇ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ।
30 ਮਈ ਤੋਂ ਬਾਅਦ ਟ੍ਰਾਂਸਫਰ ‘ਤੇ ਰੋਕ
ਸਰਕਾਰ ਨੇ ਸਪਸ਼ਟ ਕੀਤਾ ਹੈ ਕਿ 30 ਮਈ 2026 ਤੋਂ ਬਾਅਦ ਆਮ ਤਬਾਦਲਿਆਂ ‘ਤੇ ਪੂਰੀ ਪਾਬੰਦੀ ਰਹੇਗੀ। ਇਸ ਤੋਂ ਬਾਅਦ ਜੇ ਕਿਸੇ ਅਧਿਕਾਰੀ ਜਾਂ ਕਰਮਚਾਰੀ ਦਾ ਤਬਾਦਲਾ ਕੀਤਾ ਜਾਂਦਾ ਹੈ, ਤਾਂ ਉਹ ਸਿਰਫ 23 ਅਪ੍ਰੈਲ 2018 ਨੂੰ ਜਾਰੀ ਕੀਤੀ ਗਈ ਤਬਾਦਲਾ ਨੀਤੀ ਦੇ ਪ੍ਰਾਵਧਾਨਾਂ ਅਨੁਸਾਰ ਹੀ ਸੰਭਵ ਹੋਵੇਗਾ। ਸਰਕਾਰ ਦਾ ਮੰਨਣਾ ਹੈ ਕਿ ਇਸ ਕਦਮ ਨਾਲ ਪ੍ਰਸ਼ਾਸਕੀ ਕਾਰਜ ਪ੍ਰਣਾਲੀ ਵਿੱਚ ਪਾਰਦਰਸ਼ਤਾ ਆਵੇਗੀ, ਮਨੁੱਖੀ ਸਰੋਤ ਪ੍ਰਬੰਧਨ ਵਿੱਚ ਸੁਧਾਰ ਹੋਵੇਗਾ ਅਤੇ ਰਾਜ ਵਿੱਚ ਸੁਸ਼ਾਸਨ ਨੂੰ ਮਜ਼ਬੂਤੀ ਮਿਲੇਗੀ।
