ਭਾਰਤ ਦੀ ਪਾਕਿਸਤਾਨ ‘ਤੇ ਸ਼ਾਨਦਾਰ ਜਿੱਤ, ਮਹਿਲਾ ਟੀ-20 ਵਿਸ਼ਵ ਕੱਪ ਦੀ ਕੀਤੀ ਧਮਾਕੇਦਾਰ ਸ਼ੁਰੂਆਤ

ਮਹਿਲਾ ਟੀ-20 ਵਿਸ਼ਵ ਕੱਪ 2026 ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਆਪਣੇ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕਰਦਿਆਂ ਪਾਕਿਸਤਾਨ ਨੂੰ 64 ਦੌੜਾਂ ਨਾਲ ਹਰਾ ਦਿੱਤਾ। ਬਰਮਿੰਘਮ ਵਿੱਚ ਖੇਡੇ ਗਏ ਗਰੁੱਪ-1 ਦੇ ਇਸ ਮੁਕਾਬਲੇ ਵਿੱਚ ਭਾਰਤ ਦੀ ਜਿੱਤ ਦੀ ਹੀਰੋ ਸਮ੍ਰਿਤੀ ਮੰਥਾਨਾ ਅਤੇ ਦੀਪਤੀ ਸ਼ਰਮਾ ਰਹੀਆਂ। ਮੰਥਾਨਾ ਨੇ ਬੱਲੇ ਨਾਲ ਕਮਾਲ ਦਿਖਾਇਆ, ਜਦਕਿ ਦੀਪਤੀ ਨੇ ਗੇਂਦ ਨਾਲ ਪਾਕਿਸਤਾਨੀ ਬੱਲੇਬਾਜ਼ਾਂ ਨੂੰ ਪੂਰੀ ਤਰ੍ਹਾਂ ਬੇਅਸਰ ਕਰ ਦਿੱਤਾ।

ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਹਮਲਾਵਰ ਰਹੀ। ਸ਼ੇਫਾਲੀ ਵਰਮਾ ਨੇ ਪਹਿਲੀ ਹੀ ਗੇਂਦ ‘ਤੇ ਛੱਕਾ ਜੜ੍ਹ ਕੇ ਇਰਾਦੇ ਸਾਫ ਕਰ ਦਿੱਤੇ, ਪਰ ਉਹ 6 ਦੌੜਾਂ ਬਣਾ ਕੇ ਆਊਟ ਹੋ ਗਈ। ਇਸ ਤੋਂ ਬਾਅਦ ਜੇਮਿਮਾ ਰੋਡ੍ਰਿਗਸ ਵੀ ਸਿਰਫ਼ ਇੱਕ ਦੌੜ ਬਣਾ ਕੇ ਪਵੇਲੀਅਨ ਪਰਤ ਗਈ ਅਤੇ ਭਾਰਤ ਨੇ 18 ਦੌੜਾਂ ‘ਤੇ ਦੋ ਮਹੱਤਵਪੂਰਨ ਵਿਕਟਾਂ ਗਵਾ ਦਿੱਤੀਆਂ।

ਮੁਸ਼ਕਿਲ ਵੇਲੇ ਸਮ੍ਰਿਤੀ ਮੰਥਾਨਾ ਅਤੇ ਕਪਤਾਨ ਹਰਮਨਪ੍ਰੀਤ ਕੌਰ ਨੇ ਪਾਰੀ ਨੂੰ ਸੰਭਾਲਿਆ। ਦੋਵਾਂ ਨੇ ਤੀਜੇ ਵਿਕਟ ਲਈ 91 ਦੌੜਾਂ ਦੀ ਅਹਿਮ ਸਾਂਝੇਦਾਰੀ ਕੀਤੀ। ਮੰਥਾਨਾ ਨੇ 44 ਗੇਂਦਾਂ ‘ਤੇ 68 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ, ਜਿਸ ਵਿੱਚ 9 ਚੌਕੇ ਅਤੇ 2 ਛੱਕੇ ਸ਼ਾਮਲ ਸਨ। ਹਰਮਨਪ੍ਰੀਤ ਨੇ ਵੀ ਸੰਭਲ ਕੇ ਬੱਲੇਬਾਜ਼ੀ ਕਰਦਿਆਂ ਟੀਮ ਨੂੰ ਮਜ਼ਬੂਤ ਸਥਿਤੀ ਵਿੱਚ ਪਹੁੰਚਾਇਆ।

ਆਖਰੀ ਓਵਰਾਂ ਵਿੱਚ ਰਿਚਾ ਘੋਸ਼ ਨੇ ਤੇਜ਼ ਤਰਾਰ ਬੱਲੇਬਾਜ਼ੀ ਕਰਦਿਆਂ ਸਿਰਫ਼ 17 ਗੇਂਦਾਂ ‘ਤੇ 34 ਦੌੜਾਂ ਬਣਾਈਆਂ। ਉਨ੍ਹਾਂ ਦੀ ਪਾਰੀ ਵਿੱਚ 5 ਚੌਕੇ ਅਤੇ ਇੱਕ ਛੱਕਾ ਸ਼ਾਮਲ ਰਿਹਾ। ਦੀਪਤੀ ਸ਼ਰਮਾ ਨੇ ਵੀ ਨਾਬਾਦ 12 ਦੌੜਾਂ ਦਾ ਯੋਗਦਾਨ ਦਿੱਤਾ, ਜਿਸ ਦੀ ਬਦੌਲਤ ਭਾਰਤ ਨੇ 20 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ ‘ਤੇ 170 ਦੌੜਾਂ ਦਾ ਮਜ਼ਬੂਤ ਸਕੋਰ ਖੜ੍ਹਾ ਕੀਤਾ।

171 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਪਾਕਿਸਤਾਨੀ ਟੀਮ ਦੀ ਸ਼ੁਰੂਆਤ ਬੇਹੱਦ ਨਿਰਾਸ਼ਾਜਨਕ ਰਹੀ। ਭਾਰਤੀ ਗੇਂਦਬਾਜ਼ਾਂ ਨੇ ਸ਼ੁਰੂ ਤੋਂ ਹੀ ਦਬਾਅ ਬਣਾਇਆ ਰੱਖਿਆ ਅਤੇ ਲਗਾਤਾਰ ਵਿਕਟਾਂ ਹਾਸਲ ਕਰਦੀਆਂ ਰਹੀਆਂ। ਪਾਕਿਸਤਾਨ ਵੱਲੋਂ ਮੁਨੀਬਾ ਅਲੀ ਨੇ ਕੁਝ ਸੰਘਰਸ਼ ਜ਼ਰੂਰ ਕੀਤਾ ਅਤੇ 41 ਦੌੜਾਂ ਬਣਾਈਆਂ, ਪਰ ਉਨ੍ਹਾਂ ਨੂੰ ਦੂਜੇ ਪਾਸੇ ਤੋਂ ਕੋਈ ਵੱਡਾ ਸਾਥ ਨਹੀਂ ਮਿਲਿਆ।

ਭਾਰਤ ਦੀ ਗੇਂਦਬਾਜ਼ੀ ਦਾ ਸਿਤਾਰਾ ਦੀਪਤੀ ਸ਼ਰਮਾ ਰਹੀ, ਜਿਨ੍ਹਾਂ ਨੇ ਆਪਣੇ ਕਰੀਅਰ ਦੀਆਂ ਸਭ ਤੋਂ ਵਧੀਆ ਗੇਂਦਬਾਜ਼ੀਆਂ ਵਿੱਚੋਂ ਇੱਕ ਕਰਦਿਆਂ 4 ਓਵਰਾਂ ਵਿੱਚ ਸਿਰਫ਼ 10 ਦੌੜਾਂ ਦੇ ਕੇ 5 ਵਿਕਟਾਂ ਹਾਸਲ ਕੀਤੀਆਂ। ਉਨ੍ਹਾਂ ਦੇ ਨਾਲ ਸ਼੍ਰੀ ਚਰਣੀ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 4 ਓਵਰਾਂ ਵਿੱਚ 21 ਦੌੜਾਂ ਦੇ ਕੇ 3 ਵਿਕਟਾਂ ਆਪਣੇ ਨਾਂ ਕੀਤੀਆਂ। ਸ਼ੇਫਾਲੀ ਵਰਮਾ ਨੂੰ ਵੀ ਇੱਕ ਸਫਲਤਾ ਮਿਲੀ।

ਭਾਰਤੀ ਗੇਂਦਬਾਜ਼ਾਂ ਦੇ ਸਾਹਮਣੇ ਪਾਕਿਸਤਾਨੀ ਟੀਮ ਪੂਰੇ 20 ਓਵਰ ਵੀ ਨਹੀਂ ਖੇਡ ਸਕੀ ਅਤੇ 17 ਓਵਰਾਂ ਵਿੱਚ 106 ਦੌੜਾਂ ‘ਤੇ ਆਲਆਊਟ ਹੋ ਗਈ। ਇਸ ਤਰ੍ਹਾਂ ਭਾਰਤ ਨੇ ਆਪਣੇ ਪਹਿਲੇ ਹੀ ਮੈਚ ਵਿੱਚ 64 ਦੌੜਾਂ ਦੀ ਵੱਡੀ ਜਿੱਤ ਦਰਜ ਕਰਕੇ ਟੂਰਨਾਮੈਂਟ ਵਿੱਚ ਜ਼ੋਰਦਾਰ ਸ਼ੁਰੂਆਤ ਕੀਤੀ।

Leave a Reply

Your email address will not be published. Required fields are marked *