ਕੇਂਦਰੀ ਟੀਮ ਅੱਜ ਆਵੇਗੀ ਪੰਜਾਬ, ਬੇਮੌਸਮੀ ਬਾਰਿਸ਼ ਨਾਲ ਪ੍ਰਭਾਵਿਤ ਜ਼ਿਲ੍ਹਿਆਂ ਦਾ ਕਰਨਗੇ ਦੌਰਾ

ਪੰਜਾਬ ਵਿੱਚ ਹਾਲ ਹੀ ਵਿੱਚ ਹੋਈ ਬੇਮੌਸਮੀ ਬਾਰਿਸ਼ ਅਤੇ ਗੜੇਮਾਰੀ ਨੇ ਕਿਸਾਨਾਂ ਦੀਆਂ ਫਸਲਾਂ ਨੂੰ ਵੱਡਾ ਝਟਕਾ ਦਿੱਤਾ ਹੈ। ਨੁਕਸਾਨ ਦੀ ਗੰਭੀਰਤਾ ਨੂੰ ਦੇਖਦਿਆਂ ਕੇਂਦਰ ਸਰਕਾਰ ਦੀ ਨੌਂ ਮੈਂਬਰੀ ਟੀਮ ਅੱਜ ਪੰਜਾਬ ਦਾ ਦੌਰਾ ਕਰ ਰਹੀ ਹੈ।

ਇਸ ਟੀਮ ਦੀ ਅਗਵਾਈ ਕੇਂਦਰੀ ਖਪਤਕਾਰ ਮਾਮਲੇ ਅਤੇ ਖੁਰਾਕ ਮੰਤਰਾਲੇ ਦੇ ਡਿਪਟੀ ਡਾਇਰੈਕਟਰ ਪੀ.ਕੇ. ਸਿੰਘ ਕਰ ਰਹੇ ਹਨ। ਟੀਮ ਵਿੱਚ ਭਾਰਤੀ ਖੁਰਾਕ ਨਿਗਮ (FCI) ਅਤੇ ਰਾਜ ਸਰਕਾਰ ਦੇ ਅਧਿਕਾਰੀ ਵੀ ਸ਼ਾਮਲ ਹਨ, ਜੋ ਮੈਦਾਨੀ ਹਾਲਾਤਾਂ ਦਾ ਜਾਇਜ਼ਾ ਲੈਣਗੇ ਅਤੇ ਕਣਕ ਦੇ ਨਮੂਨੇ ਇਕੱਠੇ ਕਰਨਗੇ।

ਮਿਲੀ ਜਾਣਕਾਰੀ ਅਨੁਸਾਰ, ਰਾਜ ਵਿੱਚ ਲਗਭਗ 1.30 ਲੱਖ ਏਕੜ ਖੜ੍ਹੀਆਂ ਫਸਲਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ, ਜਦਕਿ ਲੱਖਾਂ ਏਕੜ ਵਿੱਚ ਫਸਲ ਦੀ ਗੁਣਵੱਤਾ ‘ਤੇ ਵੀ ਅਸਰ ਪਿਆ ਹੈ। ਮੰਡੀਆਂ ਵਿੱਚ ਪਹੁੰਚ ਰਹੀ ਕਣਕ ਦੀ ਨਮੀ 12% ਦੀ ਥਾਂ 15% ਤੱਕ ਦਰਜ ਕੀਤੀ ਜਾ ਰਹੀ ਹੈ ਅਤੇ ਕਰੀਬ 60% ਤੱਕ ਚਮਕ ਵਿੱਚ ਕਮੀ ਦੇ ਮਾਮਲੇ ਸਾਹਮਣੇ ਆ ਰਹੇ ਹਨ।

ਇਸ ਦਰਮਿਆਨ, ਪੰਜਾਬ ਸਰਕਾਰ ਨੇ ਕੇਂਦਰ ਤੋਂ ਖਰੀਦ ਨਿਯਮਾਂ ਵਿੱਚ ਢਿੱਲ ਦੇਣ ਦੀ ਮੰਗ ਕੀਤੀ ਹੈ, ਤਾਂ ਜੋ ਕਿਸਾਨਾਂ ਦੀ ਕਣਕ ₹2,585 ਪ੍ਰਤੀ ਕੁਇੰਟਲ ਦੇ MSP ‘ਤੇ ਹੀ ਖਰੀਦੀ ਜਾ ਸਕੇ। ਇਸ ਮਾਮਲੇ ‘ਚ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਵਿੱਚ ਕੇਂਦਰੀ ਖੁਰਾਕ ਮੰਤਰੀ ਪ੍ਰਹਿਲਾਦ ਜੋਸ਼ੀ ਨਾਲ ਮੁਲਾਕਾਤ ਕਰਕੇ ਆਪਣੀ ਮੰਗ ਰੱਖੀ ਹੈ।

ਦੱਸਣਯੋਗ ਹੈ ਕਿ ਕੇਂਦਰ ਪਹਿਲਾਂ ਹੀ ਰਾਜਸਥਾਨ ਲਈ ਇਸ ਤਰ੍ਹਾਂ ਦੀ ਛੂਟ ਮਨਜ਼ੂਰ ਕਰ ਚੁੱਕਾ ਹੈ, ਜਿੱਥੇ ਬੇਮੌਸਮੀ ਬਾਰਿਸ਼ ਨਾਲ ਵੱਡੇ ਪੱਧਰ ‘ਤੇ ਨੁਕਸਾਨ ਹੋਇਆ ਸੀ। ਕੇਂਦਰ ਸਰਕਾਰ ਨੇ 2026-27 ਹਾੜੀ ਸੀਜ਼ਨ ਲਈ ਮਾਪਦੰਡਾਂ ਵਿੱਚ ਢਿੱਲ ਦਿੰਦਿਆਂ 50% ਤੱਕ ਚਮਕ ਘਟਣ ਅਤੇ 15% ਤੱਕ ਟੁੱਟੇ ਦਾਣਿਆਂ ਵਾਲੀ ਕਣਕ ਨੂੰ ਵੀ MSP ‘ਤੇ ਖਰੀਦਣ ਦੀ ਇਜਾਜ਼ਤ ਦਿੱਤੀ ਹੈ।

ਹੁਣ ਸਭ ਦੀਆਂ ਨਿਗਾਹਾਂ ਕੇਂਦਰੀ ਟੀਮ ਦੀ ਰਿਪੋਰਟ ‘ਤੇ ਟਿਕੀਆਂ ਹਨ, ਜਿਸ ਤੋਂ ਬਾਅਦ ਪੰਜਾਬ ਲਈ ਵੀ ਵੱਡਾ ਫੈਸਲਾ ਆ ਸਕਦਾ ਹੈ।

Leave a Reply

Your email address will not be published. Required fields are marked *