ਲਗਭਗ 40 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਤਲਵੰਡੀ ਸਾਬੋ ਨੂੰ ਇੱਕ ਨਵਾਂ ਅਤੇ ਆਧੁਨਿਕ ਪ੍ਰਸ਼ਾਸਨਿਕ ਕੰਪਲੈਕਸ ਮਿਲ ਗਿਆ ਹੈ। ਐਤਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਪ੍ਰੋਜੈਕਟ ਦਾ ਉਦਘਾਟਨ ਕੀਤਾ। ਕਰੀਬ 6 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਇਹ ਇਮਾਰਤ ਇਲਾਕੇ ਦੇ ਲੋਕਾਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਨੂੰ ਪੂਰਾ ਕਰਦੀ ਹੈ।
ਇਹ ਤਿੰਨ ਮੰਜ਼ਿਲਾ ਕੰਪਲੈਕਸ ਆਧੁਨਿਕ ਸਹੂਲਤਾਂ ਨਾਲ ਲੈਸ ਹੈ ਅਤੇ ਇਸ ਵਿੱਚ ਕੁੱਲ 28 ਕਮਰੇ ਬਣਾਏ ਗਏ ਹਨ। ਇੱਥੇ ਐਸ.ਡੀ.ਐਮ., ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਦੇ ਦਫ਼ਤਰ ਸਥਾਪਿਤ ਕੀਤੇ ਗਏ ਹਨ। ਨਾਲ ਹੀ, ਤਿੰਨਾਂ ਅਧਿਕਾਰੀਆਂ ਲਈ ਵੱਖ-ਵੱਖ ਕੋਰਟ ਰੂਮ ਵੀ ਬਣਾਏ ਗਏ ਹਨ, ਜਿੱਥੇ ਲੋਕਾਂ ਦੇ ਛੋਟੇ-ਮੋਟੇ ਮਾਮਲਿਆਂ ਦਾ ਨਿਪਟਾਰਾ ਕੀਤਾ ਜਾਵੇਗਾ।
ਇਸ ਕੰਪਲੈਕਸ ਦੀ ਖਾਸ ਗੱਲ ਇਹ ਹੈ ਕਿ ਲੋਕਾਂ ਨੂੰ ਹੁਣ ਇੱਕੋ ਛੱਤ ਹੇਠ ਪ੍ਰਸ਼ਾਸਨਿਕ ਅਤੇ ਨਿਆਂਇਕ ਸੇਵਾਵਾਂ ਮਿਲਣਗੀਆਂ। ਇੱਥੇ ਫਰਦ ਕੇਂਦਰ ਅਤੇ ਰਜਿਸਟਰੀ ਸਹਾਇਤਾ ਕੇਂਦਰ ਵੀ ਬਣਾਇਆ ਗਿਆ ਹੈ, ਜਿੱਥੇ ਸਿਰਫ਼ 550 ਰੁਪਏ ਵਿੱਚ ਰਜਿਸਟਰੀ ਲਿਖਵਾਉਣ ਦੀ ਸਹੂਲਤ ਉਪਲਬਧ ਹੈ। ਇਸ ਤੋਂ ਇਲਾਵਾ ਆਧੁਨਿਕ ਰਿਕਾਰਡ ਰੂਮ, ਲਿਫਟ ਅਤੇ ਕੈਂਟੀਨ ਵਰਗੀਆਂ ਸੁਵਿਧਾਵਾਂ ਵੀ ਮੁਹੱਈਆ ਕਰਵਾਈਆਂ ਗਈਆਂ ਹਨ।
ਜ਼ਿਕਰਯੋਗ ਹੈ ਕਿ ਪੁਰਾਣੀ ਇਮਾਰਤ 1986 ਵਿੱਚ ਬਣੀ ਸੀ, ਜੋ ਹੁਣ ਕਾਫ਼ੀ ਜਰਜਰ ਹਾਲਤ ਵਿੱਚ ਸੀ। ਨਵਾਂ ਕੰਪਲੈਕਸ ਇਸ ਦੀ ਥਾਂ ਇੱਕ ਵੱਡੀ ਰਾਹਤ ਵਜੋਂ ਸਾਹਮਣੇ ਆਇਆ ਹੈ।
ਉਦਘਾਟਨ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਰਕਾਰ ਦਾ ਟੀਚਾ ਲੋਕਾਂ ਨੂੰ ਸਾਰੀਆਂ ਸਰਕਾਰੀ ਸੇਵਾਵਾਂ ਇੱਕੋ ਥਾਂ ‘ਤੇ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਵਿਰੋਧੀ ਧਿਰ ‘ਤੇ ਤੰਜ਼ ਕੱਸਦਿਆਂ ਕਿਹਾ ਕਿ ਹੁਣ ਨਵੀਆਂ ਇਮਾਰਤਾਂ ਦੇ ਸਵਾਲ ਦਾ ਜਵਾਬ ਇਹ ਕੰਪਲੈਕਸ ਖੁਦ ਦੇਵੇਗਾ।
ਮੁੱਖ ਮੰਤਰੀ ਨੇ ਦੱਸਿਆ ਕਿ ਸੂਬੇ ਵਿੱਚ ਵਿਕਾਸ ਕਾਰਜ ਤੇਜ਼ੀ ਨਾਲ ਚੱਲ ਰਹੇ ਹਨ। ਸਿੱਖਿਆ ਅਤੇ ਸਿਹਤ ਖੇਤਰ ਵਿੱਚ ਵੀ ਵੱਡੇ ਉਪਰਾਲੇ ਕੀਤੇ ਗਏ ਹਨ ਅਤੇ ਹੁਣ ਤੱਕ 990 ਆਮ ਆਦਮੀ ਕਲੀਨਿਕ ਖੋਲ੍ਹੇ ਜਾ ਚੁੱਕੇ ਹਨ, ਜਿੱਥੇ ਕਰੋੜਾਂ ਲੋਕ ਇਲਾਜ ਕਰਵਾ ਚੁੱਕੇ ਹਨ।
ਉਨ੍ਹਾਂ ਭਰੋਸਾ ਦਿੱਤਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਲੋਕਾਂ ਨੂੰ ਹੋਰ ਵਧੀਆ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਤਲਵੰਡੀ ਸਾਬੋ ਦਾ ਇਹ ਨਵਾਂ ਪ੍ਰਸ਼ਾਸਨਿਕ ਕੰਪਲੈਕਸ ਇਲਾਕੇ ਦੇ ਵਿਕਾਸ ਲਈ ਇੱਕ ਵੱਡਾ ਮੀਲ ਪੱਥਰ ਸਾਬਿਤ ਹੋਵੇਗਾ।
