ਮੋਹਾਲੀ ਦੇ ਟ੍ਰਾਈਸਿਟੀ ਦਾ ਪ੍ਰਮੁੱਖ ਸ਼ਾਪਿੰਗ ਅਤੇ ਐਂਟਰਟੇਨਮੈਂਟ ਸੈਂਟਰ VR ਪੰਜਾਬ ਮਾਲ ਨੂੰ 20 ਅਪ੍ਰੈਲ ਤੋਂ ਅਣਨਿਰਧਾਰਤ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ। ਪ੍ਰਬੰਧਨ ਦੇ ਇਸ ਅਚਾਨਕ ਫੈਸਲੇ ਨਾਲ ਮਾਲ ਵਿੱਚ ਚੱਲ ਰਹੇ 100 ਤੋਂ ਵੱਧ ਮਲਟੀਨੇਸ਼ਨਲ ਰਿਟੇਲ ਸਟੋਰ ਬੰਦ ਹੋਣ ਦੇ ਕਗਾਰ ‘ਤੇ ਪਹੁੰਚ ਗਏ ਹਨ।
ਮਾਲ ਪ੍ਰਬੰਧਨ ਵੱਲੋਂ ਜਾਰੀ ਹੁਕਮਾਂ ਤੋਂ ਬਾਅਦ ਸਾਰੇ ਦੁਕਾਨਦਾਰਾਂ ਅਤੇ ਬ੍ਰਾਂਡਾਂ ਨੂੰ ਤੁਰੰਤ ਆਪਣੇ-ਆਪਣੇ ਆਉਟਲੈਟ ਬੰਦ ਕਰਨ ਲਈ ਕਿਹਾ ਗਿਆ, ਜਿਸ ਨਾਲ ਮਾਲ ਵਿੱਚ ਇਕਦਮ ਸਨਾਟਾ ਛਾ ਗਿਆ। ਇਸ ਕਾਰਨ ਹਜ਼ਾਰਾਂ ਕਰਮਚਾਰੀਆਂ ਅਤੇ ਸਟਾਫ ‘ਤੇ ਨੌਕਰੀ ਜਾਣ ਦਾ ਖ਼ਤਰਾ ਮੰਡਰਾ ਰਿਹਾ ਹੈ। ਵਪਾਰੀਆਂ ਨੇ ਵੀ ਇਸ ਫੈਸਲੇ ‘ਤੇ ਨਾਰਾਜ਼ਗੀ ਜਤਾਈ ਹੈ।
ਮਾਲ ਪ੍ਰਬੰਧਨ ਦੇ ਅਧਿਕਾਰਕ ਨੋਟਿਸ ਅਨੁਸਾਰ 3 ਅਪ੍ਰੈਲ ਨੂੰ ਉੱਤਰੀ ਭਾਰਤ ਵਿੱਚ ਆਏ ਭੂਚਾਲ ਕਾਰਨ ਇਮਾਰਤ ਨੂੰ ਨੁਕਸਾਨ ਪਹੁੰਚਿਆ ਹੈ, ਜਿਸ ਨਾਲ ਇਸਦੀ ਢਾਂਚਾਗਤ ਮਜ਼ਬੂਤੀ ‘ਤੇ ਗੰਭੀਰ ਸਵਾਲ ਖੜ੍ਹੇ ਹੋਏ ਹਨ। ਇਸਦੇ ਚਲਦੇ ਲੋਕਾਂ ਅਤੇ ਕਰਮਚਾਰੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਮਾਲ ਨੂੰ ਤੁਰੰਤ ਬੰਦ ਕਰਕੇ ਪੂਰੀ ਤਰ੍ਹਾਂ ਸੀਲ ਕਰਨ ਦਾ ਫੈਸਲਾ ਲਿਆ ਗਿਆ ਹੈ। ਅਗਲੀ ਸੁਚਨਾ ਤੱਕ ਮਾਲ ਵਿੱਚ ਦਾਖ਼ਲਾ ਪੂਰੀ ਤਰ੍ਹਾਂ ਮਨਾਹੀ ਹੈ।
ਮਾਲ ਵਿੱਚ ਚੱਲ ਰਹੇ ਪ੍ਰਮੁੱਖ ਬ੍ਰਾਂਡਾਂ ਵਿੱਚ H&M, ਰਿਲਾਇੰਸ ਟ੍ਰੈਂਡਸ, ਕਰੋਮਾ, ਸਟਾਰਬਕਸ, KFC, ਬਰਗਰ ਕਿੰਗ, ਲੈਂਸਕਾਰਟ, GAP, ਕੋਸਟਾ ਕਾਫੀ ਅਤੇ ਹਲਦੀਰਾਮ ਵਰਗੇ ਨਾਮ ਸ਼ਾਮਲ ਹਨ। ਇਸ ਤੋਂ ਇਲਾਵਾ ਲਾਈਫਸਟਾਈਲ, ਮੈਕਸ, ਜਾਕੀ, ਸੈਂਟਰੋ, ਰਿਲਾਇੰਸ ਸਮਾਰਟ ਬਜ਼ਾਰ, ਗੋ ਕਲਰਜ਼, ਕੈਫੇ ਕਾਫੀ ਡੇ, ਟੈਕੋ ਬੈਲ, ਸਕੈਚਰਜ਼, ਸਪਿੰਨੀ ਅਤੇ ਪਾਇਰੇਟਸ ਆਫ ਗ੍ਰਿਲ ਵਰਗੇ ਕਈ ਹੋਰ ਆਉਟਲੈਟ ਵੀ ਇੱਥੇ ਚੱਲ ਰਹੇ ਸਨ। ਮਾਲ ਵਿੱਚ 9 ਸਕਰੀਨਾਂ ਵਾਲਾ PVR ਸਿਨੇਮਾ ਵੀ ਮੌਜੂਦ ਸੀ।
ਲਗਭਗ 22 ਏਕੜ ਵਿੱਚ ਫੈਲਿਆ ਅਤੇ 10 ਲੱਖ ਵਰਗ ਫੁੱਟ ਤੋਂ ਵੱਧ ਖੇਤਰ ਵਿੱਚ ਬਣਿਆ ਇਹ ਮਾਲ ਇੱਕ ਸਮੇਂ ਟ੍ਰਾਈਸਿਟੀ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਰੌਣਕ ਭਰਿਆ ਮਾਲ ਮੰਨਿਆ ਜਾਂਦਾ ਸੀ। ਇੱਥੇ ਕਦੇ 250 ਦੇ ਕਰੀਬ ਆਉਟਲੈਟ ਚੱਲਦੇ ਸਨ ਅਤੇ ਇਹ ਐਲਾਂਤੇ ਮਾਲ ਨੂੰ ਵੀ ਕੜੀ ਟੱਕਰ ਦਿੰਦਾ ਸੀ। ਹਫ਼ਤੇ ਦੇ ਅੰਤ ਅਤੇ ਤਿਉਹਾਰਾਂ ਦੌਰਾਨ ਇੱਥੇ ਭਾਰੀ ਭੀੜ ਹੁੰਦੀ ਸੀ ਅਤੇ ਇਹ ਨੌਜਵਾਨਾਂ ਦਾ ਮਨਪਸੰਦ ਹੈਂਗਆਉਟ ਸਥਾਨ ਸੀ।
ਪਰ ਪਿਛਲੇ ਕੁਝ ਸਾਲਾਂ ਵਿੱਚ ਮਾਲ ਦੀ ਰੌਣਕ ਘੱਟਦੀ ਗਈ। ਮਾਲ ਦੇ ਸਾਹਮਣੇ ਫਲਾਈਓਵਰ ਬਣਨ ਨਾਲ ਆਵਾਜਾਈ ਪ੍ਰਭਾਵਿਤ ਹੋਈ ਅਤੇ ਵਿਜ਼ਿਟਰਾਂ ਦੀ ਗਿਣਤੀ ਘਟ ਗਈ। ਨਾਲ ਹੀ ਮਾਰਕੀਟਿੰਗ ਅਤੇ ਮੈਨਟੇਨੈਂਸ ‘ਤੇ ਘੱਟ ਧਿਆਨ ਦੇ ਕਾਰਨ ਕਈ ਵੱਡੇ ਬ੍ਰਾਂਡ ਇੱਥੋਂ ਚਲੇ ਗਏ।
ਇਸਦੇ ਨਾਲ ਹੀ ਇਹ ਵੀ ਚਰਚਾ ਹੈ ਕਿ ਭਵਿੱਖ ਵਿੱਚ ਇਸ ਮਾਲ ਨੂੰ ਕਿਸੇ ਵੱਡੇ ਹਸਪਤਾਲ ਗਰੁੱਪ ਨੂੰ ਦੇਣ ਦੀ ਯੋਜਨਾ ਬਣਾਈ ਜਾ ਰਹੀ ਹੈ। ਹਾਲਾਂਕਿ ਇਸ ਸਬੰਧੀ ਮਾਲ ਪ੍ਰਬੰਧਨ ਵੱਲੋਂ ਕੋਈ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਗਈ ਹੈ।
