
ਪੱਛਮੀ ਏਸ਼ੀਆ ਵਿੱਚ ਬਣੇ ਤਣਾਅਪੂਰਨ ਹਾਲਾਤਾਂ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ਵਾਸੀਆਂ ਨੂੰ ਇੰਧਨ ਦੀ ਬਚਤ ਅਤੇ ਆਰਥਿਕ ਸੰਭਾਲ ਲਈ “ਕੋਵਿਡ ਸਮੇਂ ਵਰਗੀਆਂ ਸਾਵਧਾਨੀਆਂ” ਅਪਣਾਉਣ ਦੀ ਅਪੀਲ ਕੀਤੀ ਹੈ। ਹੈਦਰਾਬਾਦ ਵਿੱਚ ਇੱਕ ਸਮਾਗਮ ਦੌਰਾਨ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਲੋਕਾਂ ਨੂੰ ਕਾਰਪੂਲਿੰਗ, ਵਰਕ ਫ੍ਰੋਮ ਹੋਮ ਅਤੇ ਵਰਚੁਅਲ ਮੀਟਿੰਗਾਂ ਵੱਲ ਵਧਣ ਲਈ ਕਿਹਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆ ਭਰ ਵਿੱਚ ਚੱਲ ਰਹੇ ਟਕਰਾਅ ਅਤੇ ਸਪਲਾਈ ਚੇਨ ਵਿੱਚ ਆ ਰਹੀਆਂ ਰੁਕਾਵਟਾਂ ਕਾਰਨ ਮਹਿੰਗਾਈ ਅਤੇ ਆਰਥਿਕ ਦਬਾਅ ਵਧ ਰਿਹਾ ਹੈ। ਉਨ੍ਹਾਂ ਮੁਤਾਬਕ ਦੇਸ਼ ਦੇ ਹਰ ਨਾਗਰਿਕ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇੰਧਨ ਦੀ ਖਪਤ ਘਟਾ ਕੇ ਅਤੇ ਸਾਧਨਾਂ ਦੀ ਸਮਝਦਾਰੀ ਨਾਲ ਵਰਤੋਂ ਕਰਕੇ ਦੇਸ਼ ਦੀ ਮਦਦ ਕਰੇ।
ਉਨ੍ਹਾਂ ਨੇ ਲੋਕਾਂ ਨੂੰ ਜਿੱਥੇ ਸੰਭਵ ਹੋਵੇ ਮੈਟਰੋ ਅਤੇ ਜਨਤਕ ਆਵਾਜਾਈ ਦੀ ਵਰਤੋਂ ਕਰਨ ਲਈ ਕਿਹਾ। ਜੇ ਨਿੱਜੀ ਵਾਹਨਾਂ ਦੀ ਲੋੜ ਪਵੇ ਤਾਂ ਕਾਰਪੂਲਿੰਗ ਨੂੰ ਤਰਜੀਹ ਦੇਣ ਦੀ ਗੱਲ ਵੀ ਕੀਤੀ ਗਈ। ਇਸ ਤੋਂ ਇਲਾਵਾ ਰੇਲ ਮਾਰਗ ਰਾਹੀਂ ਮਾਲ ਦੀ ਆਵਾਜਾਈ ਵਧਾਉਣ ਅਤੇ ਇਲੈਕਟ੍ਰਿਕ ਵਾਹਨਾਂ ਦੀ ਵਰਤੋਂ ਨੂੰ ਪ੍ਰੋਤਸਾਹਿਤ ਕਰਨ ਦੀ ਵੀ ਅਪੀਲ ਕੀਤੀ ਗਈ।
ਨਰਿੰਦਰ ਮੋਦੀ ਨੇ ਕਿਹਾ ਕਿ ਕੋਵਿਡ ਦੌਰਾਨ ਅਪਣਾਏ ਗਏ ਕਈ ਤਰੀਕੇ ਅੱਜ ਵੀ ਦੇਸ਼ ਦੇ ਹਿਤ ਵਿੱਚ ਲਾਭਦਾਇਕ ਸਾਬਤ ਹੋ ਸਕਦੇ ਹਨ। ਉਨ੍ਹਾਂ ਮੁਤਾਬਕ ਵਰਕ ਫ੍ਰੋਮ ਹੋਮ, ਆਨਲਾਈਨ ਕਾਨਫਰੰਸਾਂ ਅਤੇ ਵਰਚੁਅਲ ਮੀਟਿੰਗਾਂ ਰਾਹੀਂ ਇੰਧਨ ਦੀ ਖਪਤ ਵਿੱਚ ਕਮੀ ਲਿਆਈ ਜਾ ਸਕਦੀ ਹੈ, ਜਿਸ ਨਾਲ ਆਰਥਿਕ ਦਬਾਅ ਘਟਾਉਣ ਵਿੱਚ ਮਦਦ ਮਿਲੇਗੀ।
ਪ੍ਰਧਾਨ ਮੰਤਰੀ ਨੇ ਵਿਦੇਸ਼ ਯਾਤਰਾਵਾਂ ਤੋਂ ਵੀ ਬਚਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਕਿਹਾ ਕਿ ਗੈਰ-ਜ਼ਰੂਰੀ ਵਿਦੇਸ਼ ਦੌਰੇ, ਵਿਦੇਸ਼ੀ ਛੁੱਟੀਆਂ ਅਤੇ ਵਿਦੇਸ਼ਾਂ ਵਿੱਚ ਹੋਣ ਵਾਲੇ ਸਮਾਗਮਾਂ ਨੂੰ ਘਟਾਇਆ ਜਾਣਾ ਚਾਹੀਦਾ ਹੈ ਤਾਂ ਜੋ ਦੇਸ਼ ਦੇ ਵਿਦੇਸ਼ੀ ਮੁਦਰਾ ਭੰਡਾਰਾਂ ‘ਤੇ ਦਬਾਅ ਨਾ ਵਧੇ। ਉਨ੍ਹਾਂ ਨੇ ਲੋਕਾਂ ਨੂੰ ਦੇਸ਼ ਦੇ ਅੰਦਰ ਹੀ ਸੈਰ-ਸਪਾਟੇ ਅਤੇ ਸਮਾਗਮਾਂ ਨੂੰ ਤਰਜੀਹ ਦੇਣ ਦੀ ਅਪੀਲ ਕੀਤੀ।
ਇਸ ਦੇ ਨਾਲ ਹੀ ਉਨ੍ਹਾਂ ਨੇ ਇੱਕ ਸਾਲ ਲਈ ਗੈਰ-ਜ਼ਰੂਰੀ ਸੋਨੇ ਦੀ ਖਰੀਦ ਤੋਂ ਬਚਣ ਦੀ ਵੀ ਗੱਲ ਕੀਤੀ। ਪ੍ਰਧਾਨ ਮੰਤਰੀ ਨੇ ਲੋਕਾਂ ਨੂੰ “ਮੇਡ ਇਨ ਇੰਡੀਆ” ਅਤੇ ਸਥਾਨਕ ਤੌਰ ‘ਤੇ ਤਿਆਰ ਕੀਤੇ ਸਮਾਨ ਦੀ ਵਰਤੋਂ ਵਧਾਉਣ ਲਈ ਕਿਹਾ। ਉਨ੍ਹਾਂ ਨੇ ਦਿਨਚਰੀ ਵਿੱਚ ਵਰਤੇ ਜਾਣ ਵਾਲੇ ਜੁੱਤੇ, ਬੈਗ ਅਤੇ ਹੋਰ ਸਾਮਾਨ ਦੇਸ਼ ਵਿੱਚ ਬਣੇ ਉਤਪਾਦਾਂ ਵਿੱਚੋਂ ਖਰੀਦਣ ਦੀ ਅਪੀਲ ਕੀਤੀ।
ਖਾਣ ਵਾਲੇ ਤੇਲ ਦੀ ਖਪਤ ਘਟਾਉਣ ਬਾਰੇ ਵੀ ਪ੍ਰਧਾਨ ਮੰਤਰੀ ਨੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਨਾਲ ਨਾ ਸਿਰਫ਼ ਦੇਸ਼ ਦੀ ਆਰਥਿਕ ਸਿਹਤ ਨੂੰ ਲਾਭ ਹੋਵੇਗਾ, ਸਗੋਂ ਲੋਕਾਂ ਦੀ ਨਿੱਜੀ ਸਿਹਤ ‘ਤੇ ਵੀ ਚੰਗਾ ਪ੍ਰਭਾਵ ਪਵੇਗਾ। ਕਿਸਾਨਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਰਸਾਇਣਕ ਖਾਦਾਂ ਦੀ ਵਰਤੋਂ 50 ਫੀਸਦੀ ਘਟਾਉਣ ਅਤੇ ਕੁਦਰਤੀ ਖੇਤੀ ਵੱਲ ਵਧਣ ਦੀ ਅਪੀਲ ਕੀਤੀ।
ਦੂਜੇ ਪਾਸੇ ਕਾਂਗਰਸ ਨੇ ਪ੍ਰਧਾਨ ਮੰਤਰੀ ਦੇ ਇਸ ਬਿਆਨ ‘ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਕਾਂਗਰਸ ਨੇਤਾ ਕੇ.ਸੀ. ਵੇਣੂਗੋਪਾਲ ਨੇ ਇੰਧਨ ਬਚਤ ਅਤੇ ਰੇਸ਼ਨਿੰਗ ਵਰਗੀਆਂ ਅਪੀਲਾਂ ਨੂੰ “ਲਾਪਰਵਾਹ” ਕਰਾਰ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਚੋਣਾਂ ਅਤੇ ਰਾਜਨੀਤਿਕ ਲਾਭ ਨੂੰ ਤਰਜੀਹ ਦੇਣ ਕਾਰਨ ਦੇਸ਼ ਆਰਥਿਕ ਚੁਣੌਤੀਆਂ ਵੱਲ ਵੱਧ ਰਿਹਾ ਹੈ।
