ਜੇਕਰ ਤੁਸੀਂ ਆਉਣ ਵਾਲੇ ਸਮੇਂ ਵਿੱਚ ਸੋਨਾ ਜਾਂ ਚਾਂਦੀ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਹੁਣ ਤੁਹਾਨੂੰ ਪਹਿਲਾਂ ਨਾਲੋਂ ਵੱਧ ਪੈਸੇ ਖਰਚਣੇ ਪੈ ਸਕਦੇ ਹਨ। ਕੇਂਦਰ ਸਰਕਾਰ ਨੇ ਸੋਨਾ, ਚਾਂਦੀ ਅਤੇ ਹੋਰ ਕੀਮਤੀ ਧਾਤਾਂ ਦੀ ਦਰਾਮਦ ‘ਤੇ ਲੱਗਣ ਵਾਲੀ ਡਿਊਟੀ ਵਿੱਚ ਵੱਡਾ ਵਾਧਾ ਕਰ ਦਿੱਤਾ ਹੈ। ਵਿੱਤ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਨਵੀਆਂ ਦਰਾਂ 13 ਮਈ 2026 ਤੋਂ ਲਾਗੂ ਹੋ ਗਈਆਂ ਹਨ।
ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਦੇਸ਼ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ। ਵਿਦੇਸ਼ਾਂ ਤੋਂ ਸੋਨਾ ਮੰਗਵਾਉਣਾ ਹੁਣ ਮਹਿੰਗਾ ਹੋ ਜਾਵੇਗਾ, ਜਿਸਦਾ ਸਿੱਧਾ ਅਸਰ ਜੁਐਲਰੀ ਬਾਜ਼ਾਰ ਅਤੇ ਖਪਤਕਾਰਾਂ ‘ਤੇ ਪਵੇਗਾ।
ਨਵੀਆਂ ਦਰਾਂ ਅਨੁਸਾਰ ਸੋਨੇ ‘ਤੇ ਕੁੱਲ ਆਯਾਤ ਡਿਊਟੀ 6 ਫੀਸਦੀ ਤੋਂ ਵਧਾ ਕੇ 15 ਫੀਸਦੀ ਕਰ ਦਿੱਤੀ ਗਈ ਹੈ। ਬੇਸਿਕ ਕਸਟਮ ਡਿਊਟੀ (BCD) 5 ਫੀਸਦੀ ਤੋਂ ਵਧਾ ਕੇ 10 ਫੀਸਦੀ ਹੋ ਗਈ ਹੈ, ਜਦਕਿ ਖੇਤੀਬਾੜੀ ਬੁਨਿਆਦੀ ਢਾਂਚਾ ਅਤੇ ਵਿਕਾਸ ਸੈੱਸ (AIDC) 1 ਫੀਸਦੀ ਤੋਂ ਵਧਾ ਕੇ 5 ਫੀਸਦੀ ਕਰ ਦਿੱਤਾ ਗਿਆ ਹੈ। ਯੂਏਈ ਤੋਂ ਤੈਅ ਕੋਟੇ ਅਧੀਨ ਆਉਣ ਵਾਲੇ ਸੋਨੇ ‘ਤੇ ਵੀ ਹੁਣ ਵਧੀ ਹੋਈ ਡਿਊਟੀ ਲਾਗੂ ਹੋਵੇਗੀ।
ਇਸ ਫੈਸਲੇ ਦਾ ਸਭ ਤੋਂ ਵੱਧ ਅਸਰ ਗਹਿਣੇ ਖਰੀਦਣ ਵਾਲਿਆਂ ‘ਤੇ ਪੈ ਸਕਦਾ ਹੈ। ਵਿਆਹਾਂ ਜਾਂ ਨਿਵੇਸ਼ ਲਈ ਸੋਨਾ ਖਰੀਦਣਾ ਹੁਣ ਹੋਰ ਮਹਿੰਗਾ ਹੋਵੇਗਾ। ਜੁਐਲਰਾਂ ਦੀ ਲਾਗਤ ਵਧੇਗੀ ਅਤੇ ਇਸਦਾ ਬੋਝ ਆਖ਼ਿਰਕਾਰ ਗਾਹਕਾਂ ‘ਤੇ ਹੀ ਪਵੇਗਾ।
ਇਸ ਦੇ ਨਾਲ ਹੀ ਨਿਰਮਾਣ, ਇਲੈਕਟ੍ਰਾਨਿਕਸ ਅਤੇ ਰੀਸਾਈਕਲਿੰਗ ਵਰਗੇ ਉਦਯੋਗ ਵੀ ਪ੍ਰਭਾਵਿਤ ਹੋ ਸਕਦੇ ਹਨ, ਕਿਉਂਕਿ ਇਨ੍ਹਾਂ ਖੇਤਰਾਂ ਵਿੱਚ ਕੀਮਤੀ ਧਾਤਾਂ ਦੀ ਵੱਡੀ ਵਰਤੋਂ ਹੁੰਦੀ ਹੈ। ਲਾਗਤ ਵਧਣ ਕਾਰਨ ਕਈ ਉਤਪਾਦ ਮਹਿੰਗੇ ਹੋ ਸਕਦੇ ਹਨ।
ਭਾਰਤ ਵਿੱਚ ਪਿਛਲੇ ਕੁਝ ਸਾਲਾਂ ਦੌਰਾਨ ਸੋਨੇ ਦੀ ਦਰਾਮਦ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਗਿਆ ਹੈ। ਵਿੱਤੀ ਸਾਲ 2025-26 ਵਿੱਚ ਸੋਨੇ ਦੀ ਦਰਾਮਦ 24 ਫੀਸਦੀ ਤੋਂ ਵੱਧ ਵਧ ਕੇ 71.98 ਬਿਲੀਅਨ ਡਾਲਰ ਤੱਕ ਪਹੁੰਚ ਗਈ, ਜਦਕਿ ਪਿਛਲੇ ਸਾਲ ਇਹ ਅੰਕੜਾ 58 ਬਿਲੀਅਨ ਡਾਲਰ ਸੀ। ਹਾਲਾਂਕਿ ਮਾਤਰਾ ਦੇ ਹਿਸਾਬ ਨਾਲ ਦਰਾਮਦ 757 ਟਨ ਤੋਂ ਘਟ ਕੇ 721 ਟਨ ਰਹੀ।
ਭਾਰਤ ਦੁਨੀਆ ਦਾ ਚੀਨ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਸੋਨਾ ਖਪਤਕਾਰ ਹੈ। ਦੇਸ਼ ਸਭ ਤੋਂ ਵੱਧ ਸੋਨਾ ਸਵਿਟਜ਼ਰਲੈਂਡ ਤੋਂ ਮੰਗਵਾਉਂਦਾ ਹੈ, ਜਿਸਦਾ ਹਿੱਸਾ ਕਰੀਬ 40 ਫੀਸਦੀ ਹੈ। ਇਸ ਤੋਂ ਬਾਅਦ ਯੂਏਈ ਅਤੇ ਦੱਖਣੀ ਅਫਰੀਕਾ ਦਾ ਨੰਬਰ ਆਉਂਦਾ ਹੈ।
ਦੱਸਣਯੋਗ ਹੈ ਕਿ ਜੁਲਾਈ 2024 ਦੇ ਬਜਟ ਵਿੱਚ ਸਰਕਾਰ ਨੇ ਲੋਕਾਂ ਨੂੰ ਰਾਹਤ ਦੇਣ ਲਈ ਸੋਨੇ ‘ਤੇ ਡਿਊਟੀ 15 ਫੀਸਦੀ ਤੋਂ ਘਟਾ ਕੇ 6 ਫੀਸਦੀ ਕੀਤੀ ਸੀ। ਪਰ ਹੁਣ ਵਧ ਰਹੀ ਦਰਾਮਦ ਅਤੇ ਵਿਦੇਸ਼ੀ ਮੁਦਰਾ ‘ਤੇ ਦਬਾਅ ਨੂੰ ਦੇਖਦੇ ਹੋਏ ਸਰਕਾਰ ਨੇ ਮੁੜ ਡਿਊਟੀ ਵਧਾਉਣ ਦਾ ਫੈਸਲਾ ਕੀਤਾ ਹੈ।
